ਵਿਧਾਇਕ ਸਿੱਧੂ ਨੇ ਕੀਤਾ ਆਰੀਅਨ ਦਾ ਸਨਮਾਨ.
ਐਮ.ਐਲ.ਏ. ਕੁਲਵੰਤ ਸਿੰਘ ਸਿੱਧੂ ਨੇ NEET ਵਿੱਚ ਦੇਸ਼ ਭਰ 'ਚੋਂ ਪਹਿਲਾ ਰੈਂਕ ਹਾਸਲ ਕਰਨ ਵਾਲੇ ਆਰੀਅਨ ਗੁਪਤਾ ਦਾ ਕੀਤਾ ਸਨਮਾਨ
ਕਿਹਾ— ਲੁਧਿਆਣਾ ਦੇ ਮੁੰਡੇ ਦਾ ਦੇਸ਼ ਭਰ ਵਿੱਚੋਂ ਪਹਿਲੇ ਨੰਬਰ 'ਤੇ ਆਉਣਾ ਪੂਰੇ ਸ਼ਹਿਰ ਲਈ ਮਾਣ ਵਾਲੀ ਗੱਲ
ਲੁਧਿਆਣਾ, 28 ਜੁਲਾਈ (ਰਵੀ ਭਾਟੀਆ) :ਹਲਕਾ ਆਤਮ ਨਗਰ ਦੇ ਵਿਧਾਇਕ ਸ਼੍ਰੀ ਕੁਲਵੰਤ ਸਿੰਘ ਸਿੱਧੂ ਨੇ ਅੱਜ ਆਰੀਅਨ ਗੁਪਤਾ ਦਾ ਉਚੇਚੇ ਤੌਰ 'ਤੇ ਸਨਮਾਨ ਕੀਤਾ, ਜਿਸ ਨੇ ਦੇਸ਼ ਦੀ ਸਭ ਤੋਂ ਵੱਕਾਰੀ ਪ੍ਰੀਖਿਆ NEET (ਨੀਟ) 2026 ਵਿੱਚ ਪੂਰੇ ਭਾਰਤ ਵਿੱਚੋਂ ਪਹਿਲਾ ਰੈਂਕ (AIR 1) ਹਾਸਲ ਕੀਤਾ ਹੈ। ਵਿਧਾਇਕ ਨੇ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਇਹ ਉਨ੍ਹਾਂ ਲਈ ਵਧੇਰੇ ਖੁਸ਼ੀ ਦੀ ਗੱਲ ਹੈ ਕਿਉਂਕਿ ਆਰੀਅਨ ਉਨ੍ਹਾਂ ਦੇ ਆਪਣੇ ਹਲਕੇ ਆਤਮ ਨਗਰ ਦਾ ਰਹਿਣ ਵਾਲਾ ਹੈ।
ਐਮ.ਐਲ.ਏ. ਸਿੱਧੂ ਨੇ ਦੱਸਿਆ ਕਿ ਇਸ ਸਾਲ ਦੇਸ਼ ਭਰ 'ਚੋਂ ਲਗਭਗ 20 ਲੱਖ ਬੱਚਿਆਂ ਨੇ ਨੀਟ ਦੀ ਪ੍ਰੀਖਿਆ ਦਿੱਤੀ ਸੀ, ਜਿਸ ਵਿੱਚੋਂ ਇਕੱਲੇ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਰਿਕਾਰਡ 882 ਵਿਦਿਆਰਥੀਆਂ ਨੇ ਇਹ ਪ੍ਰੀਖਿਆ ਪਾਸ ਕੀਤੀ ਹੈ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸਿੱਖਿਆ ਦੇ ਖੇਤਰ ਵਿੱਚ ਕੀਤੇ ਗਏ ਵੱਡੇ ਸੁਧਾਰਾਂ, ਮੁਫ਼ਤ ਕੋਚਿੰਗ, ਸਹੀ ਮਾਰਗਦਰਸ਼ਨ ਅਤੇ ਚੰਗੀ ਪੜ੍ਹਾਈ ਦੀ ਬਦੌਲਤ ਹੀ ਇਹ ਇਤਿਹਾਸਕ ਪ੍ਰਾਪਤੀ ਸੰਭਵ ਹੋਈ ਹੈ। ਇਸ ਨਾਲ ਸਰਕਾਰੀ ਅਤੇ ਨਿੱਜੀ ਸਕੂਲਾਂ ਦੇ ਬੱਚੇ ਦੇਸ਼ ਭਰ ਵਿੱਚ ਆਪਣਾ ਨਾਂ ਰੋਸ਼ਨ ਕਰ ਰਹੇ ਹਨ, ਜੋ ਕਿ 'ਰੰਗਲਾ ਪੰਜਾਬ' ਬਣਾਉਣ ਵੱਲ ਇੱਕ ਵੱਡਾ ਕਦਮ ਹੈ।
ਵਿਧਾਇਕ ਸਿੱਧੂ ਨੇ ਕਿਹਾ ਕਿ ਆਰੀਅਨ ਗੁਪਤਾ ਅਤੇ ਨੀਟ ਪਾਸ ਕਰਨ ਵਾਲੇ ਪੰਜਾਬ ਦੇ ਬਾਕੀ ਸਾਰੇ ਵਿਦਿਆਰਥੀਆਂ ਨੇ ਦੇਸ਼ ਦੀ ਸਭ ਤੋਂ ਔਖੀ ਪ੍ਰੀਖਿਆ ਵਿੱਚੋਂ ਇੱਕ ਨੂੰ ਪਾਸ ਕਰਕੇ ਸਭ ਦਾ ਸਿਰ ਮਾਣ ਨਾਲ ਉੱਚਾ ਕੀਤਾ ਹੈ।
ਉਨ੍ਹਾਂ ਇਹ ਵੀ ਦੱਸਿਆ ਕਿ ਲੰਘੀ 26 ਜੁਲਾਈ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਨੀਟ ਪਾਸ ਕਰਨ ਵਾਲੇ ਬੱਚਿਆਂ ਨਾਲ ਖਾਸ ਮੁਲਾਕਾਤ ਕੀਤੀ ਸੀ ਅਤੇ ਉਨ੍ਹਾਂ ਲਈ ਇੱਕ ਸਨਮਾਨ ਸਮਾਰੋਹ ਵੀ ਰੱਖਿਆ ਸੀ।
ਉਨ੍ਹਾਂ ਅਖੀਰ ਵਿੱਚ ਕਿਹਾ ਕਿ ਸਾਲ 2022 ਵਿੱਚ ਸਕੂਲੀ ਸਿੱਖਿਆ ਦੇ ਮਾਮਲੇ ਵਿੱਚ ਪੰਜਾਬ ਦੇਸ਼ ਭਰ 'ਚੋਂ 27ਵੇਂ ਨੰਬਰ 'ਤੇ ਸੀ, ਪਰ ਅੱਜ ਇਹ ਸਾਡੇ ਸਾਰਿਆਂ ਲਈ ਬਹੁਤ ਮਾਣ ਦੀ ਗੱਲ ਹੈ ਕਿ ਪੰਜਾਬ ਸਿੱਖਿਆ ਦੇ ਖੇਤਰ ਵਿੱਚ ਦੇਸ਼ ਦਾ ਨੰਬਰ ਵਨ ਰਾਜ ਬਣ ਕੇ ਉੱਭਰਿਆ ਹੈ।
