'ਹਮਾਰੇ ਰਾਮ' ਦੀ ਪੇਸ਼ਕਾਰੀ .

*‘ਹਮਾਰੇ ਰਾਮ’ ਨੂੰ ਲੁਧਿਆਣਾ ਵਿੱਚ ਮਿਲਿਆ ਭਰਵਾਂ ਹੁੰਗਾਰਾ, ਮਨੀਸ਼ ਸਿਸੋਦੀਆ ਨੇ ਦਰਸ਼ਕਾਂ ਵਿਚਕਾਰ ਬੈਠ ਕੇ ਮਾਣਿਆ ਨਾਟਕ ਦਾ ਆਨੰਦ*

*ਭਗਵਾਨ ਸ੍ਰੀ ਰਾਮ ਦਾ ਜੀਵਨ ਸੱਚ, ਧਰਮ, ਮਰਿਆਦਾ ਤੇ ਮਨੁੱਖੀ ਕਦਰਾਂ-ਕੀਮਤਾਂ ਦੀ ਪ੍ਰੇਰਣਾ ਦਿੰਦਾ ਹੈ: ਮਨੀਸ਼ ਸਿਸੋਦੀਆ*

*ਨੌਜਵਾਨ ਰਾਮਾਇਣ ਦੇ ਡੂੰਘੇ ਸੰਦੇਸ਼ ਨੂੰ ਸਮਝ ਕੇ ਜੀਵਨ ਵਿੱਚ ਅਪਣਾਉਣ: ਮਨੀਸ਼ ਸਿਸੋਦੀਆ*

*ਪੰਜਾਬ ਸਰਕਾਰ ਵੱਲੋਂ ਉੱਚ ਪੱਧਰੀ ਸੱਭਿਆਚਾਰਕ ਪੇਸ਼ਕਾਰੀਆਂ ਕਰਵਾਉਣਾ ਸ਼ਲਾਘਾਯੋਗ ਉਪਰਾਲਾ: ਮਨੀਸ਼ ਸਿਸੋਦੀਆ*

*ਲੁਧਿਆਣਾ ਵਾਸੀਆਂ ਸਮੇਤ ਆਸ-ਪਾਸ ਦੇ ਇਲਾਕਿਆਂ ਤੋਂ ਵੱਡੀ ਗਿਣਤੀ ਵਿੱਚ ਲੋਕ ‘ਹਮਾਰੇ ਰਾਮ’ ਦੇ ਸ਼ੋਅਜ਼ ਦੇਖਣ ਪੁੱਜੇ*

ਲੁਧਿਆਣਾ, 26 ਸਤੰਬਰ (ਜ਼ਿਕਰ) : ਪੰਜਾਬ ਸਰਕਾਰ ਵੱਲੋਂ ਸੂਬਾ ਵਾਸੀਆਂ ਨੂੰ ਭਾਰਤੀ ਸੰਸਕ੍ਰਿਤੀ ਅਤੇ ਅਧਿਆਤਮਿਕ ਵਿਰਾਸਤ ਨਾਲ ਜੋੜਨ ਦੇ ਉਦੇਸ਼ ਨਾਲ ਕਰਵਾਈ ਜਾ ਰਹੇ ਪ੍ਰਸਿੱਧ ਨਾਟਕ ਅਤੇ ਸੰਗੀਤਮਈ ਪੇਸ਼ਕਾਰੀ ‘ਹਮਾਰੇ ਰਾਮ’ ਨੂੰ ਲੁਧਿਆਣਾ ਵਿੱਚ ਭਰਪੂਰ ਜਨ ਸਮਰਥਨ ਮਿਲਿਆ। ਡਾ. ਮਨਮੋਹਣ ਸਿੰਘ ਆਡੀਟੋਰੀਅਮ, ਪੀ.ਏ.ਯੂ ਵਿਖੇ ਕਰਵਾਈ ਗਈ ਇਸ ਪੇਸ਼ਕਾਰੀ ਨੂੰ ਦੇਖਣ ਲਈ ਸ਼ਹਿਰ ਵਾਸੀਆਂ ਦੇ ਨਾਲ-ਨਾਲ ਆਸ-ਪਾਸ ਦੇ ਇਲਾਕਿਆਂ ਤੋਂ ਵੀ ਵੱਡੀ ਗਿਣਤੀ ਵਿੱਚ ਲੋਕ ਪਹੁੰਚੇ।

