ਸਨਮਾਨ.
*ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ,ਨੇ ਲੁਧਿਆਣਾ ਜ਼ਿਲ੍ਹੇ 'ਚ 100 ਫੀਸਦੀ ਡਿਜੀਟਾਈਜ਼ੇਸ਼ਨ ਦਾ ਟੀਚਾ ਪੂਰਾ ਕਰਨ ਵਾਲੇ ਸੁਪਰਵਾਈਜਰਾਂ ਦਾ ਕੀਤਾ ਸਨਮਾਨ*
*ਜ਼ਿਲ੍ਹਾ ਚੋਣ ਅਫ਼ਸਰ ਨੇ ਵੋਟਰ ਸੂਚੀਆਂ ਦੀ ਸਮੇਂ ਸਿਰ ਡਿਜੀਟਾਈਜ਼ੇਸ਼ਨ ਕਰਨ ਵਾਲੇ ਸੁਪਰਵਾਈਜਰਾਂ ਦੀ ਕੀਤੀ ਸ਼ਲਾਘਾ*
ਲੁਧਿਆਣਾ, 29 ਜੁਲਾਈ (ਇੰਦਰਜੀਤ)-ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਪੰਜਾਬ ਰਾਜ ਵਿੱਚ ਸਪੈਸ਼ਲ ਇੰਟੈਂਸਿਵ ਰਿਵੀਜ਼ਨ (ਐਸ.ਆਈ.ਆਰ.)-2026 ਦਾ ਮਹੱਤਵਪੂਰਨ ਕਾਰਜ ਤੇਜ਼ੀ ਨਾਲ ਜਾਰੀ ਹੈ। ਇਸ ਮੁਹਿੰਮ ਤਹਿਤ ਵੋਟਰਾਂ ਨਾਲ ਸਬੰਧਤ ਗਣਨਾ ਫਾਰਮਾਂ ਦੀ ਸੰਗ੍ਰਹਿ, ਤਸਦੀਕ ਅਤੇ ਡਿਜੀਟਾਈਜ਼ੇਸ਼ਨ ਦਾ ਕੰਮ ਪੂਰੀ ਪਾਰਦਰਸ਼ਤਾ ਅਤੇ ਨਿਰਧਾਰਿਤ ਸਮਾਂ-ਸੀਮਾ ਅੰਦਰ ਕੀਤਾ ਜਾ ਰਿਹਾ ਹੈ। ਇਸੇ ਲੜੀ ਵਿੱਚ 23 ਜੁਲਾਈ 2026 ਤੱਕ ਆਪਣੇ ਅਲਾਟ ਕੀਤੇ ਗਏ ਬੂਥਾਂ ਦਾ 100 ਫੀਸਦੀ ਡਿਜੀਟਾਈਜ਼ੇਸ਼ਨ ਦਾ ਕੰਮ ਸਫਲਤਾਪੂਰਵਕ ਮੁਕੰਮਲ ਕਰਨ ਵਾਲੇ ਸੁਪਰਵਾਈਜ਼ਰਾਂ ਨੂੰ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫਸਰ, ਲੁਧਿਆਣਾ ਹਿਮਾਂਸ਼ੂ ਜੈਨ, ਆਈ.ਏ.ਐਸ. ਵੱਲੋਂ ਅੱਜ ਜ਼ਿਲ੍ਹਾ ਪੱਧਰ 'ਤੇ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ।
ਜ਼ਿਲ੍ਹਾ ਚੋਣ ਅਫ਼ਸਰ ਲੁਧਿਆਣਾ ਨੇ ਵਿਧਾਨ ਸਭਾ ਚੋਣ ਹਲਕਾ 57-ਖੰਨਾ ਦੇ ਸੁਪਰਵਾਈਜ਼ਰ ਰਾਜਿੰਦਰ ਸਿੰਘ ਅਤੇ ਪਵਨਜੀਤ ਕੌਰ, ਵਿਧਾਨ ਸਭਾ ਚੋਣ ਹਲਕਾ 58-ਸਮਰਾਲਾ ਦੇ ਸੁਪਰਵਾਈਜ਼ਰ ਅਮਰੀਕ ਸਿੰਘ, ਵਿਕਰਮਜੀਤ ਸਿੰਘ, ਅਮਨਦੀਪ ਸਿੰਘ ਅਤੇ ਨਰਿੰਦਰ ਪਾਲ, ਜਦਕਿ ਵਿਧਾਨ ਸਭਾ ਚੋਣ ਹਲਕਾ 67-ਪਾਇਲ ਦੇ ਸੁਪਰਵਾਈਜ਼ਰ ਹਰਦੀਪ ਸਿੰਘ ਨੂੰ ਸ਼ਾਨਦਾਰ ਕਾਰਗੁਜ਼ਾਰੀ ਲਈ ਸਰਟੀਫਿਕੇਟ ਪ੍ਰਦਾਨ ਕੀਤੇ ਗਏ। ਇਸ ਮੌਕੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਸਨਮਾਨਿਤ ਸੁਪਰਵਾਈਜ਼ਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਪੈਸ਼ਲ ਇੰਟੈਂਸਿਵ ਰਿਵੀਜ਼ਨ-2026 ਦੀ ਸਫਲਤਾ ਅਧਿਕਾਰੀਆਂ ਅਤੇ ਫੀਲਡ ਸਟਾਫ ਦੀ ਮਿਹਨਤ, ਸਮਰਪਣ ਅਤੇ ਟੀਮ ਵਰਕ 'ਤੇ ਨਿਰਭਰ ਕਰਦੀ ਹੈ। ਉਨ੍ਹਾਂ ਕਿਹਾ ਕਿ ਸਮੇਂ ਸਿਰ ਅਤੇ ਸ਼ੁੱਧ ਡਿਜੀਟਾਈਜ਼ੇਸ਼ਨ ਰਾਹੀਂ ਵੋਟਰ ਸੂਚੀਆਂ ਨੂੰ ਹੋਰ ਸਹੀ ਅਤੇ ਪਾਰਦਰਸ਼ੀ ਬਣਾਇਆ ਜਾ ਸਕਦਾ ਹੈ। ਉਨ੍ਹਾਂ ਸਾਰੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਇਸੇ ਤਰ੍ਹਾਂ ਲਗਨ ਅਤੇ ਜ਼ਿੰਮੇਵਾਰੀ ਨਾਲ ਅਗਲੇ ਟੀਚਿਆਂ ਨੂੰ ਵੀ ਸਮੇਂ ਸਿਰ ਪੂਰਾ ਕਰਨ ਲਈ ਪ੍ਰੇਰਿਤ ਕੀਤਾ। ਉਹਨਾਂ ਇਸ ਮੌਕੇ ਦੌਰਾਨ ਚੋਣ ਪ੍ਰਕਿਰਿਆ ਨੂੰ ਹੋਰ ਪ੍ਰਭਾਵਸ਼ਾਲੀ, ਪਾਰਦਰਸ਼ੀ ਅਤੇ ਸਮੇਂ ਸਿਰ ਮੁਕੰਮਲ ਕਰਨ ਲਈ ਸਮੂਹ ਚੋਣ ਸਟਾਫ ਨੂੰ ਪੂਰੀ ਤਨਦੇਹੀ ਨਾਲ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਦਾ ਸੱਦਾ ਵੀ ਦਿੱਤਾ। ਇਸ ਸਰਟੀਫਿਕੇਟ ਵੰਡ ਸਮਾਰੋਹ ਦੌਰਾਨ ਚੋਣ ਤਹਿਸੀਲਦਾਰ ਲੁਧਿਆਣਾ ਰਾਜਨ ਢੱਲ, ਸਮੂਹ ਜੇਤੂ ਸੁਪਰਵਾਈਜ਼ਰਾਂ ਤੋਂ ਇਲਾਵਾ ਜ਼ਿਲ੍ਹਾ ਚੋਣ ਦਫਤਰ ਦਾ ਚੋਣ ਸਟਾਫ ਹਾਜ਼ਰ ਸੀ।
