ਜਨ ਗਣਨਾ .

*ਡਾ. ਨਵਜੋਤ ਖੋਸਾ ਆਈ.ਏ.ਐਸ ਨੇ ਜਨਗਣਨਾ 2027 ਦੇ ਪੜਾਅ-II ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਕੀਤੀ ਸਮੀਖਿਆ ਮੀਟਿੰਗ*

*ਪੜਾਅ-II ਲਈ ਪ੍ਰਸ਼ਾਸਕੀ ਤੇ ਲੌਜਿਸਟਿਕ ਪ੍ਰਬੰਧ ਪਹਿਲਾਂ ਹੀ ਯਕੀਨੀ ਬਣਾਏ ਜਾਣ: ਡਾ. ਨਵਜੋਤ ਖੋਸਾ*

*ਸਹੀ ਤੇ ਭਰੋਸੇਮੰਦ ਡਾਟਾ ਇਕੱਠਾ ਕਰਨ ਲਈ ਹਰ ਲੋੜੀਂਦੀ ਸਹਾਇਤਾ ਦਿੱਤੀ ਜਾਵੇਗੀ: ਡੀ.ਸੀ ਹਿਮਾਂਸ਼ੂ ਜੈਨ*

ਲੁਧਿਆਣਾ, 31 ਅਗਸਤ: 

ਜ਼ਿਲ੍ਹਾ ਲੁਧਿਆਣਾ ਵਿੱਚ ਜਨਗਣਨਾ 2027 ਦੇ ਪੜਾਅ-II (ਜਨਸੰਖਿਆ ਗਣਨਾ) ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਸੋਮਵਾਰ ਨੂੰ ਬੱਚਤ ਭਵਨ, ਲੁਧਿਆਣਾ ਵਿਖੇ ਇੱਕ ਵਿਸ਼ੇਸ਼ ਸਮੀਖਿਆ ਮੀਟਿੰਗ ਕਰਵਾਈ ਗਈ। ਮੀਟਿੰਗ ਦੀ ਪ੍ਰਧਾਨਗੀ ਡਾ. ਨਵਜੋਤ ਖੋਸਾ, ਆਈ.ਏ.ਐਸ., ਡਾਇਰੈਕਟਰ, ਜਨਗਣਨਾ ਸੰਚਾਲਨ, ਪੰਜਾਬ ਵੱਲੋਂ ਕੀਤੀ ਗਈ।

ਮੀਟਿੰਗ ਵਿੱਚ ਸ੍ਰੀ ਹਿਮਾਂਸ਼ੂ ਜੈਨ, ਆਈ.ਏ.ਐਸ., ਡਿਪਟੀ ਕਮਿਸ਼ਨਰ-ਕਮ-ਪ੍ਰਿੰਸੀਪਲ ਜਨਗਣਨਾ ਅਧਿਕਾਰੀ, ਲੁਧਿਆਣਾ, ਸ੍ਰੀ ਓਜਸਵੀ ਅਲੰਕਾਰ, ਆਈ.ਏ.ਐਸ., ਕਮਿਸ਼ਨਰ ਨਗਰ ਨਿਗਮ-ਕਮ-ਪ੍ਰਿੰਸੀਪਲ ਜਨਗਣਨਾ ਅਧਿਕਾਰੀ, ਨਗਰ ਨਿਗਮ ਲੁਧਿਆਣਾ, ਸ੍ਰੀਮਤੀ ਸ਼ਿਖਾ ਭਗਤ, ਪੀ.ਸੀ.ਐਸ., ਵਧੀਕ ਡਿਪਟੀ ਕਮਿਸ਼ਨਰ, ਸਬ-ਡਿਵੀਜ਼ਨਲ ਮੈਜਿਸਟ੍ਰੇਟ, ਸੰਯੁਕਤ ਕਮਿਸ਼ਨਰ, ਸਹਾਇਕ ਕਮਿਸ਼ਨਰ, ਤਹਿਸੀਲਦਾਰ, ਚਾਰਜ ਅਫਸਰ ਅਤੇ ਜਨਗਣਨਾ ਡਿਊਟੀਆਂ ਨਾਲ ਸਬੰਧਤ ਹੋਰ ਅਧਿਕਾਰੀ ਤੇ ਕਰਮਚਾਰੀ ਹਾਜ਼ਰ ਸਨ।

ਮੀਟਿੰਗ ਦੌਰਾਨ ਡਾਇਰੈਕਟਰ, ਜਨਗਣਨਾ ਸੰਚਾਲਨ ਨੇ ਚਾਰਜ ਅਫਸਰਾਂ ਅਤੇ ਫੀਲਡ ਕਾਰਜਕਰਤਾਵਾਂ ਵੱਲੋਂ ਕੀਤੇ ਗਏ ਸਮਰਪਿਤ ਅਤੇ ਸ਼ਲਾਘਾਯੋਗ ਯਤਨਾਂ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਕਿਹਾ ਕਿ ਲੁਧਿਆਣਾ ਰਾਜ ਦਾ ਸਭ ਤੋਂ ਵੱਧ ਆਬਾਦੀ ਵਾਲਾ ਜ਼ਿਲ੍ਹਾ ਹੋਣ ਦੇ ਬਾਵਜੂਦ ਪੜਾਅ-I ਅਧੀਨ ਹਾਊਸ ਲਿਸਟਿੰਗ ਅਤੇ ਹਾਊਸਿੰਗ ਜਨਗਣਨਾ (ਐਚ.ਐਲ.ਓ.) ਦੇ ਕੰਮ ਨੂੰ ਸਮੇਂ ਸਿਰ ਅਤੇ ਸਫਲਤਾਪੂਰਵਕ ਮੁਕੰਮਲ ਕਰਨਾ ਸਮੁੱਚੀ ਟੀਮ ਦੀ ਮਿਹਨਤ ਅਤੇ ਬਿਹਤਰ ਤਾਲਮੇਲ ਦਾ ਨਤੀਜਾ ਹੈ।

