ਹਾਕੀ ਚੈਂਪੀਅਨਸ਼ਿਪ 29 ਤੋਂ.
*ਗੁਰੂ ਗੋਬਿੰਦ ਸਿੰਘ ਅੰਡਰ-17 ਹਾਕੀ ਚੈਂਪੀਅਨਸ਼ਿਪ 29 ਨਵੰਬਰ ਤੋਂ 2 ਦਸੰਬਰ ਤੱਕ ਲੁਧਿਆਣਾ ਵਿਖੇ*
*12 ਟੀਮਾਂ ਲੈਣਗੀਆਂ ਹਿੱਸਾ, ਸਰਵੋਤਮ ਖਿਡਾਰੀ ਹੋਣਗੇ ਏਵਨ ਸਾਈਕਲਾਂ ਨਾਲ ਸਨਮਾਨਿਤ*
ਲੁਧਿਆਣਾ, 9 ਨਵੰਬਰ (ਇੰਦਰਜੀਤ) : ਲੁਧਿਆਣਾ ਸਪੋਰਟਸ ਵੈਲਫੇਅਰ ਐਸੋਸੀਏਸ਼ਨ ਵੱਲੋਂ 10ਵੀਂ ਗੁਰੂ ਗੋਬਿੰਦ ਸਿੰਘ ਹਾਕੀ ਚੈਂਪੀਅਨਸ਼ਿਪ (ਅੰਡਰ-17 ਸਾਲ) ਮੁੰਡੇ ਅਤੇ ਕੁੜੀਆਂ ਦੇ ਵਰਗ ਦੀ 29 ਨਵੰਬਰ ਤੋਂ 2 ਦਸੰਬਰ 2026 ਤੱਕ ਕਰਵਾਈ ਜਾ ਰਹੀ ਹੈ।
*12 ਟੀਮਾਂ ਲੈਣਗੀਆਂ ਹਿੱਸਾ*
ਲੁਧਿਆਣਾ ਸਪੋਰਟਸ ਵੈਲਫੇਅਰ ਐਸੋਸੀਏਸ਼ਨ ਦੇ ਸਰਪ੍ਰਸਤ ਪਦਮ ਸ੍ਰੀ ਬਲਦੇਵ ਸਿੰਘ, ਪ੍ਰਧਾਨ ਅਮਰੀਕ ਸਿੰਘ ਮਿਨਹਾਸ, ਜਨਰਲ ਸਕੱਤਰ ਜਗਰੂਪ ਸਿੰਘ ਜਰਖੜ ਨੇ ਦੱਸਿਆ ਕਿ ਇਸ ਚੈਂਪੀਅਨਸ਼ਿਪ ਵਿੱਚ ਅੰਡਰ-17 ਸਾਲ ਵਰਗ ਦੀਆਂ ਕੁੱਲ 12 ਟੀਮਾਂ ਹਿੱਸਾ ਲੈਣਗੀਆਂ। ਜਿਸ ਵਿੱਚ 8 ਟੀਮਾਂ ਮੁੰਡਿਆਂ ਦੀਆਂ ਹੋਣਗੀਆਂ ਅਤੇ 4 ਟੀਮਾਂ ਕੁੜੀਆਂ ਦੀਆਂ ਹੋਣਗੀਆਂ।
ਮੁੰਡਿਆਂ ਦੇ ਵਰਗ ਵਿੱਚ ਪਿਛਲੇ ਸਾਲ ਦੀ ਚੈਂਪੀਅਨ ਜਰਖੜ ਹਾਕੀ ਅਕੈਡਮੀ ਤੋਂ ਇਲਾਵਾ ਮਾਲਵਾ ਅਕੈਡਮੀ ਲੁਧਿਆਣਾ, ਗੁਰੂ ਤੇਗ ਬਹਾਦਰ ਅਕੈਡਮੀ ਚਚਰਾੜੀ, ਏਕ ਨੂਰ ਅਕੈਡਮੀ ਤੇਹਿੰਗ ਫਿਲੌਰ, ਕਿਲ੍ਹਾ ਰਾਏਪੁਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਕੈਡਮੀ ਅੰਮ੍ਰਿਤਸਰ ਤੋਂ ਇਲਾਵਾ ਤਿੰਨ ਹੋਰ ਟੀਮਾਂ ਨੂੰ ਐਂਟਰੀ ਦਿੱਤੀ ਜਾਵੇਗੀ, ਜਦਕਿ ਕੁੜੀਆਂ ਦੇ ਵਰਗ ਵਿੱਚ ਅਮਰਗੜ੍ਹ ਹਾਕੀ ਸੈਂਟਰ, ਮੁੰਡੀਆਂ ਕਲਾਂ ਹਾਕੀ ਸੈਂਟਰ ਲੁਧਿਆਣਾ, ਹਾਕੀ ਸੈਂਟਰ ਚਚਰਾੜੀ ਦੀਆਂ ਟੀਮਾਂ ਖੇਡਣਗੀਆਂ।
*ਜੇਤੂਆਂ ਲਈ ਵੱਡੇ ਇਨਾਮ*
ਜੇਤੂ ਟੀਮਾਂ ਨੂੰ ਵਧੀਆ ਇਨਾਮੀ ਰਾਸ਼ੀ ਅਤੇ ਟੂਰਨਾਮੈਂਟ ਦੇ ਸਰਵੋਤਮ ਖਿਡਾਰੀਆਂ ਨੂੰ ਏਵਨ ਸਾਈਕਲਾਂ ਨਾਲ ਸਨਮਾਨਿਤ ਕੀਤਾ ਜਾਵੇਗਾ। ਮੁੰਡਿਆਂ ਦੀ ਚੈਂਪੀਅਨ ਟੀਮ ਨੂੰ 25 ਹਜ਼ਾਰ ਅਤੇ ਗੁਰੂ ਗੋਬਿੰਦ ਸਿੰਘ ਗੋਲਡ ਕੱਪ ਟਰਾਫੀ ਤੋ ਇਲਾਵਾ ਪੂਰੀ ਟੀਮ ਨੂੰ ਮੈਡਲ ਮਿਲਣਗੇ, ਉਪ ਜੇਤੂ ਟੀਮ ਨੂੰ 18000 ਦੀ ਇਨਾਮੀ ਰਾਸੀ ਅਤੇ ਪੂਰੀ ਟੀਮ ਨੂੰ ਮੈਡਲ ਮਿਲਣਗੇ। ਸੈਮੀ ਫਾਈਨਲ ਵਿੱਚ ਹਾਰਨ ਵਾਲੀਆਂ ਟੀਮਾਂ ਨੂੰ 10-10 ਹਜ਼ਾਰ ਰੁਪਏ ਦੀ ਇਨਾਮੀ ਰਾਸੀ ਮਿਲੇਗੀ। ਕੁੜੀਆਂ ਦੀ ਚੈਂਪੀਅਨ ਟੀਮ ਨੂੰ 15000 ਹਜ਼ਾਰ ਦੀ ਇਨਾਮੀ ਰਾਸੀ, ਮੈਡਲ ਅਤੇ ਚੈਂਪੀਅਨ ਟਰਾਫੀ ਮਿਲੇਗੀ । ਉਪ ਜੇਤੂ ਟੀਮ ਨੂੰ 11000 ਰੁਪਏ ਅਤੇ ਮੈਡਲ ਮਿਲਣਗੇ। ਹਰ ਟੀਮ ਨੂੰ ਘੱਟੋ-ਘੱਟ 6 ਹਜ਼ਾਰ ਰੁਪਏ ਪਾਰਟੀਸੀਪੇਸ਼ਨ ਮਨੀ ਦਿੱਤੀ ਜਾਵੇਗੀ। 6 ਸਰਵੋਤਮ ਖਿਡਾਰੀਆਂ ਨੂੰ ਏਵਨ ਸਾਈਕਲ ਮਿਲਣਗੇ।
*ਵਿਸ਼ੇਸ਼ ਐਵਾਰਡਾਂ ਨਾਲ ਸਨਮਾਨ*
