f&cc.
ਵਿੱਤ ਤੇ ਠੇਕਾ ਕਮੇਟੀ ਚੋਣ ’ਚ ‘ਆਪ’ ਨੂੰ ਝਟਕਾ, ਯੁਵਰਾਜ ਸਿੱਧੂ ਤੇ ਗੌਰਵ ਭੱਟੀ ਜੇਤੂ
ਇੱਕ ਸੀਟ ‘ਆਪ’ ਅਤੇ ਇੱਕ ਕਾਂਗਰਸ ਦੇ ਖਾਤੇ ’ਚ, ਅਮਨ ਬੱਗਾ ਹਾਰੇ
ਲੁਧਿਆਣਾ : ਨਗਰ ਨਿਗਮ ਦੀ ਵਿੱਤ ਤੇ ਠੇਕਾ ਕਮੇਟੀ (ਐੱਫ਼ ਐਂਡ ਸੀ ਸੀ) ਦੇ ਦੋ ਮੈਂਬਰਾਂ ਦੀ ਚੋਣ ਵਿੱਚ ਆਮ ਆਦਮੀ ਪਾਰਟੀ ਨੂੰ ਇੱਕ ਸੀਟ ਦਾ ਨੁਕਸਾਨ ਝੱਲਣਾ ਪਿਆ ਹੈ। ਚੋਣ ਵਿੱਚ ‘ਆਪ’ ਦੇ ਯੁਵਰਾਜ ਸਿੰਘ ਸਿੱਧੂ ਅਤੇ ਕਾਂਗਰਸ ਦੇ ਗੌਰਵ ਭੱਟੀ ਜੇਤੂ ਰਹੇ।
ਗੁਰੂ ਨਾਨਕ ਦੇਵ ਭਵਨ ਵਿਖੇ ਹੋਈ ਵੋਟਿੰਗ ਵਿੱਚ ‘ਆਪ’ ਦੇ ਯੁਵਰਾਜ ਸਿੰਘ ਸਿੱਧੂ ਨੇ ਸਭ ਤੋਂ ਵੱਧ 32 ਵੋਟਾਂ ਹਾਸਲ ਕਰਕੇ ਪਹਿਲੀ ਸੀਟ ਜਿੱਤੀ। ਕਾਂਗਰਸ ਦੇ ਗੌਰਵ ਭੱਟੀ 29 ਅੰਕ ਹਾਸਲ ਕਰਕੇ ਦੂਜੇ ਸਥਾਨ ’ਤੇ ਰਹੇ ਅਤੇ ਦੂਜੀ ਸੀਟ ਜਿੱਤ ਲਈ। ‘ਆਪ’ ਦੇ ਦੂਜੇ ਉਮੀਦਵਾਰ ਅਮਨ ਬੱਗਾ ਨੂੰ ਕਰੀਬ 27.4 ਅੰਕ ਮਿਲੇ ਅਤੇ ਉਹ ਜਿੱਤ ਤੋਂ ਪਿੱਛੇ ਰਹਿ ਗਏ। ਭਾਜਪਾ ਦੀ ਉਮੀਦਵਾਰ ਰੁਚੀ ਗੁਲਾਟੀ 15 ਵੋਟਾਂ ਨਾਲ ਚੌਥੇ ਸਥਾਨ ’ਤੇ ਰਹੀ।
ਚੋਣ ਵਿੱਚ ‘ਆਪ’ ਆਪਣੇ ਦੋਵੇਂ ਉਮੀਦਵਾਰਾਂ ਨੂੰ ਜਿਤਾਉਣ ਵਿੱਚ ਕਾਮਯਾਬ ਨਹੀਂ ਹੋ ਸਕੀ। ਇਸ ਨੂੰ ਪਾਰਟੀ ਅੰਦਰ ਨਾਰਾਜ਼ਗੀ ਅਤੇ ਕਰਾਸ ਵੋਟਿੰਗ ਨਾਲ ਜੋੜ ਕੇ ਵੀ ਦੇਖਿਆ ਜਾ ਰਿਹਾ ਹੈ।
ਗੌਰਵ ਭੱਟੀ ਦੀ ਜਿੱਤ ਨੂੰ ਖਾਸ ਅਹਿਮੀਅਤ ਦਿੱਤੀ ਜਾ ਰਹੀ ਹੈ, ਕਿਉਂਕਿ ਐੱਫ਼ ਐਂਡ ਸੀ ਸੀ ਮੈਂਬਰਾਂ ਦੀ ਚੋਣ ਕਰਵਾਉਣ ਲਈ ਉਨ੍ਹਾਂ ਵੱਲੋਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਰਿੱਟ ਪਟੀਸ਼ਨ ਦਾਇਰ ਕੀਤੀ ਗਈ ਸੀ। ਹਾਈ ਕੋਰਟ ਦੇ ਆਦੇਸ਼ਾਂ ਤੋਂ ਬਾਅਦ ਚੋਣ ਪ੍ਰਕਿਰਿਆ ਅੱਗੇ ਵਧੀ ਅਤੇ ਹੁਣ ਭੱਟੀ ਖੁਦ ਵੀ ਕਮੇਟੀ ਦੇ ਮੈਂਬਰ ਚੁਣੇ ਗਏ ਹਨ।
ਚੋਣ ਵਿੱਚ ਨਗਰ ਨਿਗਮ ਦੇ 94 ਕੌਂਸਲਰਾਂ ਅਤੇ 6 ਵਿਧਾਇਕਾਂ ਸਮੇਤ ਕੁੱਲ 100 ਵੋਟਰਾਂ ਨੇ ਬੈਲਟ ਪੇਪਰ ਰਾਹੀਂ ਵੋਟ ਪਾਈ। ਵੋਟਿੰਗ ਦੌਰਾਨ ਸੱਤ ਵੋਟਾਂ ਗਲਤ ਜਾਂ ਦੋਹਰੀ ਨਿਸ਼ਾਨੀ ਕਾਰਨ ਰੱਦ ਕਰ ਦਿੱਤੀਆਂ ਗਈਆਂ।
ਇਸ ਚੋਣ ਦੇ ਨਤੀਜਿਆਂ ਤੋਂ ਬਾਅਦ ਨਗਰ ਨਿਗਮ ਦੀ ਸਿਆਸਤ ਵਿੱਚ ਨਵੇਂ ਸਮੀਕਰਨ ਬਣਨ ਦੀ ਸੰਭਾਵਨਾ ਹੈ। ‘ਆਪ’ ਇੱਕ ਸੀਟ ਜਿੱਤਣ ਵਿੱਚ ਕਾਮਯਾਬ ਰਹੀ, ਪਰ ਦੂਜੀ ਸੀਟ ਕਾਂਗਰਸ ਦੇ ਖਾਤੇ ਵਿੱਚ ਜਾਣ ਕਾਰਨ ਸੱਤਾਧਾਰੀ ਧਿਰ ਨੂੰ ਸਿਆਸੀ ਝਟਕਾ ਲੱਗਾ ਹੈ।
