ਖੰਨਾ ਨਗਰ ਕੌਂਸਲਰਾਂ ਵਿੱਚ ਪੈ ਗਈ ਫੁੱਟ.
ਖੰਨਾ ਤੋਂ ਮਨਜੀਤ ਸਿੰਘ ਧੀਮਾਨ ਦੀ ਵਿਸ਼ੇਸ਼ ਰਿਪੋਰਟ
ਨਗਰ ਕੌਂਸਲ ਹੋਈ ਤਿੰਨ-ਫਾੜ*
*ਹਾਊਸ ਦੀ ਪਹਿਲੀ ਬੈਠਕ ਵਿਚ ਹੀ ਪਿਆ ਪਟਾਕਾ*
*ਮੰਤਰੀ ਸੌਂਦ ਨੇ ਕਿਹਾ ਸੀ ਕਿ ਖੰਨਾ ਸ਼ਹਿਰ ਵਿਚ ਉਹ ਵਿਕਾਸ ਦੀਆਂ ਹਨੇਰੀਆਂ ਲਿਆ ਦੇਣਗੇ ਅਤੇ ਖੰਨਾ ਨੂੰ ਚੰਡੀਗੜ੍ਹ ਵਰਗਾ ਸੋਹਣਾ ਸ਼ਹਿਰ ਬਣਾਇਆ ਜਾਵੇਗਾ*
*ਨਗਰ ਕੌਂਸਲ ਦੇ ਪ੍ਰਧਾਨ ਦੀ ਚੋਣ ਵਾਲੇ ਦਿਨ ਨੂੰ ਆਪ ਵਿਚ ਸਿਆਸੀ ਪਟਾਕਾ ਪੈ ਗਿਆ*
=ਖੰਨਾ ਸ਼ਹਿਰ ਵਾਸੀਆਂ ਵੱਲੋਂ ਨਗਰ ਕੌਂਸਲ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੂੰ ਵੱਡਾ ਜਨ-ਸਮਰਥਨ ਦਿੰਦੇ ਹੋਏ ਪੂਰਨ ਬਹੁਮਤ ਦਿੱਤਾ ਗਿਆ ਸੀ। ਆਪ ਵੱਲੋ ਸ਼ਹਿਰ ਦੀਆਂ 33 ਸੀਟਾਂ ਵਿਚੋਂ 25 ਸੀਟਾਂ ਉੱਤੇ ਵੱਡੀ ਜਿੱਤ ਨਸੀਬ ਹੋਈ ਸੀ। ਜਿਸ ਨੂੰ ਲੈ ਕੇ ਜਿੱਥੇ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਬਾਗੋ ਬਾਗ ਹੋਏ ਸਨ, ਉੱਥੇ ਹੀ ਸ਼ਹਿਰ ਵਾਸੀਆਂ ਨੂੰ ਵੀ ਵੱਡੀ ਉਮੀਦ ਜਾਗੀ ਸੀ ਕਿ ਹੁਣ ਸਪੱਸ਼ਟ ਬਹੁਮਤ ਹੋਣ ਕਰਕੇ ਵਿਕਾਸ ਕਾਰਜਾਂ ਵਿੱਚ ਕੋਈ ਦਿੱਕਤ ਨਹੀਂ ਆਵੇਗੀ ਕਿਉਂਕਿ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਵੀ ਚੋਣਾਂ ਤੋਂ ਪਹਿਲਾਂ ਲੋਕਾਂ ਨਾਲ ਲਗਾਤਾਰ ਵਾਅਦੇ ਕਰ ਰਹੇ ਸਨ ਕਿ ਇਕ ਵਾਰ ਸ਼ਹਿਰ ਵਾਸੀ ਨਗਰ ਕੌਂਸਲ ਉੱਤੇ ਆਮ ਆਦਮੀ ਪਾਰਟੀ ਦਾ ਕਬਜ਼ਾ ਕਰਵਾ ਦੇਣ, ਜਿਸ ਮਗਰੋਂ ਉਹ ਸ਼ਹਿਰ ਵਿਚ ਵਿਕਾਸ ਦੀਆਂ ਹਨੇਰੀਆਂ ਲਿਆ ਦੇਣਗੇ ਅਤੇ ਖੰਨਾ ਨੂੰ ਚੰਡੀਗੜ੍ਹ ਵਰਗਾ ਸੋਹਣਾ ਸ਼ਹਿਰ ਬਣਾਇਆ ਜਾਵੇਗਾ। ਸ਼ਹਿਰ ਦੇ ਲੋਕਾਂ ਨੂੰ ਉਮੀਦਾਂ ਨਾਲ ਵੱਡੀ ਜਿੱਤ ਦਿਵਾ ਕੇ ਨਗਰ ਕੌਂਸਲ ਆਪ ਦੇ ਹਵਾਲੇ ਕਰ ਦਿੱਤੀ ਗਈ ਪਰ ਨਗਰ ਕੌਂਸਲ ਦੇ ਪ੍ਰਧਾਨ ਦੀ ਚੋਣ ਵਾਲੇ ਦਿਨ ਨੂੰ ਆਪ ਵਿਚ ਸਿਆਸੀ ਪਟਾਕਾ ਪੈ ਗਿਆ। ਆਪ ਦੇ 25 ਕੌਂਸਲਰਾਂ ਵਿਚ ਵੱਡੀ ਫੁੱਟ ਪੈ ਗਈ, ਆਪ ਕੌਂਸਲਰ ਤੋਂ ਧੜਿਆ ਵਿਚ ਵੰਡੇ ਗਏ। ਕਹਿਣ ਨੂੰ ਸਾਰੇ ਤਿੰਨੇ ਧੜੇ ਮੰਤਰੀ ਸੌਂਦ ਦੇ ਨਿਰਦੇਸ਼ਾਂ ਉੱਤੇ ਕਮੇਟੀ ਵਿੱਚ ਲੋਕਾਂ ਦੇ ਕੰਮ ਕਰਨ ਦੇ ਦਾਅਵੇ ਕਰ ਰਹੇ ਹਨ ਪਰ ਅੰਦਰੋਂ ਅੰਦਰੀਂ ਆਪ ਕੌਂਸਲਰ ਤਿੰਨ-ਫਾੜ ਹੋ ਚੁੱਕੇ ਹਨ।
*ਹਾਊਸ ਦੀ ਪਹਿਲੀ ਬੈਠਕ ਵਿਚ ਹੀ ਪਿਆ ਪਟਾਕਾ*
ਵੈਸੇ ਤਾਂ ਆਮ ਆਦਮੀ ਪਾਰਟੀ ਦੇ ਕੌਂਸਲਰ ਪ੍ਰਧਾਨਗੀ ਦੀ ਚੋਣ ਵਾਲੇ ਦਿਨ ਹੀ ਤਿੰਨ-ਫਾੜ ਹੋ ਗਏ ਸਨ ਪਰ ਹਾਊਸ ਦੀ ਪਹਿਲੀ ਬੈਠਕ ਵਿੱਚ ਹੀ ਅਸਲ ਖਿਲਾਰਾ ਪੈ ਗਿਆ ਸੀ। ਜਿਨ੍ਹਾਂ ਦੇ ਤਿੰਨ-ਫਾੜ ਹੋਣ ਦੇ ਚਰਚੇ ਜੱਗ ਜ਼ਾਹਿਰ ਹੋ ਗਏ ਸਨ। ਜਿੱਥੇ ਪ੍ਰਧਾਨਗੀ ਦੀ ਚੋਣ ਵਾਲੇ ਤਿੰਨ ਸੀਨੀਅਰ ਕੌਸਲਰ ਰਾਜਿੰਦਰ ਸਿੰਘ ਜੀਤ, ਸੁਨੀਲ ਕੁਮਾਰ ਨੀਟਾ ਅਤੇ ਪਰਮਪ੍ਰੀਤ ਸਿੰਘ ਪੋਂਪੀ ਤੁਰੰਤ ਬਾਹਰ ਨਿਕਲ ਕੇ ਆਪਣਾ ਵਿਰੋਧ ਦਰਜ ਕਰਵਾ ਗਏ ਸਨ, ਉੱਥੇ ਹੀ ਹਾਊਸ ਦੀ ਪਹਿਲੀ ਬੈਠਕ ਵਿਚ ਵਿਰੋਧੀ ਧਿਰ ਤਾਂ ਸ਼ਾਂਤ ਰਹੀ ਪਰ ਆਪ ਦੇ ਕੌਂਸਲਰਾਂ ਨੇ ਕਈ ਮਤਿਆ ਦਾ ਵਿਰੋਧ ਕੀਤਾ ਅਤੇ ਦੋਸ਼ ਲਗਾਇਆ ਕਿ ਇਹ ਮਤੇ ਗ਼ਲਤ ਲਿਆਂਦੇ ਗਏ ਹਨ ਅਤੇ ਜਿਨ੍ਹਾਂ ਵਿਚ ਗੜਬੜੀ ਦੇ ਸ਼ੰਕੇ ਵੀ ਖੜ੍ਹੇ ਕੀਤੇ ਗਏ ਸਨ।
