ਹੀਟਵੇਵ.
ਲੁਧਿਆਣਾ ਵਿੱਚ ‘ਤਪਸ਼’ ਨਾਟਕ ਦੇ ਮੰਚਨ ਰਾਹੀਂ 650 ਤੋਂ ਵੱਧ ਲੋਕਾਂ ਨੇ ਹੀਟਵੇਵ ਅਤੇ ਇਸ ਦੇ ਹੱਲ ਬਾਰੇ ਜਾਣਕਾਰੀ ਹਾਸਲ ਕੀਤੀ
ਲੁਧਿਆਣਾ, 19 ਅਗਸਤ 2026: ਪੰਜਾਬੀ ਸਮਾਜਿਕ ਨਾਟਕ ‘ਤਪਸ਼’ ਨੇ ਅਤਿ ਗਰਮੀ, ਇਸ ਨਾਲ ਨਜਿੱਠਣ ਦੀਆਂ ਤਿਆਰੀਆਂ ਅਤੇ ਭਾਈਚਾਰਾ-ਅਧਾਰਿਤ ਹੱਲਾਂ ਬਾਰੇ ਚਰਚਾ ਨੂੰ ਲੁਧਿਆਣਾ ਤੱਕ ਪਹੁੰਚਾਇਆ। ਰੰਗਮੰਚ ਰਾਹੀਂ ਇਸ ਨਾਟਕ ਨੇ ਬਦਲ ਰਹੇ ਮੌਸਮ ਦੀਆਂ ਹਕੀਕਤਾਂ ਨੂੰ ਪੰਜਾਬ ਦੇ ਲੋਕਾਂ ਦੇ ਰੋਜ਼ਾਨਾ ਤਜਰਬਿਆਂ ਨਾਲ ਜੋੜਨ ਦਾ ਯਤਨ ਕੀਤਾ।
ਰੋਜ਼ ਗਾਰਡਨ ਦੇ ਨੇੜੇ ਸਿਵਲ ਲਾਈਨਜ਼ ਸਥਿਤ ਐਸਸੀਡੀ ਸਰਕਾਰੀ ਕਾਲਜ ਵਿੱਚ ਯੰਗ ਮਲੰਗ ਥੀਏਟਰ ਵੈਲਫੇਅਰ ਸੋਸਾਇਟੀ ਵੱਲੋਂ ਪੇਸ਼ ਕੀਤੇ ਗਏ ਇਸ ਨਾਟਕ ਵਿੱਚ 650 ਤੋਂ ਵੱਧ ਵਿਦਿਆਰਥੀਆਂ, ਅਧਿਆਪਕਾਂ, ਸਰਕਾਰੀ ਨੁਮਾਇੰਦਿਆਂ, ਸਿੱਖਿਆ ਸ਼ਾਸਤਰੀਆਂ, ਵਾਤਾਵਰਣ ਪ੍ਰੇਮੀਆਂ, ਸਿਵਲ ਸੋਸਾਇਟੀ ਸੰਸਥਾਵਾਂ ਅਤੇ ਆਮ ਲੋਕਾਂ ਨੇ ਸ਼ਮੂਲੀਅਤ ਕੀਤੀ।
ਨਾਟਕ ਵਿੱਚ ਦੱਸਿਆ ਗਿਆ ਕਿ ਅਤਿ ਗਰਮੀ ਸਿਹਤ, ਰੋਜ਼ਗਾਰ, ਖੇਤੀਬਾੜੀ, ਪਾਣੀ ਦੀ ਉਪਲਬਧਤਾ, ਗਿਗ ਵਰਕਰਾਂ ਅਤੇ ਰੋਜ਼ਾਨਾ ਜੀਵਨ ਨੂੰ ਕਿਸ ਤਰ੍ਹਾਂ ਪ੍ਰਭਾਵਿਤ ਕਰਦੀ ਹੈ। ਇਸ ਦੇ ਨਾਲ ਹੀ, ਭਾਈਚਾਰਿਆਂ ਨੂੰ ਗਰਮੀ ਨਾਲ ਨਜਿੱਠਣ ਲਈ ਤਿਆਰ ਕਰਨ ਵਾਲੇ ਵਿਹਾਰਕ ਉਪਾਵਾਂ ’ਤੇ ਵੀ ਧਿਆਨ ਕੇਂਦਰਿਤ ਕੀਤਾ ਗਿਆ, ਜਿਨ੍ਹਾਂ ਵਿੱਚ ਸ਼ਹਿਰੀ ਹਰਿਆਵਲ ਵਧਾਉਣਾ, ਪਾਣੀ ਦੀ ਸੰਭਾਲ, ਗਰਮੀ ਤੋਂ ਸੁਰੱਖਿਅਤ ਕਾਰਜ ਸਥਾਨ, ਮੁਕਾਬਲਤਨ ਠੰਢੀਆਂ ਜਨਤਕ ਥਾਵਾਂ ਅਤੇ ਮੌਸਮ ਤੇ ਗਰਮੀ ਨਾਲ ਸਬੰਧਤ ਸਿਹਤ ਜਾਣਕਾਰੀ ਤੱਕ ਬਿਹਤਰ ਪਹੁੰਚ ਸ਼ਾਮਲ ਹਨ।
ਦਵਿੰਦਰ ਗਿੱਲ ਵੱਲੋਂ ਲਿਖੇ, ਸਾਜਨ ਕਪੂਰ ਵੱਲੋਂ ਨਿਰਦੇਸ਼ਿਤ ਅਤੇ ਸਨਮ ਸੁਤੀਰਥ ਵਜ਼ੀਰ ਦੀ ਪਰਿਕਲਪਨਾ ’ਤੇ ਆਧਾਰਿਤ ‘ਤਪਸ਼’ ਵਿੱਚ ਹਾਰੁਨ ਅਰੋੜਾ ਸਹਾਇਕ ਨਿਰਦੇਸ਼ਕ ਰਹੇ। ਇਸ ਦਾ ਆਯੋਜਨ ਅਸਰ, ਕਲੀਨ ਏਅਰ ਪੰਜਾਬ, ਸਾਂਝ ਪੰਜਾਬ, ਏਅਰਕੇਅਰ ਸੈਂਟਰ ਅਤੇ ਨਗਰ ਨਿਗਮ ਲੁਧਿਆਣਾ ਦੇ ਸਹਿਯੋਗ ਨਾਲ ਕੀਤਾ ਗਿਆ। ਹੀਟ ਪਰਸੈਪਸ਼ਨ ਸਰਵੇ ਵੀ ਅੱਜ ਇੱਥੇ ਲਾਂਚ ਕੀਤਾ ਗਿਆ।
ਇਸ ਪੇਸ਼ਕਾਰੀ ਨੇ ਦਰਸ਼ਕਾਂ ਨੂੰ ਗਰਮੀ ਨੂੰ ਸਿਰਫ਼ ਮੌਸਮ ਦੀ ਇੱਕ ਘਟਨਾ ਵਜੋਂ ਨਹੀਂ, ਸਗੋਂ ਅਜਿਹੀ ਚੁਣੌਤੀ ਵਜੋਂ ਦੇਖਣ ਦਾ ਮੌਕਾ ਦਿੱਤਾ, ਜਿਸ ਲਈ ਪਹਿਲਾਂ ਤੋਂ ਤਿਆਰੀ ਅਤੇ ਸਾਂਝੀ ਕਾਰਵਾਈ ਜ਼ਰੂਰੀ ਹੈ।
ਕਲੀਨ ਏਅਰ ਪੰਜਾਬ ਦੀ ਗੁਰਪ੍ਰੀਤ ਕੌਰ ਨੇ ਕਿਹਾ, “ਗਰਮੀ ਨਾਲ ਨਜਿੱਠਣ ਦੀ ਸਮਰੱਥਾ ਆਖ਼ਿਰਕਾਰ ਸਾਡੇ ਘਰਾਂ, ਕਾਰਜ ਸਥਾਨਾਂ ਅਤੇ ਮੁਹੱਲਿਆਂ ਵਿੱਚ ਕੀਤੇ ਜਾਣ ਵਾਲੇ ਫ਼ੈਸਲਿਆਂ ’ਤੇ ਨਿਰਭਰ ਕਰਦੀ ਹੈ। ਛਾਂ ਦਾ ਪ੍ਰਬੰਧ ਕਰਨਾ, ਰੁੱਖਾਂ ਦੀ ਰੱਖਿਆ ਕਰਨਾ, ਪੀਣ ਵਾਲੇ ਪਾਣੀ ਤੱਕ ਬਿਹਤਰ ਪਹੁੰਚ ਯਕੀਨੀ ਬਣਾਉਣਾ, ਕਾਰਜ ਸਥਾਨਾਂ ਨੂੰ ਸੁਰੱਖਿਅਤ ਬਣਾਉਣਾ ਅਤੇ ਕਮਜ਼ੋਰ ਲੋਕਾਂ ਨੂੰ ਸਮੇਂ ਸਿਰ ਸਹਾਇਤਾ ਮੁਹੱਈਆ ਕਰਵਾਉਣਾ ਅਜਿਹੇ ਵਿਹਾਰਕ ਕਦਮ ਹਨ, ਜਿਨ੍ਹਾਂ ਨੂੰ ਭਾਈਚਾਰੇ ਅਪਣਾ ਸਕਦੇ ਹਨ। ‘ਤਪਸ਼’ ਇਨ੍ਹਾਂ ਹੱਲਾਂ ਨੂੰ ਵਿਆਪਕ ਜਨਤਕ ਚਰਚਾ ਦਾ ਹਿੱਸਾ ਬਣਾਉਣ ਵਿੱਚ ਮਦਦ ਕਰਦਾ ਹੈ।”
ਪੇਸ਼ਕਾਰੀ ਵਿੱਚ ਘਰੇਲੂ ਅਤੇ ਆਂਢ-ਗੁਆਂਢ ਪੱਧਰ ’ਤੇ ਕੀਤੇ ਜਾਣ ਵਾਲੇ ਯਤਨਾਂ ਦੀ ਭੂਮਿਕਾ ਨੂੰ ਵੀ ਉਜਾਗਰ ਕੀਤਾ ਗਿਆ। ਲੁਧਿਆਣਾ ਦੀ ਅਧਿਆਪਕਾ ਰਿਤੂ ਮਲਹਾਨ ਨੇ ਆਪਣੇ ਘਰ ਦੀ ਛੱਤ ’ਤੇ ਵਿਸ਼ਾਲ ਟੈਰਸ ਗਾਰਡਨ ਅਤੇ ਸਬਜ਼ੀਆਂ ਦਾ ਬਗੀਚਾ ਤਿਆਰ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਹਰਿਆਲੀ ਨੇ ਘਰ ਦੇ ਰਹਿਣ-ਸਹਿਣ ਦੇ ਵਾਤਾਵਰਣ ਵਿੱਚ ਸਪੱਸ਼ਟ ਤੌਰ ’ਤੇ ਸਕਾਰਾਤਮਕ ਬਦਲਾਅ ਲਿਆਂਦਾ ਹੈ।
ਉਨ੍ਹਾਂ ਕਿਹਾ, “ਟੈਰਸ ਗਾਰਡਨ ਨੇ ਘਰ ਵਿੱਚ ਗਰਮੀਆਂ ਦਾ ਅਨੁਭਵ ਕਰਨ ਦੇ ਸਾਡੇ ਤਰੀਕੇ ਨੂੰ ਬਦਲ ਦਿੱਤਾ ਹੈ। ਪੌਦੇ ਅਤੇ ਹਰਿਆਲੀ ਛਾਂ ਪ੍ਰਦਾਨ ਕਰਦੇ ਹਨ ਅਤੇ ਥਾਂ ਨੂੰ ਕਾਫ਼ੀ ਠੰਢਾ ਰੱਖਦੇ ਹਨ। ਇਸ ਦੇ ਨਾਲ ਹੀ ਸਾਨੂੰ ਘਰ ਵਿੱਚ ਉਗਾਈਆਂ ਤਾਜ਼ੀਆਂ ਸਬਜ਼ੀਆਂ ਵੀ ਮਿਲਦੀਆਂ ਹਨ। ਇਹ ਇੱਕ ਸਧਾਰਨ ਪਰ ਪ੍ਰਭਾਵਸ਼ਾਲੀ ਉਦਾਹਰਨ ਹੈ ਕਿ ਕਿਸ ਤਰ੍ਹਾਂ ਆਪਣੇ ਘਰਾਂ ਵਿੱਚ ਹਰਿਆਲੀ ਵਧਾ ਕੇ ਵਧਦੇ ਤਾਪਮਾਨ ਦੇ ਪ੍ਰਭਾਵਾਂ ਦਾ ਸਾਹਮਣਾ ਕਰਨ ਲਈ ਮਜ਼ਬੂਤੀ ਵਿਕਸਿਤ ਕਰਨ ਵਿੱਚ ਮਦਦ ਮਿਲ ਸਕਦੀ ਹੈ। ਸਾਨੂੰ ਆਪਣੇ ਸ਼ਹਿਰਾਂ ਵਿੱਚ ਇਸ ਤਰ੍ਹਾਂ ਦੀਆਂ ਹੋਰ ਪਹਿਲਕਦਮੀਆਂ ਨੂੰ ਉਤਸ਼ਾਹਿਤ ਕਰਨ ਅਤੇ ਅਪਣਾਉਣ ਦੀ ਲੋੜ ਹੈ।”
ਪੰਜਾਬ ਦੇ ਖੇਤੀਬਾੜੀ ਅਤੇ ਵਿਗਿਆਨਕ ਭਾਈਚਾਰਿਆਂ ਲਈ ਵੀ ਗਰਮੀ ਨਾਲ ਨਜਿੱਠਣ ਦੀ ਸਮਰੱਥਾ ਮਹੱਤਵਪੂਰਨ ਹੈ। ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੀ ਸੀਨੀਅਰ ਵਿਗਿਆਨੀ (ਐਗਰੋਮੈਟਿਓਰੋਲੋਜੀ) ਡਾ. ਪ੍ਰਭਜ੍ਯੋਤ ਕੌਰ ਨੇ ਕਿਹਾ, “ਗਰਮੀ ਅਤੇ ਬਦਲਦੇ ਮੌਸਮ ਦੇ ਪੈਟਰਨ ਦਾ ਫ਼ਸਲਾਂ, ਮਿੱਟੀ ਦੀ ਨਮੀ, ਪਾਣੀ ਦੀ ਲੋੜ ਅਤੇ ਖੇਤੀਬਾੜੀ ਨਾਲ ਸਬੰਧਤ ਫ਼ੈਸਲਿਆਂ ’ਤੇ ਸਿੱਧਾ ਪ੍ਰਭਾਵ ਪੈਂਦਾ ਹੈ। ਕਿਸਾਨਾਂ ਨੂੰ ਸਮੇਂ ਸਿਰ ਮੌਸਮ ਸਬੰਧੀ ਜਾਣਕਾਰੀ, ਸਲਾਹ ਅਤੇ ਵਿਹਾਰਕ ਅਨੁਕੂਲਨ ਉਪਾਵਾਂ ਦੀ ਲੋੜ ਹੁੰਦੀ ਹੈ। ਖੇਤੀਬਾੜੀ ਵਿੱਚ ਜਲਵਾਯੂ ਲਚਕੀਲਾਪਣ ਵਿਕਸਿਤ ਕਰਨ ਦਾ ਮਤਲਬ ਕਿਸਾਨਾਂ ਨੂੰ ਬਦਲਦੀਆਂ ਸਥਿਤੀਆਂ ਦਾ ਅੰਦਾਜ਼ਾ ਲਗਾਉਣ ਅਤੇ ਸੂਝਵਾਨ ਫ਼ੈਸਲੇ ਲੈਣ ਦੇ ਯੋਗ ਬਣਾਉਣਾ ਹੈ।”
