ਸਥਾਪਨਾ ਦਿਵਸ .

ਡਾ. ਕੋਟਨੀਸ ਐਕਿਊਪੰਕਚਰ ਹਸਪਤਾਲ ਦੇ 51ਵੇਂ ਸਥਾਪਨਾ ਦਿਵਸ ਸਮਾਗਮ ਵਿੱਚ ਸ਼ਾਮਲ ਹੋਵੇਗਾ ਚੀਨ ਦਾ ਉੱਚ ਪੱਧਰੀ ਵਫ਼ਦ

6 ਨਵੰਬਰ ਨੂੰ ਲੁਧਿਆਣਾ ਵਿੱਚ ਹੋਵੇਗਾ ਵਿਸ਼ੇਸ਼ ਸਮਾਗਮ, ਪੰਜਾਬ ਸਰਕਾਰ ਦੇ ਦੋ ਕੈਬਨਿਟ ਮੰਤਰੀ, ਵਿਧਾਇਕ ਅਤੇ ਸ਼ਾਹੀ ਇਮਾਮ ਪੰਜਾਬ ਵੀ ਕਰਨਗੇ ਸ਼ਿਰਕਤ

ਸਮਾਗਮ ਤੋਂ ਪਹਿਲਾਂ ਸਵੇਰੇ ਸਲੇਮ ਟਾਬਰੀ ਸਥਿਤ ਹਸਪਤਾਲ ਦਾ ਵੀ ਦੌਰਾ ਕਰੇਗਾ ਚੀਨੀ ਵਫ਼ਦ

ਲੁਧਿਆਣਾ, 4 ਨਵੰਬਰ। ਡਾ. ਦਵਾਰਕਾ ਨਾਥ ਕੋਟਨੀਸ ਐਕਿਊਪੰਕਚਰ ਹਸਪਤਾਲ ਅਤੇ ਐਜੂਕੇਸ਼ਨ ਸੈਂਟਰ, ਲੁਧਿਆਣਾ ਦੀ ਸਥਾਪਨਾ ਦੇ 51 ਸਾਲ ਪੂਰੇ ਹੋਣ ਮੌਕੇ 6 ਨਵੰਬਰ ਨੂੰ ਵਿਸ਼ੇਸ਼ ਸਮਾਗਮ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਭਾਰਤ ਵਿੱਚ ਚੀਨ ਦੇ ਮੈਡੀਕਲ ਮਿਸ਼ਨ ਦੇ 88ਵੇਂ ਵਰ੍ਹੇ ਨੂੰ ਵੀ ਯਾਦ ਕੀਤਾ ਜਾਵੇਗਾ। ਸਮਾਗਮ ਵਿੱਚ ਚੀਨ ਦਾ ਉੱਚ ਪੱਧਰੀ ਕੂਟਨੀਤਕ ਵਫ਼ਦ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਵੇਗਾ।

ਹਸਪਤਾਲ ਦੇ ਡਾਇਰੈਕਟਰ ਡਾ. ਇੰਦਰਜੀਤ ਸਿੰਘ, ਜਨਰਲ ਸਕੱਤਰ ਸਰਦਾਰ ਇਕਬਾਲ ਸਿੰਘ ਗਿੱਲ ਆਈ.ਪੀ.ਐੱਸ. ਅਤੇ ਸਰਦਾਰ ਜਸਵੰਤ ਸਿੰਘ ਛਾਪਾ ਅਨੁਸਾਰ ਇਹ ਸਮਾਗਮ ਸ਼ੁੱਕਰਵਾਰ, 6 ਨਵੰਬਰ 2026 ਨੂੰ ਦੁਪਹਿਰ 12 ਵਜੇ ਤੋਂ ਸ਼ਾਮ 4 ਵਜੇ ਤੱਕ ਹੋਟਲ ਮਹਾਰਾਜਾ ਪਲਾਜ਼ੋ, ਦੁੱਗਰੀ ਰੋਡ, ਲੁਧਿਆਣਾ ਵਿਖੇ ਕਰਵਾਇਆ ਜਾਵੇਗਾ।

