ਪੰਜਾਬੀ ਲੇਖਕ ਸਭਾ ਦੀ ਮੀਟਿੰਗ .
ਕੇ. ਸਾਧੂ ਸਿੰਘ ਤੇ ਸੁਰੇਸ਼ ਹੰਸ ਦੀਆਂ ਰਚਨਾਵਾਂ 'ਤੇ ਹੋਈ ਵਿਚਾਰ ਚਰਚਾ
ਲੁਧਿਆਣਾ (ਕਰਨ) : ਪੰਜਾਬੀ ਲੇਖਕ ਸਭਾ ਦੀ ਵਿਸ਼ੇਸ ਮੀਟਿੰਗ ਡਾ. ਗੁਰਇਕਬਾਲ ਦੀ ਪ੍ਰਧਾਨਗੀ ਹੇਠ ਪੰਜਾਬੀ ਭਵਨ ਲੁਧਿਆਣਾ ਵਿਖੇ ਹੋਈ। ਇਸ ਇਕੱਤਰਤਾ ਵਿੱਚ ਕਵੀ ਕੇ.ਸਾਧੂ ਸਿੰਘ ਤੇ ਕਹਾਣੀਕਾਰ ਸੁਰੇਸ਼ ਹੰਸ ਦੀਆਂ ਰਚਨਾਵਾਂ 'ਤੇ ਬਹੁਤ ਹੀ ਗੰਭੀਰ ਚਰਚਾ ਹੋਈ। ਸਭ ਤੋੰ ਪਹਿਲਾਂ ਕੇ.ਸਾਧੂ ਸਿੰਘ ਆਪਣੀਆਂ ਖ਼ੂਬਸੂਰਤ ਕਵਿਤਾਵਾਂ ਲੈ ਕੇ ਹਾਜ਼ਰ ਹੋਏ। ਇਸ ਮੌਕੇ ਦਰਸ਼ਨ ਸਿੰਘ ਓਬਰਾਏ ਨੇ ਕਿਹਾ ਕਿ "ਕੇ. ਸਾਧੂ ਸਿੰਘ ਦੀ ਕਵਿਤਾ ਅਜੋਕੇ ਸਮਾਜ ਦੀਆਂ ਤਲਖ਼ ਹਕੀਕਤਾਂ ਤੇ ਅਜੋਕੀ ਰਾਜਨੀਤੀ 'ਤੇ ਬਹੁਤ ਹੀ ਗਹਿਰਾ ਵਿਅੰਗ ਕਰਦੀ ਹੈ। ਇਸ ਦੌਰ ਵਿੱਚ ਅਜਿਹੀਆਂ ਲਿਖਤਾਂ ਦੀ ਬਹੁਤ ਹੀ ਵੱਡੀ ਲੋੜ ਹੈ।"
ਮਨਜਿੰਦਰ ਧਨੋਆ ਨੇ ਆਖਿਆ ਕਿ "ਕੇ. ਸਾਧੂ ਸਿੰਘ ਆਪਣੀ ਧਰਤੀ ਤੇ ਆਪਣੀ ਮਿੱਟੀ ਨਾਲ ਗਹਿਰਾ ਜੁੜਿਆ ਕਵੀ ਹੈ, ਇਸੇ ਕਰਕੇ ਉਹ ਆਪਣੀ ਕਵਿਤਾ ਵਿੱਚ ਆਪਣੇ ਲੋਕਾਂ ਦੀ ਪੀੜ ਨੂੰ ਬਹੁਤ ਹੀ ਸਟੀਕ ਅੰਦਾਜ਼ ਵਿੱਚ ਪੇਸ਼ ਕਰਦਾ ਹੈ ਤੇ ਉਸਦੀ ਕਵਿਤਾ ਵਿਚਲਾ ਕਟਾਖਸ਼ ਵੀ ਕਮਾਲ ਹੈ।" ਡਾ. ਗੁਰਇਕਬਾਲ ਸਿੰਘ ਨੇ ਕਿਹਾ ਕਿ "ਕਵੀ ਆਪਣੀ ਕਵਿਤਾ ਵਿੱਚ ਗੰਧਲੀ ਰਾਜਨੀਤੀ ਤੇ ਅਜੋਕੇ ਟੁੱਟਦੇ ਰਿਸ਼ਤਿਆਂ ਦੇ ਦਰਦ ਨੂੰ ਬਹੁਤ ਹੀ ਮਾਰਮਿਕ ਅੰਦਾਜ਼ ਵਿੱਚ ਪੇਸ਼ ਕਰਦਾ ਹੈ।"