ਆਮ ਆਦਮੀ ਪਾਰਟੀ ਦੇ ਪੰਜਾਬ ਇੰਚਾਰਜ ਅਤੇ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਸ੍ਰੀ ਮਨੀਸ਼ ਸਿਸੋਦੀਆ ਨੇ ਪੇਸ਼ਕਾਰੀ ਦੇ ਦੂਜੇ ਦਿਨ ਦਰਸ਼ਕਾਂ ਵਿਚਕਾਰ ਪਹੁੰਚ ਕੇ ‘ਹਮਾਰੇ ਰਾਮ’ ਨਾਟਕ ਦਾ ਆਨੰਦ ਮਾਣਿਆ। ਇਸ ਮੌਕੇ ਵਿਧਾਇਕ ਸ੍ਰੀਮਤੀ ਰਜਿੰਦਰਪਾਲ ਕੌਰ ਛੀਨਾ, ਪੰਜਾਬ ਦੇ ਸੈਰ-ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਵਿਭਾਗ ਦੇ ਸਲਾਹਕਾਰ ਸ੍ਰੀ ਦੀਪਕ ਬਾਲੀ, ਪੰਜਾਬ ਰਾਜ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਸ੍ਰੀਮਤੀ ਰਾਜ ਲਾਲੀ ਗਿੱਲ, ਦਿੱਲੀ ਆਮ ਆਦਮੀ ਪਾਰਟੀ ਦੇ ਪ੍ਰਧਾਨ ਸੌਰਭ ਭਾਰਦਵਾਜ, ਨਗਰ ਨਿਗਮ ਦੇ ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ, ਸਨਾਤਨ ਸੇਵਾ ਕਮੇਟੀ ਮਾਲਵਾ ਜੋਨ ਦੇ ਪ੍ਰਮੁੱਖ ਸ੍ਰੀ ਵਰੁਣ ਮਹਿਤਾ, ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀ ਅਤੇ ਹੋਰ ਪ੍ਰਮੁੱਖ ਧਾਰਮਿਕ ਸਖਸ਼ੀਅਤਾਂ ਵੀ ਉਨ੍ਹਾਂ ਦੇ ਨਾਲ ਮੌਜੂਦ ਸਨ।

ਦਰਸ਼ਕਾਂ ਨੂੰ ਸੰਬੋਧਨ ਕਰਦਿਆਂ ਮਨੀਸ਼ ਸਿਸੋਦੀਆ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਭਰ ਵਿੱਚ ਇਸ ਤਰ੍ਹਾਂ ਦੀਆਂ ਉੱਚ ਪੱਧਰੀ ਸੱਭਿਆਚਾਰਕ ਪੇਸ਼ਕਾਰੀਆਂ ਕਰਵਾਉਣਾ ਇੱਕ ਸ਼ਲਾਘਾਯੋਗ ਉਪਰਾਲਾ ਹੈ। ਉਨ੍ਹਾਂ ਕਿਹਾ ਕਿ ‘ਹਮਾਰੇ ਰਾਮ’ ਸਿਰਫ਼ ਇੱਕ ਨਾਟਕ ਨਹੀਂ, ਸਗੋਂ ਭਾਰਤੀ ਸੰਸਕ੍ਰਿਤੀ, ਪਰੰਪਰਾ ਅਤੇ ਜੀਵਨ ਮੁੱਲਾਂ ਨੂੰ ਸਮਝਣ ਦਾ ਇੱਕ ਸੁੰਦਰ ਮਾਧਿਅਮ ਹੈ।

