ਮੰਗ ਪੱਤਰ ਸੌਂਪਿਆ.

ਡਾ. ਬੀ.ਆਰ ਅੰਬੇਡਕਰ ਦੇ ਬੁੱਤ ਦੇ ਰੱਖ ਰਖਾਵ ਸਬੰਧੀ ਡੀਸੀ ਨੂੰ ਦਿੱਤਾ ਮੰਗ ਪੱਤਰ

ਵਫਦ ਨੇ ਪ੍ਰਸ਼ਾਸਨ ਨੂੰ ਦਿੱਤੇ ਕਈ ਸੁਝਾਅ

ਲੁਧਿਆਣਾ, 29 ਸਤੰਬਰ (ਵਿਜੇ): ਲੁਧਿਆਣਾ ਜਲੰਧਰ ਬਾਈਪਾਸ ਚੌਂਕ ਸਥਿਤ ਸੰਵਿਧਾਨ ਨਿਰਮਾਤਾ ਡਾ. ਬੀ ਆਰ ਅੰਬੇਡਕਰ ਦੇ ਬੁੱਤ ਦੇ ਰੱਖ ਰਖਾਵ ਸਬੰਧੀ ਸੁਝਾਅ ਦਿੰਦੇ ਹੋਏ, ਡਾ. ਅੰਬੇਡਕਰ ਏਕਤਾ ਮਿਸ਼ਨ ਪੰਜਾਬ ਦੇ ਵਫਦ ਵੱਲੋਂ ਅੱਜ ਇੱਕ ਮੰਗ ਪੱਤਰ ਡਿਪਟੀ ਕਮਿਸ਼ਨਰ ਲੁਧਿਆਣਾ ਹਿਮਾਂਸ਼ੂ ਜੈਨ ਨੂੰ ਸੌਂਪਿਆ ਗਿਆ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਕਿਸੇ ਸ਼ਰਾਰਤੀ ਅਨਸਰ ਵੱਲੋਂ ਬਾਬਾ ਸਾਹਿਬ ਅੰਬੇਡਕਰ ਦੇ ਬੁੱਤ ਦਾ ਅਪਮਾਨ ਕਰਨ ਦੀ ਕੋਝੀ ਹਰਕਤ ਕੀਤੀ ਗਈ ਸੀ, ਜਿਸਨੂੰ ਲੈ ਕੇ ਦਲਿਤ ਭਾਈਚਾਰੇ ਵਿੱਚ ਭਾਰੀ ਰੋਸ ਹੈ।

ਪੰਜਾਬ ਕਾਂਗਰਸ ਦੇ ਸਾਬਕਾ ਜਨਰਲ ਸਕੱਤਰ ਅਤੇ ਪੰਜਾਬ ਲਾਰਜ ਇੰਡਸਟਰੀਅਲ ਡਿਵੈਲਪਮੈਂਟ ਬੋਰਡ ਦੇ ਸਾਬਕਾ ਚੇਅਰਮੈਨ ਪਵਨ ਦੀਵਾਨ ਤੇ ਸੰਸਥਾ ਦੇ ਪ੍ਰਧਾਨ ਦੀਪਕ ਹੰਸ ਦੀ ਅਗਵਾਈ ਹੇਠ ਇਕ ਵਫਦ ਵਲੋਂ ਡੀਸੀ ਨੂੰ ਸੌਂਪੇ ਗਏ ਮੰਗ ਪੱਤਰ ਵਿੱਚ ਸੁਝਾਅ ਦਿੱਤੇ ਗਏ ਹਨ ਕਿ ਬੁੱਤ ਦੇ ਆਲੇ ਦੁਆਲੇ ਐਚ.ਡੀ. ਸੀਸੀਟੀਵੀ ਕੈਮਰੇ ਲਗਾਏ ਜਾਣ, ਸੋਲਰ ਲਾਈਟਾਂ ਲਗਵਾਈਆਂ ਜਾਣ, ਗਰਿੱਲਾਂ ਦੀ ਹਾਈਟ ਉੱਚੀ ਕੀਤੀ ਜਾਵੇ, ਬੁੱਤ ਵਾਲੀ ਪਾਰਕ ਵਿੱਚੋਂ ਯੂਨੀਪੋਲ ਬਾਹਰ ਕਢਵਾਇਆ ਜਾਵੇ, ਨਗਰ ਨਿਗਮ ਵੱਲੋਂ ਨੋਟਿਸ ਲਗਵਾਇਆ ਜਾਵੇ ਕਿ ਇਸ ਚੌਂਕ ਦੀਆਂ ਗਰਿੱਲਾਂ ਉਪਰ ਬੋਰਡ,ਬੈਨਰ, ਪੋਸਟਰ, ਝੰਡੇ ਆਦਿ ਲਗਾਉਣਾ ਮਨ੍ਹਾ ਹੈ, ਪਾਰਕ ਦੇ ਸੁੰਦਰਤਾ ਯਕੀਨੀ ਬਣਾਉਣ ਲਈ ਪੱਕੇ ਤੌਰ ਤੇ ਮਾਲੀ ਦੀ ਡਿਊਟੀ ਲਗਾਈ ਜਾਵੇ ਤੇ ਬਾਬਾ ਸਾਹਿਬ ਅੰਬੇਡਕਰ ਦੇ ਬੁੱਤ ਦੇ ਆਲੇ ਦੁਆਲੇ ਬੁਲਟ ਪਰੂਫ ਸ਼ੀਸ਼ਾ ਲਗਾਇਆ ਜਾਵੇ।

ਵਫਦ ਨੇ ਦੱਸਿਆ ਕਿ ਉਹਨਾਂ ਵੱਲੋਂ ਬਾਬਾ ਸਾਹਿਬ ਅੰਬੇਡਕਰ ਦੇ ਬੁੱਤ ਦੀ ਸੁਰੱਖਿਆ ਅਤੇ ਰੱਖ ਰਖਾਅ ਨੂੰ ਯਕੀਨੀ ਬਣਾਉਣ ਵਾਸਤੇ ਇਹ ਸੁਝਾਅ ਦਿੱਤੇ ਗਏ ਹਨ। ਜਿਨ੍ਹਾਂ ਸੁਝਾਆਂ ਨੂੰ ਧਿਆਨ ਪੂਰਵਕ ਸੁਣਨ ਤੋਂ ਬਾਅਦ ਡਿਪਟੀ ਕਮਿਸ਼ਨਰ ਨੇ ਭਰੋਸਾ ਦਿੱਤਾ ਕਿ ਪ੍ਰਸ਼ਾਸਨ ਵਲੋਂ ਇਨ੍ਹਾਂ ਉੱਪਰ ਕੰਮ ਕੀਤਾ ਜਾਵੇਗਾ ਅਤੇ ਜਲਦੀ ਹੀ ਸਾਰੇ ਵਿਸ਼ੇ ਹੱਲ ਕੀਤੇ ਜਾਣਗੇ।

ਇਸ ਮੌਕੇ ਵਫਦ ਦੇ ਮੈਂਬਰਾਂ ਵਿੱਚ ਇੰਦਰਜੀਤ ਕਪੂਰ, ਨੇਤਾ ਜੀ ਸੋਂਧੀ, ਸ਼ੀਤਲ ਆਦੀਵੰਸ਼ੀ, ਅਨਿਲ ਘਈ, ਈਸ਼ਵਰ ਕਲਿਆਣ, ਸੰਨੀ ਕਾਲੂ, ਅਮਰ ਵੀ ਸ਼ਾਮਿਲ ਰਹੇ।