ਇਸ ਪ੍ਰਸਤੁਤੀ ਰਾਹੀਂ ਇਸ ਵਿਸ਼ੇ ਨੂੰ ਸਿੱਧੇ ਤੌਰ ’ਤੇ ਵਿਦਿਅਕ ਮਾਹੌਲ ਨਾਲ ਵੀ ਜੋੜਿਆ ਗਿਆ ਅਤੇ ਨੌਜਵਾਨਾਂ ਨੂੰ ਇਹ ਸੋਚਣ ਲਈ ਪ੍ਰੇਰਿਤ ਕੀਤਾ ਗਿਆ ਕਿ ਜਲਵਾਯੂ ਪਰਿਵਰਤਨ ਪ੍ਰਤੀ ਲਚੀਲਾਪਣ ਉਨ੍ਹਾਂ ਦੇ ਭਾਈਚਾਰਿਆਂ ਅਤੇ ਰੋਜ਼ਾਨਾ ਜੀਵਨ ਦਾ ਹਿੱਸਾ ਕਿਵੇਂ ਬਣ ਸਕਦਾ ਹੈ। ਐਸਸੀਡੀ ਕਾਲਜ ਦੀ ਡੀਨ, ਕਲਚਰਲ, ਪ੍ਰੋ. ਗੀਤਾਂਜਲੀ ਪਬਰੇਜਾ ਨੇ ਕਿਹਾ, “ਵਿਦਿਆਰਥੀਆਂ ਲਈ ਜਲਵਾਯੂ ਪਰਿਵਰਤਨ ਅਕਸਰ ਇੱਕ ਦੂਰ ਦੀ ਅਤੇ ਬਹੁਤ ਹੀ ਚੁਣੌਤੀਪੂਰਨ ਸਮੱਸਿਆ ਜਾਪਦਾ ਹੈ। ‘ਤਪਿਸ਼’ ਨੇ ਸਾਡੇ ਆਲੇ-ਦੁਆਲੇ ਦੇ ਲੋਕਾਂ ਅਤੇ ਥਾਵਾਂ ’ਤੇ ਵਧ ਰਹੀ ਗਰਮੀ ਦੇ ਪ੍ਰਭਾਵਾਂ ਨੂੰ ਉਜਾਗਰ ਕਰਦਿਆਂ ਇਸ ਮੁੱਦੇ ਨੂੰ ਸਾਡੇ ਆਪਣੇ ਜੀਵਨ ਦੇ ਨੇੜੇ ਲਿਆ ਦਿੱਤਾ ਹੈ। ਇਸ ਨੇ ਸਾਨੂੰ ਇਹ ਵੀ ਯਾਦ ਦਿਵਾਇਆ ਕਿ ਹੱਲ ਕਿਤੇ ਹੋਰ ਤੋਂ ਸ਼ੁਰੂ ਹੋਣਾ ਜ਼ਰੂਰੀ ਨਹੀਂ ਹੈ—ਅਸੀਂ ਹਰੇ-ਭਰੇ ਖੇਤਰ ਵਧਾ ਕੇ, ਪਾਣੀ ਦੀ ਸੰਭਾਲ ਕਰਕੇ ਅਤੇ ਅਤਿਅਧਿਕ ਗਰਮੀ ਨਾਲ ਨਜਿੱਠਣ ਲਈ ਤਿਆਰ ਰਹਿ ਕੇ ਇਸ ਦੀ ਸ਼ੁਰੂਆਤ ਇੱਥੇ ਹੀ ਆਪਣੇ ਕੈਂਪਸ, ਘਰਾਂ ਅਤੇ ਭਾਈਚਾਰਿਆਂ ਤੋਂ ਕਰ ਸਕਦੇ ਹਾਂ।”
`ਤਪਸ਼’ ਕਲਾਈਮੇਟ ਕਲਚਰ ਕਲੈਕਟਿਵ ਦਾ ਹਿੱਸਾ ਹੈ। ਇਹ ਇੱਕ ਅਜਿਹੀ ਪਹਿਲਕਦਮੀ ਹੈ, ਜੋ ਕਲਾਕਾਰਾਂ, ਕਹਾਣੀਕਾਰਾਂ, ਪੱਤਰਕਾਰਾਂ, ਫ਼ਿਲਮਕਾਰਾਂ, ਸੰਗੀਤਕਾਰਾਂ ਅਤੇ ਸੱਭਿਆਚਾਰਕ ਸੰਸਥਾਵਾਂ ਨੂੰ ਇਕੱਠਾ ਕਰਕੇ ਜਲਵਾਯੂ ਨਾਲ ਸਬੰਧਤ ਚਰਚਾਵਾਂ ਨੂੰ ਰੋਜ਼ਾਨਾ ਸੱਭਿਆਚਾਰ ਦਾ ਹਿੱਸਾ ਬਣਾਉਣ ਦਾ ਯਤਨ ਕਰਦੀ ਹੈ। ਕਲੈਕਟਿਵ ਦਾ ਉਦੇਸ਼ ਜਲਵਾਯੂ ਵਿਗਿਆਨ ਅਤੇ ਨੀਤੀਆਂ ਨੂੰ ਅਜਿਹੀਆਂ ਕਹਾਣੀਆਂ ਵਿੱਚ ਬਦਲਣਾ ਹੈ, ਜਿਨ੍ਹਾਂ ਨੂੰ ਲੋਕ ਦੇਖ, ਸੁਣ ਅਤੇ ਮਹਿਸੂਸ ਕਰ ਸਕਣ। ਇਸ ਨਾਲ ਗੁੰਝਲਦਾਰ ਮੁੱਦਿਆਂ ਨੂੰ ਵਧੇਰੇ ਆਸਾਨ ਬਣਾਉਣ ਦੇ ਨਾਲ-ਨਾਲ ਜਨਤਕ ਸੰਵਾਦ, ਸਾਂਝੀ ਜ਼ਿੰਮੇਵਾਰੀ ਅਤੇ ਕਾਰਵਾਈ ਨੂੰ ਉਤਸ਼ਾਹਿਤ ਕੀਤਾ ਜਾਂਦਾ ਹੈ।
`ਤਪਸ਼’ ਵਰਗੀਆਂ ਪਹਿਲਕਦਮੀਆਂ ਰਾਹੀਂ ਕਲੈਕਟਿਵ ਦਾ ਉਦੇਸ਼ ਭਾਈਚਾਰਿਆਂ ਲਈ ਜਲਵਾਯੂ ਨਾਲ ਸਬੰਧਤ ਚੁਣੌਤੀਆਂ ਨਾਲ ਜੁੜਨ ਅਤੇ ਜਲਵਾਯੂ ਪ੍ਰਤੀ ਲਚਕੀਲੇ ਭਵਿੱਖ ਦੇ ਨਿਰਮਾਣ ਵਿੱਚ ਸਰਗਰਮ ਭਾਗੀਦਾਰ ਬਣਨ ਲਈ ਨਵੇਂ ਮੰਚ ਤਿਆਰ ਕਰਨਾ ਹੈ।
ਲੁਧਿਆਣਾ ਵਿੱਚ ਆਯੋਜਿਤ ਇਸ ਪੇਸ਼ਕਾਰੀ ਨੇ ਇਹ ਦਰਸਾਇਆ ਕਿ ਸੱਭਿਆਚਾਰਕ ਮੰਚ ਸਰਕਾਰੀ, ਵਿਗਿਆਨਕ ਅਤੇ ਭਾਈਚਾਰਕ ਯਤਨਾਂ ਦੇ ਪੂਰਕ ਕਿਵੇਂ ਬਣ ਸਕਦੇ ਹਨ ਅਤੇ ਵੱਖ-ਵੱਖ ਦ੍ਰਿਸ਼ਟੀਕੋਣਾਂ ਨੂੰ ਇੱਕੋ ਚਰਚਾ ਵਿੱਚ ਕਿਵੇਂ ਲਿਆ ਸਕਦੇ ਹਨ। ਪ੍ਰਬੰਧਕਾਂ ਨੇ ਕਿਹਾ ਕਿ ਇਸ ਸਮਾਗਮ ਦਾ ਉਦੇਸ਼ ਗਰਮੀ ਨਾਲ ਨਜਿੱਠਣ ਦੀਆਂ ਵਿਹਾਰਕ ਤਿਆਰੀਆਂ ਨੂੰ ਲੈ ਕੇ ਨਾਗਰਿਕਾਂ, ਸਰਕਾਰੀ ਵਿਭਾਗਾਂ, ਸਿੱਖਿਆ ਸੰਸਥਾਵਾਂ, ਖੋਜਕਰਤਾਵਾਂ ਅਤੇ ਸਿਵਲ ਸੋਸਾਇਟੀ ਵਿਚਕਾਰ ਬਿਹਤਰ ਸਹਿਯੋਗ ਨੂੰ ਉਤਸ਼ਾਹਿਤ ਕਰਨਾ ਸੀ।
