ਇੰਡੀਆ ਐਨਰਜੀ ਵੀਕ .

ਇੰਡੀਆ ਐਨਰਜੀ ਵੀਕ 2027 ਦਾ ਸ਼ੁਰੂਆਤੀ ਸਮਾਗਮ ਦੌਰਾਨ ਐਲਾਨ
ਭਾਰਤ ਦੇ ਪ੍ਰਮੁੱਖ ਊਰਜਾ ਸਮਾਗਮ ਦੇ 5ਵੇਂ ਐਡੀਸ਼ਨ ਦੀ ਮੇਜ਼ਬਾਨੀ ਕਰੇਗਾ ਕੋਲਕਾਤਾ


ਚੰਡੀਗੜ੍ਹ, 28 ਸਤੰਬਰ: 
ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ, ਸ਼੍ਰੀ ਹਰਦੀਪ ਸਿੰਘ ਪੁਰੀ ਨੇ ਇੰਡੀਆ ਐਨਰਜੀ ਵੀਕ (ਆਈਈਡਬਲਿਊ) 2027 ਲਈ ਆਗਾਜ਼ ਸਮਾਗਮ ਦਾ ਉਦਘਾਟਨ ਕੀਤਾ, ਜਿਸ ਨਾਲ ਭਾਰਤ ਦੇ ਪ੍ਰਮੁੱਖ ਵਿਸ਼ਵ ਪੱਧਰੀ ਊਰਜਾ ਸਮਾਗਮ ਦੇ ਪੰਜਵੇਂ ਐਡੀਸ਼ਨ ਦੀ ਸ਼ੁਰੂਆਤ ਹੋਈ। ਇਹ ਸਮਾਗਮ 28 ਤੋਂ 31 ਜਨਵਰੀ 2027 ਤੱਕ ਕੋਲਕਾਤਾ ਵਿੱਚ ਆਯੋਜਿਤ ਕੀਤਾ ਜਾਵੇਗਾ।
ਸ਼ੁਰੂਆਤੀ ਸਮਾਗਮ ਦੌਰਾਨ ਸ਼੍ਰੀ ਹਰਦੀਪ ਪੁਰੀ ਨੇ ਕਿਹਾ, “ਆਈਈਡਬਲਿਊ 2027 ਇਨ੍ਹਾਂ ਵਿਚਾਰ-ਵਟਾਂਦਰਿਆਂ ਵਿੱਚ ਨਵੀਆਂ ਆਵਾਜ਼ਾਂ ਨੂੰ ਜੋੜੇਗਾ। ਇਹ ਮਾਣਯੋਗ ਪ੍ਰਧਾਨ ਮੰਤਰੀ ਦੇ ਉਸ ਦ੍ਰਿਸ਼ਟੀਕੋਣ ਨੂੰ ਦਰਸਾਉਂਦਾ ਹੈ ਕਿ ਉੱਦਮੀਆਂ, ਨਵੀਨਤਾਕਾਰਾਂ ਅਤੇ ਉੱਭਰ ਰਹੇ ਭਾਗੀਦਾਰਾਂ ਦੀ ਊਰਜਾ ਦੇ ਭਵਿੱਖ ਨੂੰ ਰੂਪ ਦੇਣ ਵਿੱਚ ਵਧੇਰੇ ਭੂਮਿਕਾ ਹੋਣੀ ਚਾਹੀਦੀ ਹੈ। ਇਸ ਲਈ ਕੋਲਕਾਤਾ ਐਡੀਸ਼ਨ ਭਾਰਤ ਦੇ ਊਰਜਾ ਵਿਕਾਸ ਦੇ ਅਗਲੇ ਪੜਾਅ ਦੀ ਨਿਸ਼ਾਨਦੇਹੀ ਕਰੇਗਾ—ਇਹ ਸਿਰਫ਼ ਅਜਿਹਾ ਮੰਚ ਨਹੀਂ ਹੋਵੇਗਾ ਜਿੱਥੇ ਭਾਰਤ ਆਲਮੀ ਊਰਜਾ ਵਿਚਾਰ-ਵਟਾਂਦਰਿਆਂ ਵਿੱਚ ਹਿੱਸਾ ਲੈਂਦਾ ਹੈ, ਸਗੋਂ ਅਜਿਹਾ ਮੰਚ ਹੋਵੇਗਾ ਜਿੱਥੇ ਭਾਰਤ ਇਨ੍ਹਾਂ ਵਿਚਾਰ-ਵਟਾਂਦਰਿਆਂ ਨੂੰ ਰੂਪ ਦੇਣ ਵਿੱਚ ਲਗਾਤਾਰ ਵਧੇਰੇ ਭੂਮਿਕਾ ਨਿਭਾਏਗਾ।
