ਵਿਦਿਆਰਥੀਆਂ ਦਾ ਸਨਮਾਨ .
ਪੰਜਾਬ ਭਵਨ ਸਰੀ (ਕੈਨੇਡਾ) ਵੱਲੋਂ ਏ.ਐਸ.ਸਕੂਲ ਖੰਨਾ ਦੇ ਵਿਦਿਆਰਥੀ ਲੇਖਕਾਂ ਦਾ ਸਨਮਾਨ
- *ਵਿਦਿਆਰਥੀਆਂ ਦਾ ਸਾਹਿਤ ਨਾਲ ਜੁੜਨਾ ਸਮੇਂ ਦੀ ਪ੍ਰਮੁੱਖ ਲੋੜ-ਪ੍ਰਿੰਸੀ.ਇੰਦਰਜੀਤ ਸਿੰਘ*
ਖੰਨਾ, 29 ਜੁਲਾਈ (ਮਨਜੀਤ ਸਿੰਘ ਧੀਮਾਨ )--ਖੰਨਾ ਸ਼ਹਿਰ ਦੀ ਪ੍ਰਮੁੱਖ ਵਿਦਿਅਕ ਸੰਸਥਾ ਏ.ਐਸ.ਸੀਨੀਅਰ ਸੈਕੈਂਡਰੀ ਸਕੂਲ ਖੰਨਾ ਦੇ ਚਾਰ ਵਿਦਿਆਰਥੀਆਂ ਦੀਆਂ ਸਾਹਿਤਕ ਰਚਨਾਵਾਂ ਚੋਣ ਉਪਰੰਤ ਪੰਜਾਬ ਭਵਨ ਸਰੀ (ਕਨੇਡਾ) ਵੱਲੋਂ ਪ੍ਰਕਾਸ਼ਿਤ ਪੁਸਤਕ 'ਨਵੀਆਂ ਕਲਮਾਂ ਨਵੀਂ ਉਡਾਣ ਭਾਗ-82' ਪ੍ਰਕਾਸ਼ਿਤ ਕੀਤੀਆਂ ਗਈਆਂ। ਇਹ ਪੁਸਤਕ ਸੰਸਥਾ ਦੇ ਸੰਸਥਾਪਕ ਸੁਖੀ ਬਾਠ ਦੀ ਸਰਪ੍ਰਸਤੀ ਹੇਠ ਗੁਰਪ੍ਰੀਤ ਸਿੰਘ ਬੀੜ ਕਿਸ਼ਨ ਵੱਲੋਂ ਸੰਪਾਦਿਤ ਕੀਤੀ ਗਈ। ਇਸ ਪੁਸਤਕ ਵਿੱਚ ਵਿਦਿਆਰਥੀ ਕਸ਼ਿਸ਼ ਸ਼ਰਮਾ ਦਾ ਨਿਬੰਧ 'ਮੇਰਾ ਸਕੂਲ', ਆਕਾਸ਼ਦੀਪ ਦੀ ਰਚਨਾ 'ਮਾਪਿਆਂ ਦਾ ਸਤਿਕਾਰ', ਸੋਨੂ ਦੀ ਲਿਖਤ 'ਹੱਥੀ ਕੰਮ ਕਰਨ ਦਾ ਮਹੱਤਵ', ਤੇ ਇਸ਼ਮੀਤ ਕੌਰ ਦੀ ਕਵਿਤਾ 'ਮੇਰੇ ਮਾਤਾ ਜੀ' ਨੂੰ ਸ਼ਾਮਿਲ ਕੀਤਾ ਗਿਆ। ਇਸ ਮੌਕੇ ਸਕੂਲ ਵੱਲੋਂ ਆਯੋਜਿਤ ਇਕ ਸਾਦੇ ਅਤੇ ਪ੍ਰਭਾਵਸ਼ਾਲੀ ਸਮਾਰੋਹ ਦੌਰਾਨ ਪੰਜਾਬ ਭਵਨ ਸਰੀ (ਕਨੇਡਾ) ਵੱਲੋਂ ਭੇਜੇ ਮੈਡਲ,ਸਰਟੀਫਿਕੇਟ ਅਤੇ ਪੁਸਤਕ ਨਾਲ ਸਕੂਲ ਦੇ ਵਿਦਿਆਰਥੀ ਲੇਖਕਾਂ ਅਤੇ ਗਾਈਡ ਅਧਿਆਪਕ ਮੋਹਿਤ ਕੁਮਾਰ ਦਾ ਸਨਮਾਨ ਕੀਤਾ ਗਿਆ। ਇਸ ਦੌਰਾਨ ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਏ.ਐਸ ਸੀਨੀਅਰ ਸਕੰਡਰੀ ਸਕੂਲ ਖੰਨਾ ਦੇ ਪ੍ਰਿੰਸੀਪਲ ਇੰਦਰਜੀਤ ਸਿੰਘ ਨੇ ਕਿਹਾ ਕਿ ਅੱਜ ਦੇ ਸਮੇ ਚ ਵਿਦਿਆਰਥੀਆਂ ਦਾ ਸਾਹਿਤ ਨਾਲ ਜੁੜਨਾ ਸਮੇਂ ਦੀ ਪ੍ਰਮੁੱਖ ਲੋੜ ਹੈ। ਇਸ ਦੌਰਾਨ ਸਕੂਲ ਦੀ ਗਵਰਨਿੰਗ ਬਾਡੀ ਦੇ ਮੈਂਬਰ ਸਿੱਖਿਆ ਸ਼ਾਸਤਰੀ ਲੋਕ ਨਾਥ ਸ਼ਰਮਾ ਨੇ ਕਿਹਾ ਕਿ ਕਿਤਾਬਾਂ ਮਨੁੱਖ ਦੀਆਂ ਸੱਚੀਆਂ ਦੋਸਤ ਹਨ ਇਹਨਾਂ ਤੋਂ ਪ੍ਰੇਰਿਤ ਹੋ ਕੇ ਵਿਦਿਆਰਥੀ ਇੱਕ ਚੰਗੇ ਇਨਸਾਨ ਅਤੇ ਲੇਖਕ ਬਣ ਸਕਦੇ ਹਨ। ਇਸ ਮੌਕੇ ਗਾਈਡ ਅਧਿਆਪਕ ਮੋਹਿਤ ਕੁਮਾਰ ਨੇ ਵਿਦਿਆਰਥੀਆਂ ਦੇ ਰੂਬਰੂ ਹੋ ਕੇ ਸਕੂਲ ਦੇ ਮਿਹਨਤੀ ਸਟਾਫ਼ ਦੀ ਤਾਰੀਫ਼ ਕੀਤੀ ਅਤੇ ਵਿਦਿਆਰਥੀਆਂ ਨੂੰ ਕਲਮ ਚਲਾਉਣ ਲਈ ਉਤਸ਼ਾਹਿਤ ਕੀਤਾ। ਇਸ ਮੌਕੇ ਉਕਤ ਤੋਂ ਇਲਾਵਾ ਵਾਈਸ ਪ੍ਰਿੰਸੀਪਲ ਜਤਿੰਦਰ ਕੁਮਾਰ, ਡੀ.ਪੀ.ਈ.ਸੁਰਿੰਦਰ ਸਿੰਘ ਵਾਲੀਆ, ਭੁਪਿੰਦਰ ਸਿੰਘ ਤੇ ਗੁਰਬਚਨ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵਿਦਿਆਰਥੀ ਅਤੇ ਅਧਿਆਪਕ ਆਦਿ ਹਾਜ਼ਰ ਸਨ।
