ਸੀਵਰੇਜ ਦੀ ਸਫ਼ਾਈ .

*ਪੁਰਾਣੇ ਸ਼ਹਿਰ ਵਿੱਚ ਜਾਮ ਪਈ ਵੱਡੀ ਸੀਵਰੇਜ ਲਾਈਨ ਦੀ ਸਫ਼ਾਈ ਲਈ ਨਗਰ ਨਿਗਮ ਨੇ ਲਗਾਈਆਂ ਸਵਿਸ-ਜਰਮਨ ਮਸ਼ੀਨਾਂ*

*78 ਇੰਚ ਚੌੜੀ ਸੀਵਰੇਜ ਲਾਈਨ ਸਾਫ਼ ਹੋਣ ਨਾਲ ਢੋਕਾ ਮੁਹੱਲਾ ਅਤੇ ਬੁੱਢੇ ਦਰਿਆ ਦੇ ਨੇੜਲੇ ਨੀਵੇਂ ਇਲਾਕਿਆਂ ਨੂੰ ਜਲ-ਭਰਾਅ ਤੋਂ ਮਿਲੇਗੀ ਵੱਡੀ ਰਾਹਤ: ਮੇਅਰ ਇੰਦਰਜੀਤ ਕੌਰ*

*ਸੀਵਰੇਜ ਦੇ ਵਹਾਅ ਨੂੰ ਠੀਕ ਕਰਨ ਅਤੇ ਜਮਾਲਪੁਰ ਐਸ.ਟੀ.ਪੀ. ਦਾ ਬੋਝ ਘਟਾਉਣ ਲਈ ਸੁਪਰ-ਸਕਸ਼ਨ ਮਸ਼ੀਨਾਂ ਅਤੇ ਰੋਬੋਟਿਕ ਕੈਮਰਿਆਂ ਦੀ ਕੀਤੀ ਜਾ ਰਹੀ ਹੈ ਵਰਤੋਂ*

*ਨਿਰੀਖਣ ਦੌਰਾਨ ਪਨਗ੍ਰੇਨ ਦੇ ਚੇਅਰਮੈਨ ਡਾ. ਤੇਜਪਾਲ ਸਿੰਘ ਗਿੱਲ ਵੀ ਮੇਅਰ ਦੇ ਨਾਲ ਰਹੇ ਮੌਜੂਦ*

ਲੁਧਿਆਣਾ, 26 ਅਗਸਤ:
ਬੁੱਢੇ ਦਰਿਆ ਦੇ ਨਾਲ ਲੱਗਦੇ ਢੋਕਾ ਮੁਹੱਲਾ ਅਤੇ ਹੋਰ ਨੀਵੇਂ ਇਲਾਕਿਆਂ ਵਿੱਚ ਪਾਣੀ ਭਰਨ ਦੀ ਪੁਰਾਣੀ ਸਮੱਸਿਆ ਨੂੰ ਹੱਲ ਕਰਨ ਲਈ ਨਗਰ ਨਿਗਮ ਲੁਧਿਆਣਾ ਨੇ ਵੱਡਾ ਕਦਮ ਚੁੱਕਿਆ ਹੈ। ਪੁਰਾਣੇ ਸ਼ਹਿਰ ਵਿੱਚ ਗਊਘਾਟ ਗੁਰਦੁਆਰਾ ਸਾਹਿਬ ਦੇ ਨੇੜੇ ਲੰਬੇ ਸਮੇਂ ਤੋਂ ਜਾਮ ਪਈ 78 ਇੰਚ ਦੀ ਮੁੱਖ ਸੀਵਰੇਜ ਲਾਈਨ ਦੀ ਸਫ਼ਾਈ ਲਈ ਸਵਿਸ ਅਤੇ ਜਰਮਨ ਤਕਨੀਕ ਵਾਲੀਆਂ ਅਤਿ ਆਧੁਨਿਕ ਸੁਪਰ-ਸਕਸ਼ਨ ਮਸ਼ੀਨਾਂ ਅਤੇ ਰੋਬੋਟਿਕ ਜਾਂਚ ਕੈਮਰੇ ਤਾਇਨਾਤ ਕੀਤੇ ਗਏ ਹਨ।

ਮੇਅਰ ਇੰਦਰਜੀਤ ਕੌਰ ਨੇ ਬੁੱਧਵਾਰ ਨੂੰ ਮੌਕੇ 'ਤੇ ਪਹੁੰਚ ਕੇ ਚੱਲ ਰਹੇ ਕੰਮ ਦਾ ਜਾਇਜ਼ਾ ਲਿਆ। ਇਸ ਮੌਕੇ ਮੇਅਰ ਨੇ ਕਿਹਾ ਕਿ ਇਸ ਮਹੱਤਵਪੂਰਨ ਸੀਵਰੇਜ ਲਾਈਨ ਦੇ ਜਾਮ ਹੋਣ ਕਾਰਨ ਇਲਾਕਾ ਨਿਵਾਸੀਆਂ ਨੂੰ ਲੰਬੇ ਸਮੇਂ ਤੋਂ ਪਾਣੀ ਭਰਨ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਹੁਣ ਆਧੁਨਿਕ ਤਕਨੀਕ ਅਤੇ ਵਿਦੇਸ਼ੀ ਮਾਹਿਰਾਂ ਦੀ ਮਦਦ ਨਾਲ ਇਸ ਲਾਈਨ ਨੂੰ ਜੜ੍ਹੋਂ ਸਾਫ਼ ਕੀਤਾ ਜਾ ਰਿਹਾ ਹੈ।