ਸ਼੍ਰੀ ਸਿੰਘ ਨੇ ਅੱਗੇ ਕਿਹਾ, “ਆਈਈਡਬਲਿਊ 2027 ਭਾਰਤ ਦੇ ਵਧ ਰਹੇ ਸਟਾਰਟਅੱਪ ਈਕੋਸਿਸਟਮ, ਇੰਜੀਨੀਅਰਿੰਗ ਸਮਰੱਥਾਵਾਂ ਅਤੇ ਨਵੀਨਤਾ ਦੀ ਸੰਭਾਵਨਾ ਨੂੰ ਵੀ ਪ੍ਰਦਰਸ਼ਿਤ ਕਰੇਗਾ, ਜੋ ਇਹ ਦਰਸਾਏਗਾ ਕਿ ਦੇਸ਼ ਭਵਿੱਖ ਦੀਆਂ ਊਰਜਾ ਚੁਣੌਤੀਆਂ ਨਾਲ ਨਜਿੱਠਣ ਲਈ ਲੋੜੀਂਦੀਆਂ ਸਮਰੱਥਾਵਾਂ ਦਾ ਨਿਰਮਾਣ ਕਿਵੇਂ ਕਰ ਰਿਹਾ ਹੈ।"
ਇੰਡੀਅਨਆਇਲ ਦੇ ਡਾਇਰੈਕਟਰ (ਰਿਫਾਈਨਰੀਜ਼), ਸ਼੍ਰੀ ਅਰਵਿੰਦ ਕੁਮਾਰ ਨੇ ਚੰਡੀਗੜ੍ਹ ਤੋਂ ਇਸ ਸਮਾਗਮ ਵਿੱਚ ਸ਼ਿਰਕਤ ਕੀਤੀ। ਇਸ ਮੌਕੇ ਸੀਨੀਅਰ ਸਰਕਾਰੀ ਅਧਿਕਾਰੀ, ਉਦਯੋਗਿਕ ਆਗੂ ਅਤੇ ਹੋਰ ਹਿੱਤਧਾਰਕ ਵੀ ਮੌਜੂਦ ਸਨ। ਵਿਸ਼ਵ ਪੱਧਰੀ ਊਰਜਾ ਵਿਚਾਰ-ਵਟਾਂਦਰੇ ਦੀ ਮਹੱਤਤਾ ਨੂੰ ਰੇਖਾਂਕਿਤ ਕਰਦਿਆਂ ਸ਼੍ਰੀ ਕੁਮਾਰ ਨੇ ਕਿਹਾ, “ਇੰਡੀਆ ਐਨਰਜੀ ਵੀਕ ਦੀ ਸ਼ੁਰੂਆਤ ਦੇ ਸਿਰਫ਼ ਇੱਕ ਸਾਲ ਦੇ ਅੰਦਰ ਹੀ ਇਸ ਨੇ ਆਲਮੀ ਊਰਜਾ ਮੰਚ ’ਤੇ ਭਾਰਤ ਦੀ ਆਵਾਜ਼ ਬੁਲੰਦ ਕਰਨ ਦੇ ਇਰਾਦੇ ਦਾ ਸੰਕੇਤ ਦੇ ਦਿੱਤਾ ਸੀ। ਅੱਜ ਜਦੋਂ ਅਸੀਂ ਇੱਥੇ ਚੰਡੀਗੜ੍ਹ ਵਿੱਚ ਇਕੱਠੇ ਹੋਏ ਹਾਂ, ਉਸੇ ਸਮੇਂ ਇਹ ਆਪਣੇ ਆਪ ਵਿੱਚ ਇੱਕ ਸੁਨੇਹਾ ਹੈ—ਕਿ ਭਾਰਤ ਦੀ ਊਰਜਾ ਬਾਰੇ ਗੱਲਬਾਤ ਕਿਸੇ ਇੱਕ ਸ਼ਹਿਰ ਜਾਂ ਕਿਸੇ ਇੱਕ ਮੰਚ ਤੱਕ ਸੀਮਤ ਨਹੀਂ ਹੈ। ਇਹ ਹਰ ਉਸ ਖੇਤਰ ਨਾਲ ਸਬੰਧਤ ਹੈ ਜੋ ਇਸ ਦੇਸ਼ ਨੂੰ ਊਰਜਾ ਪ੍ਰਦਾਨ ਕਰਦਾ ਹੈ।”