ਦੂਜੇ ਦੌਰ ਵਿੱਚ ਸੁਰੇਸ਼ ਹੰਸ ਦੀ ਕਹਾਣੀ 'ਕਮਾਂਡਰ ਕੀ ਨਾਕ ' 'ਤੇ ਗੱਲ ਕਰਦਿਆਂ ਕਹਾਣੀਕਾਰਾ ਇੰਦਰਜੀਤਪਾਲ ਭਿੰਡਰ ਨੇ ਆਖਿਆ ਕਿ "ਸੁਰੇਸ਼ ਹੰਸ ਵੱਖਰੀ ਤਰ੍ਹਾਂ ਦਾ ਕਹਾਣੀਕਾਰ ਹੈ। ਉਸਦੀ ਕਹਾਣੀ ਦੀ ਸਭ ਤੋੰ ਵੱਡੀ ਖ਼ੂਬਸੂਰਤੀ ਇਹ ਹੈ ਕਿ ਉਸਦੀ ਕਹਾਣੀ ਪਾਠਕ ਨੂੰ ਆਪਣੇ ਨਾਲ ਨਾਲ ਤੋਰਨ ਦੀ ਸਮਰੱਥਾ ਰੱਖਦੀ ਹੈ।" ਕੇ. ਸਾਧੂ ਸਿੰਘ ਨੇ ਕਿਹਾ ਕਿ "ਸੁਰੇਸ਼ ਹੰਸ ਦੀ ਇਹ ਕਹਾਣੀ ਭਾਵੇਂ ਹਿੰਦੀ ਭਾਸ਼ਾ ਵਿੱਚ ਹੈ ਪਰ ਇਸ ਵਿੱਚ ਪੰਜਾਬ ਦੀ ਆਤਮਾ ਧੜਕਦੀ ਹੈ ਕਿਉਂਕਿ ਇਹ ਕਹਾਣੀ ਪੰਜਾਬ ਦੀ ਬਾਤ ਪਾਉਂਦੀ ਹੈ।" ਹਰਵਿੰਦਰ ਥਰੀਕੇ ਨੇ ਵੀ ਇਸ ਕਹਾਣੀ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਇਸ ਮੌਕੇ ਸੁਰੇਸ਼ ਹੰਸ ਨੇ ਆਪਣੀ ਪੁਸਤਕ 'ਕਸਤੂਰੀ ਕੁੰਡਲ' ਡਾ. ਗੁਰਇਕਬਾਲ ਸਿੰਘ ਤੇ ਮਨਜਿੰਦਰ ਧਨੋਆ ਨੂੰ ਭੇਟ ਕੀਤੀ। ਇਸ ਮੀਟਿੰਗ ਦੀ ਸਮੁੱਚੀ ਕਾਰਵਾਈ ਸਭਾ ਦੇ ਜਨਰਲ ਸਕੱਤਰ ਮਨਜਿੰਦਰ ਧਨੋਆ ਨੇ ਬਾਖ਼ੂਬੀ ਨਿਭਾਈ।
....
ਕੈਪਸ਼ਨ
ਸੁਰੇਸ਼ ਹੰਸ ਆਪਣੀ ਪੁਸਤਕ ਡਾ. ਗੁਰਇਕਬਾਲ ਸਿੰਘ ਤੇ ਮਨਜਿੰਦਰ ਧਨੋਆ ਨੂੰ ਭੇਟ ਕਰਦੇ ਹੋਏ |
