ਪੁਸਤਕ ਲੋਕ ਅਰਪਣ .
ਭਵਨ ਨਿਰਮਾਣ ਕਲਾ ਦੇ ਧੁਰੰਧਰ ਭਾਈ ਰਾਮ ਸਿੰਘ ਦੇ ਜੀਵਨ ਅਤੇ ਕਾਰਜਾਂ ਬਾਰੇ ਪੁਸਤਕ ਲੋਕ ਅਰਪਣ
ਲੁਧਿਆਣਾ: ਖਾਲਸਾ ਕਾਲਿਜ ਅੰਮ੍ਰਿਤਸਰ ਸਮੇਤ ਕਈ ਪ੍ਰਮੁੱਖ ਇਮਾਰਤਾਂ ਦੇ ਆਰਕੀਟੈਕਟ ਭਾਈ ਰਾਮ ਸਿੰਘ ਦੇ ਜੀਵਨ ਅਤੇ ਭਵਨ ਨਿਰਮਾਣ ਕਾਰਜਾਂ ਬਾਰੇ ਪਾਕਿਸਤਾਨੀ ਲੇਖਕ ਜੋੜੀ ਸਾਜਿਦਾ ਵੰਡਲ ਤੇ ਪਰਵੇਜ਼ ਵੰਡਲ ਦੁਆਰਾ ਰਚਿਤ ਪੁਸਤਕ 'ਦ ਰਾਜ,ਲਾਹੌਰ ਐਂਡ ਭਾਈ ਰਾਮ ਸਿੰਘ' ਦਾ ਭਾਰਤੀ ਐਡੀਸ਼ਨ ਸ਼ਨੀਵਾਰ ਨੂੰ ਰਾਮਗੜ੍ਹੀਆ ਗਰਲਜ਼ ਕਾਲਿਜ ਮਿਲਰ ਗੰਜ ਦੇ ਮਾਤਾ ਤ੍ਰਿਪਤਾ ਜੀ ਹਾਲ ਵਿਖੇ ਹੋਏ ਇੱਕ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਲੋਕ ਅਰਪਣ ਕੀਤਾ ਗਿਆ। ਸਮਾਗਮ ਦੇ ਮੁੱਖ ਮਹਿਮਾਨ ਪਦਮ ਵਿਭੂਸ਼ਨ ਡਾ. ਸਰਦਾਰਾ ਸਿੰਘ ਜੌਹਲ, ਨਿਰਮਲ ਅਰਪਨ, ਪ੍ਰੋ. ਗੁਰਭਜਨ ਸਿੰਘ ਗਿੱਲ, ਰਾਮਗੜ੍ਹੀਆ ਵਿਦਿਅਕ ਸੰਸਥਾਵਾਂ ਦੇ ਪ੍ਰਧਾਨ ਰਣਜੋਧ ਸਿੰਘ, ਤੇਜ ਪ੍ਰਕਾਸ਼ ਸਿੰਘ ਸੰਧੂ ਅਤੇ ਸਿੱਖ ਇਤਿਹਾਸਕਾਰ ਪ੍ਰੋ. ਅਨੁਰਾਗ ਸਿੰਘ ਨੇ ਸਾਂਝੇ ਤੌਰ ਤੇ ਪੁਸਤਕ ਨੂੰ ਰਿਲੀਜ਼ ਕਰਨ ਦੀ ਰਸਮ ਅਦਾ ਕੀਤੀ।ਆਏ ਮਹਿਮਾਨਾਂ ਨੂੰ ਜੀ ਆਇਆਂ ਆਖਦਿਆਂ ਰਣਜੋਧ ਸਿੰਘ ਨੇ ਦੱਸਿਆ ਕਿ ਪੁਸਤਕ ਦੇ ਭਾਰਤੀ ਐਡੀਸ਼ਨ ਨੂੰ ਸੰਦੀਪ ਸਿੰਘ ਆਰਟਿਸਟ ਅਤੇ ਹਰਦੀਪ ਸਿੰਘ ਆਰਟਿਸਟ ਵੱਲੋਂ ਭਾਈ ਰਾਮ ਸਿੰਘ ਬਾਰੇ ਹੋਰ ਵਧੇਰੇ ਜਾਣਕਾਰੀ ਅਤੇ ਉਹਨਾਂ ਵੱਲੋਂ ਕੀਤੇ ਵੱਡਮੁੱਲੇ ਕੰਮਾਂ ਦੇ ਵੇਰਵੇ ਸਹਿਤ ਖੂਬਸੂਰਤ ਢੰਗ ਨਾਲ ਸੱਚਲ ਪ੍ਰਕਾਸ਼ਨ ਦੇ ਸਹਿਯੋਗ ਨਾਲ ਇੱਕ ਇਤਿਹਾਸਿਕ ਦਸਤਾਵੇਜ਼ ਦੇ ਰੂਪ ਵਿਚ ਪੇਸ਼ ਕੀਤਾ ਗਿਆ ਹੈ। ਸੰਦੀਪ ਸਿੰਘ ਆਰਟਿਸਟ ਨੇ ਭਾਈ ਰਾਮ ਸਿੰਘ, ਉਹਨਾਂ ਵੱਲੋਂ ਕੀਤੇ ਗਏ ਆਰਕੀਟੈਕਚਰ ਦੇ ਅਣਮੁੱਲੇ ਨਮੂਨਿਆਂ ਅਤੇ ਪੁਸਤਕ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ। ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਸੰਦੀਪ ਸਿੰਘ ਆਰਟਿਸਟ ਨੇ ਇਸ ਪੁਸਤਕ ਦੁਆਰਾ ਸਿਰਫ਼ ਭਾਈ ਰਾਮ ਸਿੰਘ ਦੇ ਕਾਰਜਾਂ ਬਾਰੇ ਹੀ ਦੱਸਣ ਦਾ ਉਪਰਾਲਾ ਨਹੀਂ ਕੀਤਾ ਸਗੋਂ ਸਾਡੀ ਅਣਮੁੱਲੀ ਵਿਰਾਸਤ ਨੂੰ ਸੰਭਾਲਣ ਦਾ ਕਾਰਜ ਵੀ ਕੀਤਾ ਹੈ, ਜਿਸਤੋਂ ਆਉਣ ਵਾਲੀ ਪੀੜ੍ਹੀ ਜਾਣੂੰ ਵੀ ਹੋਵੇਗੀ ਅਤੇ ਉਸਤੋਂ ਪ੍ਰੇਰਨਾ ਵੀ ਲੈ ਸਕੇਗੀ। ਪ੍ਰੋ.ਅਨੁਰਾਗ ਸਿੰਘ ਨੇ ਪੁਸਤਕ ਦੇ ਪ੍ਰਕਾਸ਼ਨ ਨੂੰ ਇਤਿਹਾਸਕ ਦਸਤਾਵੇਜ਼ ਦੱਸਦੇ ਹੋਏ ਇਸਦੇ ਪ੍ਰਕਾਸ਼ਕ ਨੂੰ ਵਧਾਈ ਦਿੱਤੀ। ਇਸ ਮੌਕੇ ਵਿਸ਼ੇਸ਼ ਮਹਿਮਾਨਾਂ ਤੋਂ ਇਲਾਵਾ ਮਨਦੀਪ ਸਿੰਘ ਮੰਨੂ ਆਰਟਿਸਟ ਨੂੰ ਸਨਮਾਨਿਤ ਵੀ ਕੀਤਾ ਗਿਆ। ਕਾਲਜ ਦੀ ਪ੍ਰਿੰਸੀਪਲ ਡਾ. ਅਜੀਤ ਕੌਰ ਨੇ ਸਭ ਦਾ ਧੰਨਵਾਦ ਕਰਦਿਆਂ ਕਿਹਾ ਕਿ ਕਾਲਜ ਵੱਲੋਂ ਪੁਸਤਕ ਰਿਲੀਜ਼ ਸਮਾਰੋਹ ਵਿਦਿਆਰਥੀਆਂ ਨੂੰ ਪੁਸਤਕ ਸੱਭਿਆਚਾਰ ਨਾਲ ਜੋੜਨ ਦੇ ਉਦੇਸ਼ ਨਾਲ ਕਰਵਾਏ ਜਾਂਦੇ ਹਨ ਤਾਂ ਕਿ ਉਹ ਆਪਣੀ ਭਾਸ਼ਾ, ਸੱਭਿਆਚਾਰ ਅਤੇ ਵਿਰਾਸਤ ਤੋਂ ਜਾਣੂੰ ਹੋਣ। ਸਮਾਗਮ ਦਾ ਸੰਚਾਲਨ ਪੰਜਾਬੀ ਵਿਭਾਗ ਦੀ ਮੁਖੀ ਡਾ. ਹਰਵਿੰਦਰ ਕੌਰ ਨੇ ਬਹੁਤ ਸੁਚੱਜੇ ਢੰਗ ਨਾਲ ਕੀਤਾ। ਇਸ ਮੌਕੇ ਜਸਪ੍ਰੀਤ ਅਮਲਤਾਸ, ਚਰਨਜੀਤ ਸਿੰਘ, ਦੀਪ ਜਗਦੀਪ ਸਿੰਘ, ਪਰਮਜੀਤ ਸਿੰਘ ਗਰੇਵਾਲ, ਮੀਤ ਅਨਮੋਲ ਵੀ ਹਾਜ਼ਰ ਸਨ।