ਪੰਜਾਬ ਇੰਜੀਨੀਅਰਿੰਗ ਕਾਲਜ ਦੇ ਡਾਇਰੈਕਟਰ (ਅੰਤਰਿਮ ਤੌਰ ’ਤੇ ਨਿਯੁਕਤ), ਪ੍ਰੋਫੈਸਰ ਰਾਜੇਸ਼ ਕੁਮਾਰ ਭਾਟੀਆ ਵੀ ਇਸ ਮੌਕੇ ਮੌਜੂਦ ਸਨ।
2023 ਵਿੱਚ ਸ਼ੁਰੂਆਤ ਤੋਂ ਬਾਅਦ, ਆਈਈਡਬਲਿਊ ਊਰਜਾ ਖੇਤਰ ਲਈ ਇੱਕ ਪ੍ਰਮੁੱਖ ਆਲਮੀ ਮੰਚ ਵਜੋਂ ਵਿਕਸਤ ਹੋਇਆ ਹੈ। ਆਈਈਡਬਲਿਊ ਦਾ ਪੰਜਵਾਂ ਐਡੀਸ਼ਨ ਨਿਊ ਟਾਊਨ ਕਨਵੈਨਸ਼ਨ ਸੈਂਟਰ, ਕੋਲਕਾਤਾ ਵਿਖੇ ‘ਨਵੀਨਤਾ ਨੂੰ ਮੁਕਤ ਕਰਨਾ, ਊਰਜਾ ਸੁਰੱਖਿਅਤ ਕਰਨਾ, ਭਵਿੱਖ ਨੂੰ ਆਕਾਰ ਦੇਣਾ’ ਵਿਸ਼ੇ ਤਹਿਤ ਆਯੋਜਿਤ ਕੀਤਾ ਜਾਵੇਗਾ। ਇਸ ਸਮਾਗਮ ਵਿੱਚ 75,000 ਤੋਂ ਵੱਧ ਊਰਜਾ ਪੇਸ਼ੇਵਰਾਂ ਅਤੇ 700 ਤੋਂ ਵੱਧ ਅੰਤਰਰਾਸ਼ਟਰੀ ਪ੍ਰਦਰਸ਼ਕਾਂ ਦੇ ਸ਼ਾਮਲ ਹੋਣ ਦੀ ਉਮੀਦ ਹੈ। ਇਸ ਦੌਰਾਨ ਹਾਈਡ੍ਰੋਜਨ, ਬਾਇਓਫਿਊਲ, ਐੱਲਐੱਨਜੀ, ਡਿਜੀਟਲੀਕਰਨ, ਅਖੁੱਟ ਊਰਜਾ ਅਤੇ ਨੈੱਟ-ਜ਼ੀਰੋ ਵੱਲ ਵਧਣ ਦੇ ਮਾਰਗਾਂ ਸਮੇਤ ਉੱਭਰ ਰਹੇ ਖੇਤਰਾਂ ’ਤੇ ਧਿਆਨ ਕੇਂਦਰਿਤ ਕੀਤਾ ਜਾਵੇਗਾ।
ਕੋਲਕਾਤਾ ਦੀ ਚੋਣ ਨਾਲ ਆਈਈਡਬਲਿਊ ਦਾ ਭੂਗੋਲਿਕ ਅਤੇ ਰਣਨੀਤਕ ਦਾਇਰਾ ਹੋਰ ਵਿਸਥਾਰਤ ਹੁੰਦਾ ਹੈ। ਇਸ ਨਾਲ ਪੂਰਬੀ ਅਤੇ ਉੱਤਰ-ਪੂਰਬੀ ਭਾਰਤ ਦੀ ਆਰਥਿਕ ਅਤੇ ਉਦਯੋਗਿਕ ਸਮਰੱਥਾ ਅਤੇ ਗੁਆਂਢੀ ਖੇਤਰਾਂ ਨਾਲ ਇਸ ਦੀ ਵਧ ਰਹੀ ਸੰਪਰਕਤਾ ਨੂੰ ਪ੍ਰਦਰਸ਼ਿਤ ਕਰਨ ਲਈ ਇੱਕ ਮੰਚ ਉਪਲਬਧ ਹੋਵੇਗਾ।