ਜਗਰੂਪ ਸਿੰਘ ਜਰਖੜ ਨੇ ਦੱਸਿਆ ਕਿ ਸੈਮੀਫਾਈਨਲ ਮੈਚਾਂ ਦੌਰਾਨ ਸਾਲ 2025-26 ਵਿੱਚ ਅੰਡਰ-17 ਸਾਲ ਵਿੱਚ ਵਧੀਆ ਕਾਰਗੁਜ਼ਾਰੀ ਦਿਖਾਉਣ ਵਾਲੇ ਪੰਜ ਖਿਡਾਰੀਆਂ ਨੂੰ 5-5 ਹਜ਼ਾਰ ਰੁਪਏ ਦੀ ਨਕਦ ਰਾਸ਼ੀ ਤੋਂ ਇਲਾਵਾ ਵੱਖ-ਵੱਖ ਐਵਾਰਡਾਂ ਨਾਲ ਸਨਮਾਨਿਤ ਕੀਤਾ ਜਾਵੇਗਾ:
- ਜ਼ਿਲ੍ਹੇ ਦੇ ਵਧੀਆ ਕੋਚ ਨੂੰ *"ਪਦਮ ਸ੍ਰੀ ਬਲਦੇਵ ਸਿੰਘ ਐਵਾਰਡ"*
- ਲੁਧਿਆਣਾ ਜ਼ਿਲ੍ਹੇ ਦੀ ਸਰਵੋਤਮ ਖਿਡਾਰਨ ਨੂੰ *ਓਲੰਪੀਅਨ ਸ਼ਰਨਜੀਤ ਕੌਰ ਐਵਾਰਡ*
- ਵਧੀਆ ਗੋਲਕੀਪਰ ਨੂੰ *ਅੰਤਰਰਾਸ਼ਟਰੀ ਗੋਲਕੀਪਰ ਹਰਜੋਤ ਸਿੰਘ ਜੋਤੀ ਐਵਾਰਡ*
- ਵਧੀਆ ਫੁੱਲ ਬੈਕ ਨੂੰ *ਓਲੰਪੀਅਨ ਪ੍ਰਿਥੀਪਾਲ ਸਿੰਘ ਐਵਾਰਡ*
- ਵਧੀਆ ਹਾਫ਼ਬੈਕ ਨੂੰ *ਓਲੰਪੀਅਨ ਹਰਦੀਪ ਸਿੰਘ ਗਰੇਵਾਲ ਐਵਾਰਡ*
- ਵਧੀਆ ਫਾਰਵਰਡ ਖਿਡਾਰੀ ਨੂੰ *ਓਲੰਪੀਅਨ ਗਗਨਅਜੀਤ ਸਿੰਘ ਐਵਾਰਡ*
*5 ਮੈਂਬਰੀ ਚੋਣ ਕਮੇਟੀ ਦਾ ਗਠਨ*
ਇਨ੍ਹਾਂ ਖਿਡਾਰੀਆਂ ਦੀ ਚੋਣ ਲਈ 5 ਮੈਂਬਰੀ ਕਮੇਟੀ ਬਣਾਈ ਗਈ ਹੈ ਜਿਸ ਵਿੱਚ ਜ਼ਿਲ੍ਹਾ ਖੇਡ ਅਫਸਰ ਮਨਦੀਪ ਕੌਂਸਲ ਲੁਧਿਆਣਾ, ਗੁਰਦੀਪ ਸਿੰਘ ਗਰੇਵਾਲ ਜ਼ਿਲ੍ਹਾ ਖੇਡ ਅਫਸਰ ਫਿਰੋਜ਼ਪੁਰ, ਕੋਚ ਗੁਰਸਤਿੰਦਰ ਸਿੰਘ ਪਰਗਟ, ਕੋਚ ਮਨਪ੍ਰੀਤ ਸਿੰਘ ਮੁੰਡੀਆਂ, ਕੋਚ ਪ੍ਰੇਮ ਸਿੰਘ ਸ਼ਾਮਲ ਹਨ। ਇਹ ਕਮੇਟੀ ਖਿਡਾਰੀਆਂ ਦੀ ਖੇਡ ਕਾਰਗੁਜ਼ਾਰੀ ਦੇ ਅਧਾਰ 'ਤੇ ਨਾਮਜ਼ਦ ਕਰੇਗੀ।
ਟੂਰਨਾਮੈਂਟ ਦੇ ਤਕਨੀਕੀ ਡਾਇਰੈਕਟਰ ਗੁਰਤੇਗ ਸਿੰਘ ਲਾਡੀ, ਖੇਡ ਇੰਚਾਰਜ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਹੋਣਗੇ।