ਇਸ ਮੌਕੇ ਭਾਰਤ ਵਿੱਚ ਚੀਨ ਦੇ ਰਾਜਦੂਤ ਮਹਾਮਹਿਮ ਸ਼੍ਰੀ ਸ਼ੂ ਫੇਇਹੋਂਗ ਦੀ ਅਗਵਾਈ ਹੇਠ ਚੀਨ ਦਾ ਵਫ਼ਦ ਪੰਜਾਬ ਪਹੁੰਚੇਗਾ। ਵਫ਼ਦ ਦੀ ਅਗਵਾਈ ਮੰਤਰੀ ਕੌਂਸਲਰ ਸ਼੍ਰੀ ਵਾਂਗ ਸ਼ਿਨਮਿੰਗ ਕਰਨਗੇ।

ਵਫ਼ਦ ਵਿੱਚ ਸ਼੍ਰੀ ਝਾਂਗ ਹਾਈਲਿਨ, ਫਸਟ ਸੈਕਟਰੀ, ਜੋ ਰਾਜਨੀਤਿਕ, ਪ੍ਰੈੱਸ ਅਤੇ ਜਨਤਕ ਕੂਟਨੀਤੀ ਦੇ ਨਾਲ-ਨਾਲ ਸੱਭਿਆਚਾਰਕ ਅਤੇ ਵਿੱਦਿਅਕ ਮਾਮਲਿਆਂ ਨਾਲ ਜੁੜੇ ਹੋਏ ਹਨ; ਸ਼੍ਰੀ ਗਾਓ ਫੇਂਗ, ਥਰਡ ਸੈਕਟਰੀ, ਜੋ ਕੌਂਸਲਰ, ਸੈਰ-ਸਪਾਟਾ ਅਤੇ ਵੀਜ਼ਾ ਸਬੰਧੀ ਮਾਮਲਿਆਂ ਦੀ ਦੇਖ-ਰੇਖ ਕਰਦੇ ਹਨ; ਸ਼੍ਰੀ ਵਾਂਗ ਸ਼ਿਨਮਿੰਗ, ਮੰਤਰੀ ਕੌਂਸਲਰ ਅਤੇ ਸ਼੍ਰੀ ਵਾਂਗ ਚਾਂਗਯੇ, ਸੈਕਿੰਡ ਸੈਕਟਰੀ, ਵਿਗਿਆਨ ਅਤੇ ਤਕਨਾਲੋਜੀ ਵਿਭਾਗ ਸ਼ਾਮਲ ਹੋਣਗੇ। ਸ਼੍ਰੀ ਵਾਂਗ ਚਾਂਗਯੇ ਸੱਭਿਆਚਾਰਕ ਅਤੇ ਵਿਰਾਸਤੀ ਮਾਮਲਿਆਂ ਨਾਲ ਵੀ ਜੁੜੇ ਹੋਏ ਹਨ।

ਸਮਾਗਮ ਵਿੱਚ ਪੰਜਾਬ ਸਰਕਾਰ ਵੱਲੋਂ ਕੈਬਨਿਟ ਮੰਤਰੀ ਸਰਦਾਰ ਗੁਰਮੀਤ ਸਿੰਘ ਖੁੱਡੀਆਂ ਅਤੇ ਸਰਦਾਰ ਤਰੁਨਪ੍ਰੀਤ ਸਿੰਘ ਸੌਂਧ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕਰਨਗੇ। ਇਸ ਮੌਕੇ ਹਲਕਾ ਆਤਮ ਨਗਰ ਦੇ ਵਿਧਾਇਕ ਕੁਲਵੰਤ ਸਿੰਘ ਸਿੱਧੂ, ਲੁਧਿਆਣਾ ਨਾਰਥ ਦੇ ਵਿਧਾਇਕ ਮਦਨ ਲਾਲ ਬੱਗਾ, ਵਿਧਾਇਕ ਦਲਜੀਤ ਸਿੰਘ ਭੋਲਾ ਗਰੇਵਾਲ, ਵਿਧਾਇਕ ਰਜਿੰਦਰ ਪਾਲ ਕੌਰ ਛੀਨਾ, ਸ਼ਾਹੀ ਇਮਾਮ ਪੰਜਾਬ ਮੌਲਾਨਾ ਉਸਮਾਨ ਲੁਧਿਆਣਵੀ ਅਤੇ ਭਾਈ ਸਾਹਿਬ ਦਵਿੰਦਰ ਸੂਦ ਜੀ ਸਮੇਤ ਕਈ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਵੀ ਹਾਜ਼ਰੀ ਭਰਨਗੀਆਂ।

