ਪੱਤਿਆਂ ਦੇ ਰਾਜ਼ .

ਦੱਸ ਨੀ ਅੰਮੀਏ ਇਹਨਾਂ 

ਪੱਤਿਆਂ ਕੀ ਹੈ ਰਾਜ ਲੁਕੋਇਆ

ਰਹਿੰਦੇ ਨਾਲ ਟਾਹਣੀ ਦੇ ਜਿਉਂਦੇ

ਨਾਲੋਂ ਟੁੱਟਿਆ ਤੇ ਫਿਰ ਮੋਇਆ।


ਨਿੱਕੀ ਹੁੰਦੀ ਤੇਰੀ ਟਾਲ੍ਹੀ

ਦੇ ਪੱਤੇ ਕਾਂਟੇ-ਹਾਰ ਬਣਾ ਮੈਂ ਪਾਏ

ਵੱਡੀ ਹੋਈ ਤੇ ਪੀਸ ਪੀਸ

ਪੱਤੇ ਮਹਿੰਦੀ ਦੇ ਮੈਂ ਹੱਥਾਂ 'ਤੇ ਲਾਏ।


ਕਦੇ ਮਾਣੀ ਛਾਂ ਇਹਨਾਂ ਦੀ

ਕਦੇ ਕੱਠੇ ਕਰ ਚੁੱਲ੍ਹੇ ਡਾਹੇ 

ਨੀ ਅੰਮੀਏ ਮੈਂ ਇਹਨਾਂ

ਤੋਂ ਕਿੰਨੇ ਹੀ ਸ਼ੌਕ ਪੁਗਾਏ


ਗੱਲ ਸੁਣ ਕੁੜੇ ਇਹ ਸਾਰੇ

ਟਾਹਣੀ ਦੀ ਕੁੱਖੋਂ ਹੈ ਜਾਏ

ਪੁਰਾਣੇ ਵਕਤਾਂ ਦੇ ਵਿੱਚ ਕਹਿੰਦੇ

ਇਹਨਾਂ ਨੇ ਨੰਗ ਲੁਕਾਏ।


ਸੁਣਿਆ ਮੈਂ ਪੱਤੇ ਪਪਾਇਰਸ 

ਨੇ ਹੈ ਅੱਜ ਦਾ ਪੇਜ ਬਣਾਇਆ

ਕਿੰਨੇ ਜੋਧਿਆਂ ਇਹਨਾਂ ਨੂੰ

ਮਲ ਜ਼ਖਮਾਂ ਤੇ ਲਾਇਆ।


ਜਦ ਵੀਰ ਤੇਰਾ ਜੰਮਿਆਂ ਅਸੀਂ

ਤੋੜ ਨਿੰਮ ਨਾਲੋਂ ਦਰ ਬੰਨ੍ਹ ਆਏ

ਨੀ ਜਦ ਤੇਰੀ ਭਾਬੋ ਆਈ

ਮੈਂ ਰੱਖ ਪਿੱਪਲ ਦੇ ਪੱਤੇ ਸਿਰੋਂ ਛੁਹਾਏ।


ਫੁੱਟ ਕੇ ਟਾਹਣੀ ਦੀ ਕੁੱਖੋਂ

 ਜਵਾਨੀ ਇਹਨਾਂ ਨੂੰ ਚੜ੍ਹ ਆਈ

ਨੀ ਇਹਨਾਂ ਸ਼ੁਦਾਈਆਂ ਨੇ

ਨਾਲ ਹਵਾ ਦੇ ਪ੍ਰੀਤ ਰਚਾਈ।


ਐਸੀ ਪ੍ਰੇਮ ਕਹਾਣੀ ਇਹਨਾਂ ਦੀ

ਉਸੇ ਹਵਾ ਨੇ ਤਿੱਖਾ ਖੰਜਰ ਚਲਾਇਆ

ਉੱਚੀ ਟਾਹਣੀ 'ਤੇ ਰਹਿਣ ਵਾਲਿਆਂ

ਨੂੰ ਵਿੱਚ ਮਿੱਟੀ ਮਿਲਾਇਆ 

ਨੀ ਵਿੱਚ ਮਿੱਟੀ ਮਿਲਾਇਆ।

                           -ਗੁਰਦੀਪ ਸਿੰਘ