ਨਵੀਨਤਾ ਅਤੇ ਨੌਜਵਾਨ ਪ੍ਰਤਿਭਾ ਆਈਈਡਬਲਿਊ 2027 ਦਾ ਇੱਕ ਮਹੱਤਵਪੂਰਨ ਕੇਂਦਰ ਬਣੇ ਰਹਿਣਗੇ। ਵਸੁਧਾ, ਅਵਿਨਿਆ ਅਤੇ ਹੈਕਾਥਨ ਵਰਗੇ ਮੰਚ ਅਸਲ-ਜੀਵਨ ਦੀਆਂ ਊਰਜਾ ਚੁਣੌਤੀਆਂ ਦੇ ਹੱਲ ਪੇਸ਼ ਕਰਨ ਦੇ ਮੌਕੇ ਪ੍ਰਦਾਨ ਕਰਨਗੇ। ਐੱਫਆਈਪੀਆਈ ਦੇ 12 ਵਿਦਿਆਰਥੀ ਚੈਪਟਰ ਵੀ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਤਕਨੀਕੀ ਸੈਸ਼ਨਾਂ ਅਤੇ ਪ੍ਰਦਰਸ਼ਨੀ ਨਾਲ ਜੋੜਨਗੇ, ਜਿਸ ਨਾਲ ਅਕਾਦਮਿਕ ਖੇਤਰ ਅਤੇ ਊਰਜਾ ਉਦਯੋਗ ਦਰਮਿਆਨ ਸਬੰਧ ਹੋਰ ਮਜ਼ਬੂਤ ਹੋਵੇਗਾ।
ਪੰਜਾਬ ਇੰਜੀਨੀਅਰਿੰਗ ਕਾਲਜ ਦੇ ਲਗਭਗ 120 ਵਿਦਿਆਰਥੀਆਂ ਨੇ ਊਰਜਾ ਖੇਤਰ ਦੇ ਪੇਸ਼ੇਵਰਾਂ ਦੇ ਨਾਲ ਇਸ ਪ੍ਰੋਗਰਾਮ ਵਿੱਚ ਉਤਸ਼ਾਹਪੂਰਵਕ ਭਾਗ ਲਿਆ।
ਪੰਜਾਬ ਰਾਜ ਦਫ਼ਤਰ ਵਿੱਚ ਇੰਡੀਅਨਆਇਲ ਬਾਰੇ (ਪੰਜਾਬ, ਚੰਡੀਗੜ੍ਹ, ਹਿਮਾਚਲ ਪ੍ਰਦੇਸ਼, ਲੱਦਾਖ ਅਤੇ ਜੰਮੂ-ਕਸ਼ਮੀਰ ਨੂੰ ਸ਼ਾਮਲ ਕਰਦੇ ਹੋਏ): 
ਇੰਡੀਅਨਆਇਲ ਦੇ ਪੰਜਾਬ ਰਾਜ ਦਫ਼ਤਰ (ਪੀਐੱਸਓ) ਦੇ ਨੈੱਟਵਰਕ ਵਿੱਚ ਇਸ ਖੇਤਰ ਦੇ ਕੁੱਲ 6,183 ਰਿਟੇਲ ਆਊਟਲੈਟਾਂ ਵਿੱਚੋਂ 3,023 ਰਿਟੇਲ ਆਊਟਲੈਟ ਸ਼ਾਮਲ ਹਨ। ਇਸ ਨੈੱਟਵਰਕ ਵਿੱਚ ਬੀਪੀਸੀਐੱਲ ਦੇ 1,258 ਆਊਟਲੈਟ, ਐੱਚਪੀਸੀਐੱਲ ਦੇ 1,568 ਆਊਟਲੈਟ ਅਤੇ ਨਿੱਜੀ ਓਐੱਮਸੀਜ਼ ਦੇ 334 ਆਊਟਲੈਟ ਸ਼ਾਮਲ ਹਨ। ਐੱਲਪੀਜੀ ਖੇਤਰ ਵਿੱਚ ਪੀਐੱਸਓ ਕੋਲ ਕੁੱਲ 1,402 ਡਿਸਟ੍ਰੀਬਿਊਟਰਾਂ ਵਿੱਚੋਂ 784 ਡਿਸਟ੍ਰੀਬਿਊਟਰ ਹਨ, ਜਦਕਿ ਬੀਪੀਸੀਐੱਲ ਅਤੇ ਐੱਚਪੀਸੀਐੱਲ ਕੋਲ ਕ੍ਰਮਵਾਰ 328 ਅਤੇ 290 ਡਿਸਟ੍ਰੀਬਿਊਟਰ ਹਨ।
*****