ਇਸ ਤੋਂ ਪਹਿਲਾਂ ਚੀਨੀ ਵਫ਼ਦ ਵੱਲੋਂ ਸਵੇਰੇ 9 ਵਜੇ ਤੋਂ 11 ਵਜੇ ਤੱਕ ਸਲੇਮ ਟਾਬਰੀ ਸਥਿਤ ਕੋਟਨੀਸ ਹਸਪਤਾਲ ਦਾ ਦੌਰਾ ਕੀਤਾ ਜਾਵੇਗਾ। ਇਸ ਦੌਰਾਨ ਵਫ਼ਦ ਹਸਪਤਾਲ ਦੀਆਂ ਸਿਹਤ ਸੇਵਾਵਾਂ, ਇਲਾਜ ਪ੍ਰਣਾਲੀ ਅਤੇ ਸੰਸਥਾ ਵੱਲੋਂ ਕੀਤੇ ਜਾ ਰਹੇ ਕਾਰਜਾਂ ਬਾਰੇ ਜਾਣਕਾਰੀ ਹਾਸਲ ਕਰੇਗਾ।

ਇਸ ਇਤਿਹਾਸਕ ਸਮਾਗਮ ਦਾ ਮਕਸਦ ਡਾ. ਦਵਾਰਕਾ ਨਾਥ ਕੋਟਨੀਸ ਦੇ ਮੈਡੀਕਲ ਅਤੇ ਮਨੁੱਖਤਾ ਦੀ ਸੇਵਾ ਦੇ ਖੇਤਰ ਵਿੱਚ ਪਾਏ ਯੋਗਦਾਨ ਨੂੰ ਯਾਦ ਕਰਨਾ ਅਤੇ ਭਾਰਤ-ਚੀਨ ਦਰਮਿਆਨ ਮੈਡੀਕਲ, ਸੱਭਿਆਚਾਰਕ ਅਤੇ ਵਿੱਦਿਅਕ ਸਬੰਧਾਂ ਨੂੰ ਹੋਰ ਮਜ਼ਬੂਤ ਕਰਨਾ ਹੈ।

ਜ਼ਿਕਰਯੋਗ ਹੈ ਕਿ ਡਾ. ਕੋਟਨੀਸ ਦਾ ਚੀਨ ਨਾਲ ਇਤਿਹਾਸਕ ਸਬੰਧ ਭਾਰਤੀ ਮੈਡੀਕਲ ਮਿਸ਼ਨ ਨਾਲ ਜੁੜਿਆ ਹੋਇਆ ਹੈ। ਸਾਲ 1938 ਤੋਂ 1942 ਦੌਰਾਨ ਚੀਨ ਵਿੱਚ ਭਾਰਤੀ ਮੈਡੀਕਲ ਮਿਸ਼ਨ ਨੇ ਮਨੁੱਖਤਾ ਦੀ ਸੇਵਾ ਦੀ ਇੱਕ ਮਿਸਾਲ ਕਾਇਮ ਕੀਤੀ ਸੀ। ਇਸੇ ਵਿਰਾਸਤ ਨੂੰ ਅੱਗੇ ਵਧਾਉਂਦੇ ਹੋਏ ਲੁਧਿਆਣਾ ਦਾ ਇਹ ਸੰਸਥਾਨ ਪਿਛਲੇ 51 ਸਾਲਾਂ ਤੋਂ ਐਕਿਊਪੰਕਚਰ, ਰਵਾਇਤੀ ਇਲਾਜ ਪ੍ਰਣਾਲੀ, ਸਿਹਤ ਸੇਵਾਵਾਂ ਅਤੇ ਸਮਾਜ ਭਲਾਈ ਦੇ ਖੇਤਰ ਵਿੱਚ ਆਪਣੀਆਂ ਸੇਵਾਵਾਂ ਨਿਭਾ ਰਿਹਾ ਹੈ।