ਪੱਤਿਆ ਵੇ ਪਰਦੇਸੀਆ.
(ਪੱਤਾ ਜਦੋਂ ਸੁੱਕ ਕੇ ਰੁੱਖ ਨਾਲੋਂ ਵੱਖਰਾ ਹੋ ਜਾਂਦਾ ਉਸ ਵੇਲੇ ਰੁੱਖ ਪੱਤੇ ਨੂੰ ਕੀ ਕਹਿੰਦਾ ਏ, ਮੈਂ ਇਸ ਕਵਿਤਾ ਰਾਹੀਂ ਪੇਸ਼ ਕਰ ਰਿਹਾਂ )
ਸੁਣ ਪੱਤਿਆ ਵੇ ਪਰਦੇਸੀਆ,
ਤੈਨੂੰ ਪੁੱਤਾਂ ਵਾਂਗ ਮੈਂ ਪਾਲਿਆ ਸੀ ।
ਪਤਾ ਨਹੀਂ ਕਿੰਨੀ ਵਰਖਾ, ਕਿੰਨੀਆਂ ਹਨੇਰੀਆਂ,
ਕੱਠੀਆਂ ਕਿੰਨੀਆਂ ਹੀ ਰੁੱਤਾਂ ਗੁਜ਼ਾਰੀਆਂ ਸੀ ।
ਯਾਦ ਹੋਣਾ ਪਹਿਲੀ ਵਾਰ ਜਦੋਂ,
ਮੇਰੀ ਬੁੱਕਲ ਵਿੱਚ ਤੂੰ ਆਇਆ ਸੀ ।
ਵੱਧਦੇ ਵੱਧਦੇ ਨਾਲ ਰਿਹਾ ਤੂੰ,
ਫਿਰ ਰਲ ਕੇ ਕਿੰਨੇ ਸੁਫ਼ਨੇ ਸਜਾਏ ਸੀ ।
ਜਿੰਦ ਤਲੀ 'ਤੇ ਅੜ ਗਈ ਸੀ ਜਦੋਂ,
ਉਸ ਵੇਲੇ ਬਰਸਾਤ ਹੋਈ।
ਜਾਨ ਹੀ ਨਿਕਲਦੀ ਰਹਿ ਗਈ ਸੀ ਜਦੋਂ,
ਇਹ ਹਵਾ ਵੀ ਸੀ ਗੁਸਤਾਖ ਹੋਈ।
ਫਲ ਲਗਦੇ ਸੀ ਕਿੰਨੇ,
ਫੇਰ ਕਿੰਨੇ ਹੀ ਫੁੱਲ ਵੀ ਆ 'ਗੇ ਸਨ ।
ਤੂੰ ਨਿਭਾਇਆ ਸਾਥ ਹਮੇਸ਼ਾ ਮੇਰਾ,
ਕਾਰਵਾਂ ਫੇਰ ਵਧਦੇ ਹੀ ਜਾਂਦੇ ਸਨ ।
ਕਿਰਨਾਂ ਧੁੱਪ ਦੀਆਂ ਸਨ ਮਹਿਬੂਬ ਬਣੀਆਂ ,
ਭੁੱਖ ਲਾਡਾਂ ਨਾਲ ਮਿਟਾਉਂਦੀਆਂ ਸਨ,
ਛਾਂ ਕਰਦਾ ਸੀ ਤੂੰ ਪੱਤਿਆ,
ਅਸੀਸਾਂ ਮੇਰੇ ਹਿੱਸੇ ਹੀ ਆਉਂਦੀਆਂ ਸਨ ।
ਕਿੰਨੀ ਰੌਣਕ ਸੀ ਰਹਿੰਦੀ ਜਦੋਂ
ਪਸ਼ੂ ਪੰਛੀਆਂ ਨੂੰ ਤੂੰ ਲੁਭਾਉਂਦਾ ਸੀ ।
ਸੱਚੀ ਤੂੰ ਹੁੰਦਾ ਸੀ ਤਾਂ ਚੰਗਾ ਲਗਦਾ ਸੀ ਸਭ,
ਜ਼ਿੰਦਗੀ ਰੰਗੀਨ ਬਣਾਉਂਦਾ ਸੀ ।
ਰੁੱਤ ਆ ਗਈ ਤੇਰੇ ਵਿਛੜਣ ਦੀ,
ਮੇਰੀ ਹਿੱਕ ਦੇ ਦੁੱਖ ਵਧਾਉਂਦਾ ਸੀ,
ਸੁੱਕੇ ਹੋਏ ਨੂੰ ਜਦੋਂ ਸੀ ਅੱਗ ਲੱਗੀ,
ਸਾਵਾ ਬਣ ਮੁੜ ਫਿਰ ਤੋਂ ਆਉਂਦਾ ਸੀ ।
- ਉਂਕਾਰ ਨਾਗਪਾਲ