ਉਨ੍ਹਾਂ ਨੇ ਜਨਗਣਨਾ 2027 ਨਾਲ ਸਬੰਧਤ ਬਾਕੀ ਸਾਰੀਆਂ ਗਤੀਵਿਧੀਆਂ ਨਿਰਧਾਰਤ ਸਮਾਂ-ਸੀਮਾ ਅਨੁਸਾਰ ਪੂਰੀਆਂ ਕਰਨ ਲਈ ਅਧਿਕਾਰੀਆਂ ਨੂੰ ਹਦਾਇਤ ਕੀਤੀ। ਉਨ੍ਹਾਂ ਨੇ ਖਾਸ ਤੌਰ ’ਤੇ ਉੱਚ-ਪ੍ਰਾਥਮਿਕਤਾ ਅਤੇ ਉੱਚ-ਘਣਤਾ ਵਾਲੇ ਚਾਰਜਾਂ ਅਤੇ ਨਗਰ ਨਿਗਮ ਲੁਧਿਆਣਾ ਦੇ ਖੇਤਰਾਂ ਵਿੱਚ ਕੀਤੇ ਗਏ ਕੰਮ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਪੜਾਅ-II ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਪ੍ਰਸ਼ਾਸਕੀ ਅਤੇ ਲੌਜਿਸਟਿਕ ਪ੍ਰਬੰਧ ਪਹਿਲਾਂ ਹੀ ਯਕੀਨੀ ਬਣਾਏ ਜਾਣ।

ਸ੍ਰੀ ਹਿਮਾਂਸ਼ੂ ਜੈਨ ਨੇ ਭਰੋਸਾ ਦਿਵਾਇਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨਗਰ ਨਿਗਮ ਲੁਧਿਆਣਾ ਨਾਲ ਨਜ਼ਦੀਕੀ ਤਾਲਮੇਲ ਰੱਖਦਿਆਂ ਜਨਗਣਨਾ ਨਾਲ ਸਬੰਧਤ ਸਾਰੀਆਂ ਗਤੀਵਿਧੀਆਂ ਸਮੇਂ ਸਿਰ ਪੂਰੀਆਂ ਕੀਤੀਆਂ ਜਾਣਗੀਆਂ ਅਤੇ ਸਹੀ, ਪ੍ਰਮਾਣਿਕ ਤੇ ਭਰੋਸੇਮੰਦ ਡਾਟਾ ਇਕੱਠਾ ਕਰਨ ਲਈ ਹਰ ਲੋੜੀਂਦੀ ਸਹਾਇਤਾ ਦਿੱਤੀ ਜਾਵੇਗੀ।

ਮੀਟਿੰਗ ਵਿੱਚ ਜਨਗਣਨਾ 2027 ਦੇ ਪੜਾਅ-II ਦੇ ਸੁਚਾਰੂ ਅਤੇ ਸਮੇਂ ਸਿਰ ਸੰਚਾਲਨ ਲਈ ਵਿਸਤ੍ਰਿਤ ਰੋਡਮੈਪ ’ਤੇ ਵੀ ਵਿਚਾਰ-ਵਟਾਂਦਰਾ ਕੀਤਾ ਗਿਆ। ਜ਼ਿਲ੍ਹਾ ਜਨਗਣਨਾ ਹੈਂਡਬੁੱਕ (ਡੀ.ਸੀ.ਐਚ.ਬੀ.) ਦੀ ਤਿਆਰੀ ਦੀ ਸਮੀਖਿਆ ਕਰਦਿਆਂ ਡਾਇਰੈਕਟਰ ਨੇ ਚਾਰਜ ਅਫਸਰਾਂ ਨੂੰ ਨਕਸ਼ਿਆਂ ਦੀ ਤਿਆਰੀ, ਪਿੰਡ ਡਾਇਰੈਕਟਰੀ ਅਤੇ ਕਸਬਾ ਡਾਇਰੈਕਟਰੀ ਦੇ ਡਾਟਾ ਦੇ ਸੰਕਲਨ ਤੇ ਤਸਦੀਕ ਦਾ ਕੰਮ ਤੇਜ਼ ਕਰਨ ਅਤੇ ਇਹ ਕਾਰਜ 08 ਸਤੰਬਰ 2026 ਦੀ ਨਿਰਧਾਰਤ ਅੰਤਿਮ ਮਿਤੀ ਤੋਂ ਪਹਿਲਾਂ ਹਰ ਪੱਖੋਂ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ।

ਅਧਿਕਾਰੀਆਂ ਨੇ ਭਰੋਸਾ ਦਿਵਾਇਆ ਕਿ ਡੀ.ਸੀ.ਐਚ.ਬੀ. ਅਤੇ ਪੜਾਅ-II ਨਾਲ ਸਬੰਧਤ ਸਾਰੇ ਤਿਆਰੀ ਕਾਰਜ ਨਿਰਧਾਰਤ ਸਮਾਂ-ਸੀਮਾ ਵਿੱਚ ਪੂਰੇ ਕੀਤੇ ਜਾਣਗੇ। ਮੀਟਿੰਗ ਦੇ ਅੰਤ ਵਿੱਚ ਧੰਨਵਾਦ ਦੇ ਮਤੇ ਨਾਲ ਕਾਰਵਾਈ ਸਮਾਪਤ ਹੋਈ।