*ਨਗਰ ਕੌਂਸਲ ਖੰਨਾ ਵਿਚ ਸਜੀਆਂ ਤਿੰਨ ਸਿਆਸੀ ਦੁਕਾਨਾਂ*
ਆਪ ਕੌਂਸਲਰਾਂ ਦੇ ਤਿੰਨ-ਫਾੜ ਹੋਣ ਤੋਂ ਬਾਅਦ ਸ਼ਹਿਰ ਵਿਚ ਇਸ ਗੱਲ ਦੀ ਪੂਰੀ ਚਰਚਾ ਚੱਲ ਰਹੀ ਹੈ ਕਿ ਕਮੇਟੀ ਵਿੱਚ ਤਿੰਨ-ਫਾੜ ਹੋਏ ਆਪ ਕੌਂਸਲਰਾਂ ਦੀਆਂ ਤਿੰਨ ਸਿਆਸੀ ਦੁਕਾਨਾਂ ਸਜ ਗਈਆਂ ਹਨ। ਸਾਰੇ ਧੜੇ ਲੋਕਾਂ ਦੇ ਕੰਮ ਆਪਣੇ ਪੱਧਰ ਉੱਤੇ ਕਰਵਾਉਣ ਦੇ ਦਾਅਵੇ ਕਰ ਰਹੇ ਹਨ ਕਿ ਉਹ ਸ਼ਹਿਰ ਅਤੇ ਲੋਕਾਂ ਦੀ ਭਲਾਈ ਲਈ ਰੋਜ਼ਾਨਾ ਬੈਠਦੇ ਹਨ। ਦੱਸਣਯੋਗ ਹੈ ਪਹਿਲੇ ਧੜੇ ਦੇ ਪ੍ਰਮੁੱਖ ਆਗੂ ਜਤਿੰਦਰ ਪਾਠਕ ਹਨ, ਜਿਹੜੇ ਕਿ ਕੌਂਸਲਰਾਂ ਦੇ ਬਹੁਮਤ ਨਾਲ ਪ੍ਧਾਨ ਬਣੇ ਹਨ ਅਤੇ ਸੰਵਿਧਾਨਿਕ ਹੱਕਾਂ ਤਹਿਤ ਆਪਣੇ ਕਮਰੇ ਵਿਚ ਬੈਠ ਕੇ ਕੰਮਕਾਰ ਕਰਦੇ ਹਨ। ਦੂਜੇ ਧੜੇ ਵਿਚ ਸੀਨੀਅਰ ਮੀਤ ਪ੍ਰਧਾਨ ਹਰੀਸ਼ ਗੁਪਤਾ ਹਨ, ਜਿਨ੍ਹਾਂ ਨੇ ਸੀਨੀਅਰ ਮੀਤ ਪ੍ਰਧਾਨ ਲਈ ਵਿਸ਼ੇਸ਼ ਕਮਰਾ ਤਿਆਰ ਕਰਵਾਇਆ ਹੈ। ਤੀਜੇ ਧੜੇ ਦੀ ਅਗਵਾਈ ਤਿੰਨ ਸੀਨੀਅਰ ਕੌਸਲਰ ਰਾਜਿੰਦਰ ਸਿੰਘ ਜੀਤ, ਸੁਨੀਲ ਕੁਮਾਰ ਨੀਟਾ ਅਤੇ ਪਰਮਪ੍ਰੀਤ ਸਿੰਘ ਪੋਂਪੀ ਕਰ ਰਹੇ ਹਨ, ਜਿਨ੍ਹਾਂ ਵੱਖ ਵੱਖ ਬ੍ਰਾਂਚਾਂ ਦੇ ਕਮਰਿਆਂ ਵਿੱਚ ਬੈਠ ਕੇ ਆਪਣੀ ਮਜ਼ਬੂਤ ਹੋਂਦ ਦਿਖਾ ਰਹੇ ਹਨ। ਆਪ ਕੌਂਸਲਰਾਂ ਦੇ ਤਿੰਨ-ਫਾੜ ਹੋਣ ਨਾਲ ਅਧਿਕਾਰੀਆਂ ਦੀ ਹਾਲਤ ਚੱਕੀ ਦੇ ਪੁੜਾਂ ਵਿਚ ਪਿਸ ਜਾਣ ਵਰਗੀ ਬਣੀ ਹੋਈ ਹੈ ਕਿਉਂਕਿ ਕੌਂਸਲਰਾਂ ਦੇ ਤਿੰਨ-ਫਾੜ ਹੋਣ ਕਰਕੇ ਕੰਮਾਂ ਵਿਚ ਕਿੰਤੂ ਪ੍ਰੰਤੂ ਖੜ੍ਹੀ ਹੁੰਦੀ ਹੈ l