ਮੇਅਰ ਇੰਦਰਜੀਤ ਕੌਰ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਇਸ ਗੰਭੀਰ ਮੁੱਦੇ ਵੱਲ ਕੋਈ ਧਿਆਨ ਨਹੀਂ ਦਿੱਤਾ, ਪਰ ਮੌਜੂਦਾ ਸਰਕਾਰ ਲੋਕਾਂ ਦੀਆਂ ਸਮੱਸਿਆਵਾਂ ਨੂੰ ਜ਼ਮੀਨੀ ਪੱਧਰ 'ਤੇ ਹੱਲ ਕਰਨ ਲਈ ਵਚਨਬੱਧ ਹੈ। ਉਨ੍ਹਾਂ ਦੱਸਿਆ ਕਿ ਪੁਰਾਣੀ ਲਾਈਨ ਦੇ ਮੈਨਹੋਲਾਂ ਨੂੰ ਲੱਭਣਾ ਕਾਫ਼ੀ ਚੁਣੌਤੀਪੂਰਨ ਸੀ। ਇੱਕ ਅਹਿਮ ਮੈਨਹੋਲ ਗਊਘਾਟ ਗੁਰਦੁਆਰਾ ਸਾਹਿਬ ਦੇ ਅੰਦਰ ਮਿਲਿਆ, ਜਿਸ ਤੋਂ ਬਾਅਦ ਤੁਰੰਤ ਸਫ਼ਾਈ ਦਾ ਪ੍ਰਬੰਧ ਸ਼ੁਰੂ ਕੀਤਾ ਗਿਆ। ਉਨ੍ਹਾਂ ਇਸ ਕਾਰਜ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ, 'ਆਪ' ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਹਰਜੋਤ ਸਿੰਘ ਬੈਂਸ ਦਾ ਧੰਨਵਾਦ ਕੀਤਾ।

ਇਹ ਮੁੱਖ ਲਾਈਨ ਬੰਦ ਹੋਣ ਕਾਰਨ 161 MLD ਸਮਰੱਥਾ ਵਾਲੇ ਭੱਟੀਆਂ ਐਸ.ਟੀ.ਪੀ. ਨੂੰ ਸਿਰਫ਼ 70 MLD ਸੀਵਰੇਜ ਮਿਲ ਰਿਹਾ ਸੀ, ਜਦਕਿ ਬਾਕੀ 80 MLD ਸੀਵਰੇਜ ਜਮਾਲਪੁਰ ਪਲਾਂਟ ਵੱਲ ਜਾ ਰਿਹਾ ਸੀ।
ਲਾਈਨ ਸਾਫ਼ ਹੋਣ ਅਤੇ ਆਰਜ਼ੀ ਡਾਇਵਰਸ਼ਨ ਚੈਨਲ ਬਣਨ ਨਾਲ ਲਗਭਗ 20-30 MLD ਗੰਦਾ ਪਾਣੀ ਸਿੱਧਾ ਭੱਟੀਆਂ ਪਲਾਂਟ ਵੱਲ ਮੋੜਿਆ ਜਾਵੇਗਾ, ਜਿਸ ਨਾਲ ਜਮਾਲਪੁਰ ਸਿਸਟਮ ਅਤੇ ਸ਼ਿੰਗਾਰ ਸਿਨੇਮਾ/ਟਰਾਂਸਪੋਰਟ ਨਗਰ ਡਿਸਪੋਜ਼ਲ 'ਤੇ ਓਵਰਫਲੋਅ ਦਾ ਖ਼ਤਰਾ ਘਟੇਗਾ।

ਇਹ ਸਫ਼ਾਈ ਮੁਹਿੰਮ ਅਗਲੇ 1 ਤੋਂ 2 ਮਹੀਨਿਆਂ ਵਿੱਚ ਮੁਕੰਮਲ ਹੋ ਜਾਵੇਗੀ। ਇਸ ਦੌਰਾਨ 11 ਦਿਨਾਂ ਦੇ ਅੰਦਰ ਇੱਕ ਆਰਜ਼ੀ 'ਟੀ-ਸ਼ੇਪ' ਡਾਇਵਰਸ਼ਨ ਸਿਸਟਮ ਵੀ ਤਿਆਰ ਕੀਤਾ ਜਾ ਰਿਹਾ ਹੈ ਤਾਂ ਜੋ ਤੁਰੰਤ ਰਾਹਤ ਮਿਲ ਸਕੇ।

ਮੇਅਰ ਦੇ ਇਸ ਨਿਰੀਖਣ ਦੌਰਾਨ ਪਨਗ੍ਰੇਨ ਦੇ ਚੇਅਰਮੈਨ ਡਾ. ਤੇਜਪਾਲ ਸਿੰਘ ਗਿੱਲ, ਨਗਰ ਨਿਗਮ ਦੇ ਨਿਗਰਾਨ ਇੰਜੀਨੀਅਰ ਏਕਜੋਤ ਸਿੰਘ, ਨੋਡਲ ਅਫ਼ਸਰ (ਓ ਐਂਡ ਐਮ ਸੈੱਲ) ਕਮਲ ਰਾਮ ਅਤੇ ਕਾਰਜਕਾਰੀ ਇੰਜੀਨੀਅਰ (ਪੀ.ਡਬਲਿਊ.ਐਸ.ਐਸ.ਬੀ) ਬਲਰਾਜ ਸਿੰਘ ਸਮੇਤ ਹੋਰ ਅਧਿਕਾਰੀ ਵੀ ਮੌਜੂਦ ਸਨ।