ਸੀਬੀਆਈ ਦੇ ਛਾਪੇ.

ਲੁਧਿਆਣਾ ਸਮੇਤ 5 ਥਾਵਾਂ 'ਤੇ ਸੀਬੀਆਈ ਦੀ ਛਾਪੇਮਾਰੀ, ਮਾਮਲਾ ਚੰਡੀਗੜ੍ਹ ਸਮਾਰਟ ਸਿਟੀ ਫੰਡ ਘੁਟਾਲੇ ਦਾ


 ਲੁਧਿਆਣਾ : ਚੰਡੀਗੜ੍ਹ ਸਮਾਰਟ ਸਿਟੀ ਲਿਮਿਟੇਡ  ਅਤੇ ਨਗਰ ਨਿਗਮ ਚੰਡੀਗੜ੍ਹ ਦੇ ਫੰਡਾਂ ਦੀ ਕਥਿਤ ਹੇਰਾਫੇਰੀ ਮਾਮਲੇ ਵਿੱਚ ਸੀਬੀਆਈ ਨੇ  ਲੁਧਿਆਣਾ ਅਤੇ ਚੰਡੀਗੜ੍ਹ ਵਿੱਚ ਇੱਕੋ ਸਮੇਂ ਪੰਜ ਥਾਵਾਂ 'ਤੇ ਛਾਪੇਮਾਰੀ ਕੀਤੀ ਅਤੇ ਕਈ ਅਹਿਮ ਦਸਤਾਵੇਜ਼ ਅਤੇ ਡਿਜੀਟਲ ਸਬੂਤ ਕਬਜ਼ੇ ਵਿੱਚ ਲਏ ਹਨ। ਲੁਧਿਆਣਾ ਵਿੱਚ ਇਹ ਕਾਰਵਾਈ ਜਾਂਚ ਨੂੰ ਅੱਗੇ ਵਧਾਉਣ ਲਈ ਅਹਿਮ ਮੰਨੀ ਜਾ ਰਹੀ ਹੈ।
 ਛਾਪੇਮਾਰੀ ਦੌਰਾਨ ਲੁਧਿਆਣਾ ਅਤੇ ਚੰਡੀਗੜ੍ਹ ਵਿੱਚ ਸ਼ੱਕੀ ਲਾਭਪਾਤਰੀਆਂ ਦੇ ਰਿਹਾਇਸ਼ੀ ਅਤੇ ਕਾਰੋਬਾਰੀ ਟਿਕਾਣਿਆਂ, ਚੰਡੀਗੜ੍ਹ ਸਮਾਰਟ ਸਿਟੀ ਲਿਮਿਟੇਡ  ਦੇ ਅਧਿਕਾਰੀ ਅਨੁਭਵ ਮਿਸ਼ਰਾ ਅਤੇ ਜਾਂਚ ਨਾਲ ਜੁੜੀਆਂ ਕੁਝ ਨਿੱਜੀ ਇਕਾਈਆਂ ਦੇ ਟਿਕਾਣਿਆਂ ਦੀ ਤਲਾਸ਼ੀ ਲਈ ਗਈ।
ਛਾਪਿਆਂ ਦੌਰਾਨ ਜਾਇਦਾਦ ਨਾਲ ਸਬੰਧਤ ਦਸਤਾਵੇਜ਼, ਵਿੱਤੀ ਰਿਕਾਰਡ, ਕਈ ਇਲੈਕਟ੍ਰਾਨਿਕ ਉਪਕਰਨ ਅਤੇ ਜਾਂਚ ਨਾਲ ਜੁੜੇ ਹੋਰ ਅਹਿਮ ਦਸਤਾਵੇਜ਼ ਬਰਾਮਦ ਕਰਕੇ ਸੀਬੀਆਈ ਨੇ ਕਬਜ਼ੇ ਵਿੱਚ ਲਏ ਹਨ ਅਤੇ ਹੁਣ ਇਨ੍ਹਾਂ ਦਸਤਾਵੇਜ਼ਾਂ ਅਤੇ ਡਿਜ਼ੀਟਲ ਸਬੂਤਾਂ ਦੀ ਵਿਸਥਾਰ ਨਾਲ ਜਾਂਚ ਕਰ ਰਹੀ ਹੈ।
ਸੀਬੀਆਈ  ਅਨੁਸਾਰ ਇਹ ਮਾਮਲਾ ਆਈਡੀਐਫਸੀ ਫਸਟ ਬੈਂਕ ਦੀ ਸੈਕਟਰ-32, ਚੰਡੀਗੜ੍ਹ ਸ਼ਾਖਾ ਨਾਲ ਜੁੜੇ ਵੱਡੇ ਬੈਂਕ ਘੁਟਾਲੇ ਦਾ ਹਿੱਸਾ ਹੈ।