ਤੀਆਂ ਦਾ ਤਿਉਹਾਰ ਮਨਾਇਆ .

*ਸ਼੍ਰੀ ਦੁਰਗਾ ਮੰਦਰ ਸੰਕੀਰਤਨ ਮੰਡਲੀ ਨੇ ਧੂਮਧਾਮ ਨਾਲ ਮਨਾਇਆ ਤੀਆਂ ਦਾ ਤਿਉਹਾਰ, ਮਹਿਲਾਵਾਂ ਨੇ ਪਾਇਆ ਗਿੱਧਾ*

ਖੰਨਾ, 12, ਅਗਸਤ। ਸ਼੍ਰੀ ਦੁਰਗਾ ਮੰਦਰ, ਗੁਰੂ ਤੇਗ ਬਹਾਦਰ ਨਗਰ, ਲਲਹੇੜੀ ਰੋਡ, ਖੰਨਾ ਵਿਖੇ ਸਾਵਣ ਮਹੀਨੇ ਦੇ ਪਾਵਨ ਮੌਕੇ ’ਤੇ ਸ਼੍ਰੀ ਦੁਰਗਾ ਮੰਦਰ ਸੰਕੀਰਤਨ ਮੰਡਲੀ ਅਤੇ ਮੁਹੱਲਾ ਨਿਵਾਸੀਆਂ ਦੇ ਸਹਿਯੋਗ ਨਾਲ ਤੀਆਂ ਦਾ ਤਿਉਹਾਰ ਬੜੇ ਹੀ ਹਰਸ਼ੋ-ਉਲਾਸ ਅਤੇ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਇਸ ਮੌਕੇ ਮਹਿਲਾਵਾਂ ਨੇ ਰਵਾਇਤੀ ਪਹਿਰਾਵਿਆਂ ਵਿੱਚ ਸਜ-ਧਜ ਕੇ ਗਿੱਧਾ ਪਾਇਆ ਅਤੇ ਤੀਆਂ ਦੀਆਂ ਬੋਲੀਆਂ ਪੇਸ਼ ਕਰਕੇ ਮਾਹੌਲ ਨੂੰ ਖੁਸ਼ੀਆਂ ਨਾਲ ਭਰ ਦਿੱਤਾ। ਪ੍ਰੋਗਰਾਮ ਦੌਰਾਨ ਮਹਿਲਾਵਾਂ ਨੇ ਪੰਜਾਬੀ ਲੋਕ ਗੀਤਾਂ ਅਤੇ ਰਵਾਇਤੀ ਬੋਲੀਆਂ ’ਤੇ ਗਿੱਧਾ ਪਾਉਂਦਿਆਂ ਤੀਆਂ ਦੇ ਤਿਉਹਾਰ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ। ਮਹਿਲਾਵਾਂ ਵਿੱਚ ਇਸ ਮੌਕੇ ਨੂੰ ਲੈ ਕੇ ਵਿਸ਼ੇਸ਼ ਉਤਸ਼ਾਹ ਦੇਖਣ ਨੂੰ ਮਿਲਿਆ। ਪ੍ਰੋਗਰਾਮ ਵਿੱਚ ਸਾਵਣ ਦੀ ਹਰਿਆਲੀ, ਪੰਜਾਬੀ ਲੋਕ ਸੱਭਿਆਚਾਰ ਅਤੇ ਆਪਸੀ ਭਾਈਚਾਰੇ ਦੀ ਸੁੰਦਰ ਝਲਕ ਦੇਖਣ ਨੂੰ ਮਿਲੀ। ਪ੍ਰੋਗਰਾਮ ਉਪਰੰਤ ਸਾਰੀਆਂ ਮਹਿਲਾਵਾਂ,, ਲਈ ਖੀਰ-ਮਾਲਪੁੜਿਆਂ ਦਾ ਪ੍ਰਸ਼ਾਦ ਤਿਆਰ ਕੀਤਾ ਗਿਆ ਅਤੇ ਸ਼ਰਧਾਪੂਰਵਕ ਵਰਤਾਇਆ ਗਿਆ। ਹਾਜ਼ਰ ਮਹਿਲਾਵਾਂ ਨੇ ਪ੍ਰਸ਼ਾਦ ਗ੍ਰਹਿਣ ਕੀਤਾ ਅਤੇ ਇੱਕ-ਦੂਜੇ ਨੂੰ ਤੀਆਂ ਦੇ ਤਿਉਹਾਰ ਦੀਆਂ ਵਧਾਈਆਂ ਦਿੱਤੀਆਂ।

*ਤੀਆਂ ਦਾ ਇਤਿਹਾਸਕ ਅਤੇ ਸੱਭਿਆਚਾਰਕ ਮਹੱਤਵ*

ਤੀਆਂ ਭਾਰਤ ਦੇ ਪ੍ਰਾਚੀਨ ਅਤੇ ਲੋਕਪ੍ਰਿਯ ਤਿਉਹਾਰਾਂ ਵਿੱਚੋਂ ਇੱਕ ਹੈ, ਜਿਸ ਦਾ ਵਿਸ਼ੇਸ਼ ਸਬੰਧ ਸਾਵਣ ਦੀ ਰੁੱਤ ਅਤੇ ਨਾਰੀ ਸ਼ਕਤੀ ਨਾਲ ਮੰਨਿਆ ਜਾਂਦਾ ਹੈ। ਪੰਜਾਬ ਸਮੇਤ ਉੱਤਰੀ ਭਾਰਤ ਦੇ ਵੱਖ-ਵੱਖ ਇਲਾਕਿਆਂ ਵਿੱਚ ਤੀਆਂ ਨੂੰ ਬੜੇ ਉਤਸ਼ਾਹ ਨਾਲ ਮਨਾਉਣ ਦੀ ਪੁਰਾਤਨ ਪਰੰਪਰਾ ਰਹੀ ਹੈ। ਲੋਕ ਪਰੰਪਰਾਵਾਂ ਵਿੱਚ ਤੀਆਂ ਦੇ ਤਿਉਹਾਰ ਨੂੰ ਭਗਵਾਨ ਸ਼ਿਵ ਅਤੇ ਮਾਤਾ ਪਾਰਵਤੀ ਦੇ ਪਵਿੱਤਰ ਮਿਲਾਪ ਅਤੇ ਮਾਤਾ ਪਾਰਵਤੀ ਦੀ ਤਪੱਸਿਆ ਤੇ ਸਮਰਪਣ ਨਾਲ ਵੀ ਜੋੜਿਆ ਜਾਂਦਾ ਹੈ।ਮਾਨਤਾ ਹੈ ਕਿ ਮਾਤਾ ਪਾਰਵਤੀ ਨੇ ਭਗਵਾਨ ਸ਼ਿਵ ਨੂੰ ਪਤੀ ਰੂਪ ਵਿੱਚ ਪ੍ਰਾਪਤ ਕਰਨ ਲਈ ਕਠੋਰ ਤਪੱਸਿਆ ਕੀਤੀ ਸੀ ਅਤੇ ਉਨ੍ਹਾਂ ਦੀ ਤਪੱਸਿਆ ਤੇ ਸਮਰਪਣ ਤੋਂ ਪ੍ਰਸੰਨ ਹੋ ਕੇ ਭਗਵਾਨ ਸ਼ਿਵ ਨੇ ਉਨ੍ਹਾਂ ਨੂੰ ਸਵੀਕਾਰ ਕੀਤਾ। ਇਸੇ ਕਾਰਨ ਤੀਆਂ ਦਾ ਤਿਉਹਾਰ ਮਹਿਲਾਵਾਂ ਲਈ ਸ਼ਰਧਾ, ਸੁਹਾਗ, ਪਿਆਰ ਅਤੇ ਪਰਿਵਾਰਕ ਸੁੱਖ-ਸਮ੍ਰਿੱਧੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਪੰਜਾਬ ਦੇ ਸੱਭਿਆਚਾਰ ਵਿੱਚ ਤੀਆਂ ਦਾ ਵਿਸ਼ੇਸ਼ ਮਹੱਤਵ ਹੈ। ਸਾਵਣ ਦੇ ਮਹੀਨੇ ਵਿੱਚ ਪੀਂਘਾਂ, ਗਿੱਧਾ, ਲੋਕ ਗੀਤ ਅਤੇ ਬੋਲੀਆਂ ਇਸ ਤਿਉਹਾਰ ਦੀ ਪਹਿਚਾਣ ਰਹੇ ਹਨ। ਪੁਰਾਣੇ ਸਮਿਆਂ ਵਿੱਚ ਪਿੰਡਾਂ ਅਤੇ ਮੁਹੱਲਿਆਂ ਵਿੱਚ ਮਹਿਲਾਵਾਂ ਇਕੱਠੀਆਂ ਹੋ ਕੇ ਪੀਂਘਾਂ ਝੂਟਦੀਆਂ, ਲੋਕ ਗੀਤ ਗਾਉਂਦੀਆਂ ਅਤੇ ਗਿੱਧਾ ਪਾ ਕੇ ਆਪਣੀਆਂ ਖੁਸ਼ੀਆਂ ਦਾ ਪ੍ਰਗਟਾਵਾ ਕਰਦੀਆਂ ਸਨ। ਤੀਆਂ ਸਿਰਫ਼ ਇੱਕ ਧਾਰਮਿਕ ਤਿਉਹਾਰ ਹੀ ਨਹੀਂ, ਸਗੋਂ ਪੰਜਾਬ ਦੀ ਅਮੀਰ ਲੋਕ ਸੱਭਿਆਚਾਰਕ ਵਿਰਾਸਤ, ਮਹਿਲਾ ਭਾਗੀਦਾਰੀ ਅਤੇ ਆਪਸੀ ਮੇਲ-ਜੋਲ ਨੂੰ ਮਜ਼ਬੂਤ ਕਰਨ ਵਾਲਾ ਤਿਉਹਾਰ ਵੀ ਹੈ। ਸ਼੍ਰੀ ਦੁਰਗਾ ਮੰਦਰ ਵਿਖੇ ਕਰਵਾਏ ਗਏ ਇਸ ਪ੍ਰੋਗਰਾਮ ਨੇ ਇਸੇ ਪੁਰਾਤਨ ਲੋਕ ਪਰੰਪਰਾ ਨੂੰ ਜੀਵੰਤ ਕਰਦਿਆਂ ਨਵੀਂ ਪੀੜ੍ਹੀ ਨੂੰ ਆਪਣੀ ਸੱਭਿਆਚਾਰਕ ਵਿਰਾਸਤ ਅਤੇ ਪਰੰਪਰਾਵਾਂ ਨਾਲ ਜੋੜਨ ਦਾ ਸੁੰਦਰ ਸੰਦੇਸ਼ ਦਿੱਤਾ।ਇਸ ਮੌਕੇ ਸ਼੍ਰੀ ਦੁਰਗਾ ਮੰਦਰ ਸੰਕੀਰਤਨ ਮੰਡਲੀ ਦੀਆਂ ਮੈਂਬਰਾਂ ਸਮੇਤ ਮੁਹੱਲੇ ਦੀਆਂ ਵੱਡੀ ਗਿਣਤੀ ਵਿੱਚ ਮਹਿਲਾਵਾਂ ਹਾਜ਼ਰ ਰਹੀਆਂ। ਸਾਰਿਆਂ ਨੇ ਮਿਲ ਕੇ ਤੀਆਂ ਦੇ ਤਿਉਹਾਰ ਨੂੰ ਯਾਦਗਾਰ ਬਣਾਇਆ ਅਤੇ ਭਾਰਤੀ ਤੇ ਪੰਜਾਬੀ ਸੱਭਿਆਚਾਰ ਦੀਆਂ ਅਮੀਰ ਪਰੰਪਰਾਵਾਂ ਨੂੰ ਅੱਗੇ ਵਧਾਉਣ ਦਾ ਸੰਕਲਪ ਲਿਆ।