ਲੈਂਟਰ ਦਾ ਕੰਮ ਮੁਕੰਮਲ .
*ਭਾਜਪਾ ਆਗੂ ਪਰਮ ਵਾਲੀਆ ਦੇ ਯਤਨਾਂ ਸਦਕਾ ਸਰਕਾਰੀ ਸਕੂਲ ਨੰਬਰ-5 ਦੀ ਇਮਾਰਤ ਦਾ ਲੈਂਟਰ ਕੰਮ ਮੁਕੰਮਲ*
ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਦੀ ਸਿਫ਼ਾਰਸ਼ 'ਤੇ ਕੇਂਦਰੀ ਡੀਐਮਐਫ ਫੰਡ ਤਹਿਤ ਮਨਜ਼ੂਰ ਹੋਏ 19.10 ਲੱਖ ਰੁਪਏ, ਉਸਾਰੀ ਕੰਮ 'ਤੇ ਹੁਣ ਤੱਕ 8 ਲੱਖ ਰੁਪਏ ਤੋਂ ਵੱਧ ਖਰਚ
ਖੰਨਾ, 24 ਜੁਲਾਈ )ਮਨਜੀਤ ਸਿੰਘ ਧੀਮਾਨ )--ਨਵੀਂ ਆਬਾਦੀ ਸਥਿਤ ਸਰਕਾਰੀ ਪ੍ਰਾਇਮਰੀ ਸਕੂਲ ਨੰਬਰ-5 ਵਿੱਚ ਵਾਧੂ ਕਮਰਿਆਂ ਦੀ ਉਸਾਰੀ ਦਾ ਲੈਂਟਰ ਕੰਮ ਮੁਕੰਮਲ ਹੋ ਗਿਆ ਹੈ। ਭਾਜਪਾ ਆਗੂ ਅਤੇ ਸਾਬਕਾ ਵਿਧਾਨ ਸਭਾ ਉਮੀਦਵਾਰ ਪਰਮ ਵਾਲੀਆ ਨੇ ਦੱਸਿਆ ਕਿ ਮਾਰਚ 2025 ਵਿੱਚ ਉਨ੍ਹਾਂ ਨੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੂੰ ਸਕੂਲ ਵਿੱਚ ਕਮਰਿਆਂ ਦੀ ਘਾਟ ਅਤੇ ਅਪਗ੍ਰੇਡੇਸ਼ਨ ਸਬੰਧੀ ਲਿਖਤੀ ਮੰਗ ਪੱਤਰ ਭੇਜਿਆ ਸੀ।
ਉਨ੍ਹਾਂ ਦੱਸਿਆ ਕਿ ਰਾਜਪਾਲ ਦੀ ਸਿਫ਼ਾਰਸ਼ ਉਪਰੰਤ ਰਾਜ ਭਵਨ ਵੱਲੋਂ ਸਿੱਖਿਆ ਵਿਭਾਗ ਨੂੰ ਕੇਂਦਰ ਸਰਕਾਰ ਦੀ ਡੀਐਮਐਫ (District Mineral Foundation) ਸਕੀਮ ਤਹਿਤ ਲੋੜੀਂਦੀ ਕਾਰਵਾਈ ਕਰਨ ਲਈ ਨਿਰਦੇਸ਼ ਜਾਰੀ ਕੀਤੇ ਗਏ। ਇਸ ਤੋਂ ਬਾਅਦ ਸਿੱਖਿਆ ਵਿਭਾਗ ਨੇ ਸਕੂਲ ਵਿੱਚ ਵਾਧੂ ਕਮਰਿਆਂ ਦੀ ਲੋੜ ਨੂੰ ਸਵੀਕਾਰ ਕਰਦੇ ਹੋਏ ਆਪਣੀ ਰਿਪੋਰਟ ਸਰਕਾਰ ਨੂੰ ਭੇਜੀ। ਪਰਮ ਵਾਲੀਆ ਨੇ ਕਿਹਾ ਕਿ ਰਾਜਪਾਲ ਦੇ ਦਖਲ ਅਤੇ ਲਗਾਤਾਰ ਕੀਤੇ ਗਏ ਯਤਨਾਂ ਦੇ ਨਤੀਜੇ ਵਜੋਂ ਸਕੂਲ ਵਿੱਚ ਵਾਧੂ ਕਮਰਿਆਂ ਦੀ ਉਸਾਰੀ ਲਈ 19.10 ਲੱਖ ਰੁਪਏ ਦੀ ਰਕਮ ਮਨਜ਼ੂਰ ਹੋਈ। ਉਸਾਰੀ ਕੰਮ ਸ਼ੁਰੂ ਹੋਣ ਤੋਂ ਬਾਅਦ ਹੁਣ ਤੱਕ 8 ਲੱਖ ਰੁਪਏ ਤੋਂ ਵੱਧ* ਦੀ ਰਕਮ ਖਰਚ ਕੀਤੀ ਜਾ ਚੁੱਕੀ ਹੈ ਅਤੇ ਇਮਾਰਤ ਦਾ ਲੈਂਟਰ ਕੰਮ ਵੀ ਮੁਕੰਮਲ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਸਕੂਲ ਵਿੱਚ 272 ਤੋਂ ਵੱਧ ਵਿਦਿਆਰਥੀ ਸਿੱਖਿਆ ਹਾਸਲ ਕਰ ਰਹੇ ਹਨ। ਨਵੇਂ ਕਮਰਿਆਂ ਦੀ ਉਸਾਰੀ ਨਾਲ ਬੱਚਿਆਂ ਨੂੰ ਵਧੀਆ ਵਿਦਿਅਕ ਸਹੂਲਤਾਂ ਮਿਲਣਗੀਆਂ ਅਤੇ ਸਕੂਲ ਦੇ ਵਿਕਾਸ ਨੂੰ ਨਵੀਂ ਰਫ਼ਤਾਰ ਮਿਲੇਗੀ। ਪਰਮ ਵਾਲੀਆ ਨੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ, ਸਿੱਖਿਆ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਲਾਕੇ ਦੇ ਬੱਚਿਆਂ ਦੀ ਸਿੱਖਿਆ ਨਾਲ ਜੁੜੇ ਮੁੱਦਿਆਂ ਨੂੰ ਅੱਗੇ ਵੀ ਪਹਿਲ ਦੇ ਆਧਾਰ 'ਤੇ ਉਠਾਇਆ ਜਾਂਦਾ ਰਹੇਗਾ।