ਉਨ੍ਹਾਂ ਕਿਹਾ ਕਿ ਰਾਮਾਇਣ ਗਿਆਨ, ਸੰਸਕਾਰ ਅਤੇ ਜੀਵਨ ਯਾਤਰਾ ਦਾ ਸਦੀਵੀ ਸਰੋਤ ਹੈ। ਭਗਵਾਨ ਸ੍ਰੀ ਰਾਮ ਦਾ ਜੀਵਨ ਸਾਨੂੰ ਸੱਚ, ਧਰਮ, ਮਰਿਆਦਾ, ਤਿਆਗ, ਫਰਜ਼, ਕਰੁਣਾ ਅਤੇ ਮਨੁੱਖੀ ਕਦਰਾਂ-ਕੀਮਤਾਂ ਦੇ ਰਾਹ ’ਤੇ ਚੱਲਣ ਦੀ ਪ੍ਰੇਰਣਾ ਦਿੰਦਾ ਹੈ। ਉਨ੍ਹਾਂ ਕਿਹਾ ਕਿ ਮੁਸ਼ਕਲ ਹਾਲਾਤਾਂ ਵਿੱਚ ਵੀ ਆਪਣੇ ਸਿਧਾਂਤਾਂ ’ਤੇ ਕਾਇਮ ਰਹਿਣਾ ਅਤੇ ਰਿਸ਼ਤਿਆਂ ਤੇ ਜ਼ਿੰਮੇਵਾਰੀਆਂ ਦਾ ਸਨਮਾਨ ਕਰਨਾ ਭਗਵਾਨ ਸ੍ਰੀ ਰਾਮ ਦੇ ਜੀਵਨ ਤੋਂ ਮਿਲਣ ਵਾਲੀ ਮਹੱਤਵਪੂਰਨ ਸਿੱਖਿਆ ਹੈ।

ਸ੍ਰੀ ਸਿਸੋਦੀਆ ਨੇ ਖਾਸ ਤੌਰ ’ਤੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਰਾਮਾਇਣ ਦੇ ਡੂੰਘੇ ਸੰਦੇਸ਼ ਨੂੰ ਸਮਝਣ ਅਤੇ ਇਸ ਦੇ ਆਦਰਸ਼ਾਂ ਨੂੰ ਆਪਣੇ ਜੀਵਨ ਵਿੱਚ ਅਪਣਾਉਣ ਦਾ ਯਤਨ ਕਰਨ। ਉਨ੍ਹਾਂ ਕਿਹਾ ਕਿ ਆਧੁਨਿਕ ਸਮੇਂ ਵਿੱਚ ਵੀ ਭਗਵਾਨ ਸ੍ਰੀ ਰਾਮ ਦੇ ਆਦਰਸ਼ ਉਨੇ ਹੀ ਪ੍ਰਸੰਗਿਕ ਹਨ ਅਤੇ ਸਮਾਜ ਨੂੰ ਬਿਹਤਰ ਦਿਸ਼ਾ ਦੇਣ ਵਿੱਚ ਅਹਿਮ ਭੂਮਿਕਾ ਨਿਭਾ ਸਕਦੇ ਹਨ।

ਉਨ੍ਹਾਂ ਪ੍ਰਸਿੱਧ ਅਦਾਕਾਰ ਆਸ਼ੂਤੋਸ਼ ਰਾਣਾ, ਰਾਹੁਲ ਆਰ. ਭੁੱਚਰ, ਤਰੁਣ ਖੰਨਾ ਸਮੇਤ ਪੂਰੀ ਕਲਾਕਾਰ ਟੀਮ ਦੀ ਸ਼ਾਨਦਾਰ ਪੇਸ਼ਕਾਰੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਕਲਾਕਾਰਾਂ ਨੇ ਆਪਣੀ ਦਮਦਾਰ ਅਦਾਕਾਰੀ ਰਾਹੀਂ ਰਾਮਾਇਣ ਦੇ ਪ੍ਰਸੰਗਾਂ ਅਤੇ ਭਗਵਾਨ ਸ੍ਰੀ ਰਾਮ ਦੇ ਚਰਿੱਤਰ ਨੂੰ ਜੀਵੰਤ ਕਰ ਦਿੱਤਾ।