ਇੱਕ ਡਿੱਗਦੇ ਪੱਤੇ ਦੀ ਗੁਹਾਰ.
ਜੁਦਾ ਹੁੰਦਿਆਂ ਹੀ ਬਿਰਖ ਤੋਂ
ਡਿੱਗਦੇ ਹੋਏ ਪੱਤੇ ਲਿਆ ਡੂੰਘਾ ਹਉਕਾ
ਕਿਤੇ ਮਿੱਧਿਆ ਨਾ ਜਾਵਾਂ ।
ਪੈਰਾਂ ਹੇਠ ਲਿਤਾੜਿਆ ਨਾ ਜਾਵਾਂ ।
ਤੇ ਰੁਲ ਨਾ ਜਾਵਾਂ ਮਿੱਟੀ ਵਿੱਚ
ਹੋ ਕੇ ਬੇਚੈਨ ਕੀਤੀ ਪੱਤੇ ਅਰਜੋਈ
ਨਾ ਮਿੱਧੋ ਮੈਨੂੰ ਪੈਰਾਂ ਥੱਲੇ
ਮੇਰੇ 'ਤੇ ਕੁਝ ਰਹਿਮ ਕਰੋ।
ਰੱਖਿਉ ਯਾਦ
ਜੇਕਰ ਤੁਸਾਂ ਬਚਾ ਲਿਆ ਮੈਨੂੰ
ਮਰ ਮੁੱਕਣ ਤੋਂ
ਤਾਂ ਕਿਸੇ ਵਕਤ ਮੈਂ ਵੀ
ਜ਼ਰੂਰ ਮੋੜਾਂਗਾ ਤੁਹਾਡਾ ਕਰਜ਼ਾ ।
ਜਦੋਂ ਮੈਂ ਸੀ ਬਿਰਖ ਨਾਲ ਜੁੜਿਆ
ਤਾਂ ਝੱਲਦਾ ਸੀ ਮੈਂ ਵੀ
ਤਾਜ਼ੀ ਹਵਾ ਚੌਗਿਰਦੇ 'ਚ
ਭਾਵੇਂ ਛੋਟੀ ਜਿਹੀ ਸੀ ਮੇਰੀ ਕੋਸ਼ਿਸ
ਪਰ ਫੈਲਾਉਂਦਾ ਤਾਂ ਸੀ ਆਕਸੀਜਨ
ਆਪਣੀ ਹੈਸੀਅਤ ਮੁਤਾਬਕ।
ਯਕੀਨਨ ਇਹ ਸੱਭ ਸੀ
ਬਿਨਾਂ ਕਿਸੇ ਹਿਸਾਬ, ਭੇਦ ਭਾਵ
ਵੰਡਦਾ ਸੀ ਛਾਵਾਂ ਤੇ ਸ਼ਰਨ
ਪਰਿੰਦਿਆਂ ਨੂੰ
ਮੈਂ ਨਹੀਂ ਸਿੱਖਿਆ ਕਦੇ
ਕਿਸੇ ਨੂੰ ਨੁਕਸਾਨ ਪਹੁੰਚਾਉਣਾ
ਕਰੋ ਰਹਿਮ ਮੇਰੇ 'ਤੇ
ਜ਼ਰੂਰ ਆਵਾਂਗਾ ਕਿਸੇ ਵਕਤ
ਤੁਹਾਡੇ ਵੀ ਕੰਮ ਮੈਂ
ਕਰੋ ਵਿਸ਼ਵਾਸ ਮੇਰਾ।
- ਡਾ. ਜਗਤਾਰ ਧਿਮਾਨ