ਡਾ.ਕੋਟਨਿਸ ਦੀ ਯਾਦ ਵਿੱਚ ਕੈਂਪ ਸ਼ੁਰੂ.
ਡਾ. ਕੋਟਨਿਸ ਦੀ 116ਵੀਂ ਜਯੰਤੀ ਮੌਕੇ ਦੇਸ਼ ਭਰ ਵਿੱਚ ਦੋ ਰੋਜ਼ਾ ਮੁਫ਼ਤ ਐਕਿਊਪੰਕਚਰ ਕੈਂਪ ਕੱਲ੍ਹ ਤੋਂ ਸ਼ੁਰੂ
ਲੁਧਿਆਣਾ, 10 ਅਕਤੂਬਰ। ਡਾ. ਦਵਾਰਕਾਨਾਥ ਕੋਟਨਿਸ ਦੀ 116ਵੀਂ ਜਯੰਤੀ ਅਤੇ ਸਾਲ 1938 ਤੋਂ 1942 ਤੱਕ ਚੀਨ ਵਿੱਚ ਭਾਰਤੀ ਮੈਡੀਕਲ ਮਿਸ਼ਨ ਵੱਲੋਂ ਨਿਭਾਈਆਂ ਸੇਵਾਵਾਂ ਦੀ 88ਵੀਂ ਵਰ੍ਹੇਗੰਢ ਮੌਕੇ ਦੇਸ਼ ਭਰ ਵਿੱਚ ਮੁਫ਼ਤ ਐਕਿਊਪੰਕਚਰ ਮੈਡੀਕਲ ਕੈਂਪ ਲਗਾਏ ਜਾ ਰਹੇ ਹਨ। ਇਸ ਦੇਸ਼ਵਿਆਪੀ ਮੁਹਿੰਮ ਦੇ ਪਹਿਲੇ ਪੜਾਅ ਵਿੱਚ 10 ਅਤੇ 11 ਅਕਤੂਬਰ ਨੂੰ ਵੱਖ-ਵੱਖ ਥਾਵਾਂ ’ਤੇ ਕੈਂਪ ਲਗਾਏ ਜਾਣਗੇ। ਇਸ ਸਬੰਧੀ ਜਾਣਕਾਰੀ ਡੀ.ਐਨ. ਕੋਟਨਿਸ ਐਕਿਊਪੰਕਚਰ ਹਸਪਤਾਲ, ਸਲੇਮ ਟਾਬਰੀ, ਲੁਧਿਆਣਾ ਦੇ ਜਨਰਲ ਸਕੱਤਰ ਸਰਦਾਰ ਇਕਬਾਲ ਸਿੰਘ ਗਿੱਲ, ਆਈ.ਪੀ.ਐੱਸ., ਸਰਬੱਤ ਦਾ ਭਲਾ ਚੈਰੀਟੇਬਲ ਸੋਸਾਇਟੀ, ਲੁਧਿਆਣਾ ਦੇ ਪ੍ਰਧਾਨ ਜਸਵੰਤ ਸਿੰਘ ਛਾਪਾ, ਹਸਪਤਾਲ ਦੇ ਡਾਇਰੈਕਟਰ ਡਾ. ਇੰਦਰਜੀਤ ਸਿੰਘ ਅਤੇ ਡਾ. ਰਘਬੀਰ ਸਿੰਘ ਨੇ ਦਿੱਤੀ। ਉਨ੍ਹਾਂ ਦੱਸਿਆ ਕਿ 10 ਅਕਤੂਬਰ ਤੋਂ ਲੁਧਿਆਣਾ, ਹਿਮਾਚਲ ਪ੍ਰਦੇਸ਼, ਬਿਹਾਰ, ਭੋਪਾਲ ਅਤੇ ਸ੍ਰੀਨਗਰ ਵਿੱਚ ਕੈਂਪਾਂ ਦੀ ਸ਼ੁਰੂਆਤ ਹੋਵੇਗੀ। ਇਸ ਤੋਂ ਬਾਅਦ 11 ਅਕਤੂਬਰ ਤੋਂ 4 ਨਵੰਬਰ ਤੱਕ ਦੇਸ਼ ਦੇ ਹੋਰ 22 ਰਾਜਾਂ ਅਤੇ ਥਾਵਾਂ ’ਤੇ ਵੀ ਇਸ ਮੁਹਿੰਮ ਤਹਿਤ ਕੈਂਪ ਲਗਾਏ ਜਾਣਗੇ। ਆਉਣ ਵਾਲੀ 6 ਨਵੰਬਰ ਨੂੰ ਲੁਧਿਆਣਾ ਵਿੱਚ ਇੱਕ ਵਿਸ਼ਾਲ ਸਮਾਗਮ ਕਰਵਾਇਆ ਜਾਵੇਗਾ, ਜਿਸ ਵਿੱਚ ਭਾਰਤ ਸਥਿਤ ਚੀਨ ਦੇ ਦੂਤਾਵਾਸ ਦੇ ਸੀਨੀਅਰ ਨੁਮਾਇੰਦਿਆਂ ਦੇ ਸ਼ਾਮਲ ਹੋਣ ਦੀ ਸੰਭਾਵਨਾ ਹੈ। ਪ੍ਰਬੰਧਕਾਂ ਨੇ ਦੱਸਿਆ ਕਿ ਲੁਧਿਆਣਾ ਵਿੱਚ ਲਗਾਏ ਜਾਣ ਵਾਲੇ ਕੈਂਪ ਵਿੱਚ ਜਾਮਾ ਮਸਜਿਦ ਪੰਜਾਬ ਦੇ ਸ਼ਾਹੀ ਇਮਾਮ ਮੌਲਾਨਾ ਉਸਮਾਨ ਲੁਧਿਆਣਵੀ, ਲੁਧਿਆਣਾ ਪੂਰਬੀ ਦੇ ਵਿਧਾਇਕ ਦਲਜੀਤ ਸਿੰਘ ਗਰੇਵਾਲ (ਭੋਲਾ) ਅਤੇ ਸੀਨੀਅਰ ਆਗੂ ਤੇ ਸਾਬਕਾ ਕੌਂਸਲਰ ਪਰਮਿੰਦਰ ਮਹਿਤਾ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕਰਨਗੇ। ਇਹ ਦੋ ਰੋਜ਼ਾ ਕੈਂਪ ਫੈਜ਼ੀ ਅਕੈਡਮੀ ਗਰੁੱਪ, ਗਲੀ ਨੰਬਰ 1, ਹਰਵਿੰਦਰ ਨਗਰ, ਦੁਆ ਹੋਜ਼ਰੀ ਵਾਲੀ ਗਲੀ, ਦਾਣਾ ਮੰਡੀ, ਲੁਧਿਆਣਾ ਵਿਖੇ ਲਗਾਇਆ ਜਾਵੇਗਾ। ਕੈਂਪ ਦਾ ਸਮਾਂ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਹੋਵੇਗਾ। ਡਾ. ਇੰਦਰਜੀਤ ਸਿੰਘ ਨੇ ਦੱਸਿਆ ਕਿ ਡਾ. ਦਵਾਰਕਾਨਾਥ ਕੋਟਨਿਸ ਹੈਲਥ ਐਂਡ ਐਜੂਕੇਸ਼ਨ ਸੈਂਟਰ, ਲੁਧਿਆਣਾ ਵੱਲੋਂ ਚਲਾਈ ਜਾ ਰਹੀ ਇਸ ਮੁਹਿੰਮ ਦਾ ਮੁੱਖ ਉਦੇਸ਼ ਸਿਹਤ ਸੇਵਾਵਾਂ ਅਤੇ ਮਨੁੱਖਤਾ ਦੀ ਸੇਵਾ ਦੀ ਪਰੰਪਰਾ ਨੂੰ ਅੱਗੇ ਵਧਾਉਣਾ ਹੈ। ਇਸ ਮੁਹਿੰਮ ਨਾਲ ਸਬੰਧਤ ਪੋਸਟਰ ਵਿੱਚ ਭਾਰਤ ਸਥਿਤ ਚੀਨ ਦੇ ਦੂਤਾਵਾਸ ਦੇ ਸਹਿਯੋਗ ਦਾ ਵੀ ਜ਼ਿਕਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਕੈਂਪ ਵਿੱਚ ਕਮਰ ਦਰਦ, ਡਿਸਕ ਪ੍ਰੋਲੈਪਸ, ਲਕਵਾ, ਸਰਵਾਈਕਲ ਦੀ ਸਮੱਸਿਆ, ਮਾਈਗ੍ਰੇਨ, ਜੋੜਾਂ ਅਤੇ ਗੋਡਿਆਂ ਦੇ ਦਰਦ, ਮਾਨਸਿਕ ਤਣਾਅ, ਨੀਂਦ ਨਾ ਆਉਣ ਦੀ ਸਮੱਸਿਆ, ਦਮਾ, ਸਾਹ ਲੈਣ ਵਿੱਚ ਤਕਲੀਫ਼, ਪੁਰਾਣੀ ਜ਼ੁਕਾਮ ਅਤੇ ਨਸ਼ਾ ਮੁਕਤੀ ਸਮੇਤ ਵੱਖ-ਵੱਖ ਸਮੱਸਿਆਵਾਂ ਤੋਂ ਪੀੜਤ ਮਰੀਜ਼ ਐਕਿਊਪੰਕਚਰ ਇਲਾਜ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਣਗੇ ਅਤੇ ਉਪਲਬਧ ਸੇਵਾਵਾਂ ਦਾ ਲਾਭ ਲੈ ਸਕਣਗੇ।