*ਮਿਲੀ ਜਿੰਮੇਵਾਰੀ ਤਹਿਤ ਨਿਭਾ ਰਿਹਾ ਫ਼ਰਜ਼: ਜਤਿੰਦਰ ਪਾਠਕ*
ਨਗਰ ਕੌਂਸਲ ਦੇ ਪ੍ਰਧਾਨ ਜਤਿੰਦਰ ਪਾਠਕ ਕਹਿੰਦੇ ਹਨ ਕਿ ਉਹਨਾਂ ਨੂੰ ਮੰਤਰੀ ਸੌਂਦ ਵੱਲੋਂ ਪ੍ਰਧਾਨ ਬਣਾਇਆ ਗਿਆ ਹੈ। ਉਹ ਨਗਰ ਕੌਂਸਲ ਵਿੱਚ ਬੇਗ਼ੈਰ ਪੱਖਪਾਤ ਤੋਂ ਸਾਰੇ ਲੋਕਾਂ ਦਾ ਕੰਮਕਾਰ ਕਰਨਗੇ ਕਿਉਂਕਿ ਮੰਤਰੀ ਸੌਂਦ ਦੀ ਸਪੱਸ਼ਟ ਹਿਦਾਇਤਾਂ ਹਨ ਕਿ ਸਾਰੇ ਲੋਕਾਂ ਦੇ ਕੰਮ ਕੀਤੇ ਜਾਣ। ਉਹ ਕੌਂਸਲਰਾਂ ਵਲੋਂ ਦਿੱਤੀ ਜਿੰਮੇਵਾਰੀ ਤਹਿਤ ਆਪਣਾ ਫ਼ਰਜ਼ ਨਿਭਾ ਰਹੇ ਹਨ।
*ਚੰਗੇ ਕੰਮਾਂ ਵਿਚ ਕਮੇਟੀ ਦਾ ਖੁੱਲ ਕੇ ਦੇਵਾਂਗਾ ਸਾਥ:ਗੁਪਤਾ*
ਸੀਨੀਅਰ ਮੀਤ ਪ੍ਰਧਾਨ ਹਰੀਸ਼ ਗੁਪਤਾ ਉਹ ਲੋਕਾਂ ਦੇ ਕੰਮ ਆਸਾਨ ਢੰਗ ਨਾਲ ਹੋਣ ਇਸ ਕੰਮ ਵੱਲ ਤਰਜੀਹ ਦੇ ਰਹੇ ਹਨ। ਉਹ ਕਮੇਟੀ ਵਿੱਚ ਇਮਾਨਦਾਰੀ ਅਤੇ ਪਰਦਾਸਤਾ ਨਾਲ ਹੋਣ ਵਾਲੇ ਕੰਮਾਂ ਵਿਚ ਖੁੱਲ ਕੇ ਸਾਥ ਦੇਣਗੇ, ਪਰ ਜੇ ਕੋਈ ਗ਼ਲਤ ਕੰਮ ਹੋਇਆ ਤਾਂ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਤਿੰਨ ਸੀਨੀਅਰ ਕੌਸਲਰ ਰਾਜਿੰਦਰ ਸਿੰਘ ਜੀਤ ਨੇ ਕਿਹਾ ਕਿ ਨਗਰ ਕੌਂਸਲ ਵਿਚ ਕਿਸੇ ਵੀ ਤਰ੍ਹਾਂ ਦਾ ਭ੍ਰਿਸ਼ਟਾਚਾਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਮੁੱਖ ਮੰਤਰੀ ਭਗਵੰਤ ਮਾਨ ਦੀ ਭ੍ਰਿਸ਼ਟਾਚਾਰ ਪ੍ਰਤੀ ਜ਼ੀਰੋ ਟੋਲਰੈਂਸ ਦੀ ਨੀਤੀ ਉੱਤੇ ਕਮੇਟੀ ਵਿੱਚ ਬੈਠ ਕੇ ਪਹਿਰਾ ਦੇਣਗੇ। ਜੇਕਰ ਕਿਸੇ ਵੀ ਅਧਿਕਾਰੀ ਨੇ ਕੋਈ ਗ਼ਲਤ ਕੰਮ ਕੀਤਾ ਤਾਂ ਬਖਸ਼ਿਆ ਨਹੀਂ ਜਾਵੇਗਾ। ਲੋਕ ਕਮੇਟੀ ਵਿੱਚ ਕਿਸੇ ਵੀ ਦਿੱਕਤ ਲਈ ਸਾਨੂੰ ਮਿਲ ਸਕਦੇ ਹਨ।
