ਹਰ ਕਲਾਕਾਰ ਤੇ ਗੀਤ .
ਜੋ ਰੰਗ ਨੇ ਹਜ਼ਾਰਾਂ ਸੰਸਾਰ ਦੇ ਜਿਹੜੇ,
ਇੱਕ ਪੰਨੇ 'ਤੇ ਉਤਾਰੇ ਕਲਾਕਾਰ ਨੇ ਕਿਹੜੇ !
ਕੋਈ ਆਖਦਾ ਹੈ ਜਾਦੂ, ਕੋਈ ਹੱਥ ਦੀ ਸਫਾਈ,
ਕੋਈ ਬੰਦਾ ਹੀ ਨਾ ਮੰਨੇ, ਆਖੇ ਰੱਬ ਦੀ ਖੁਦਾਈ।
ਕੋਈ ਮਿੱਧ ਕੇ ਦਿਖਾਵੇ ਇਹਦੀ ਕਲਾਕਾਰੀ ਨੂੰ,
ਇਹ ਤਾਂ ਅਰਸ਼ਾਂ ਦੇ ਘੋੜੇ 'ਤੇ ਸਵਾਰ ਹੁੰਦੇ ਨੇ।
ਉਹ ਜ਼ਿੰਦਗੀ ਨੂੰ ਰੰਗਾਂ ਵਿੱਚ ਪੇਸ਼ ਕਰਦੇ,
ਕੁੱਝ ਇਸ ਤਰ੍ਹਾਂ ਦੇ ਵੀ ਕਲਾਕਾਰ ਹੁੰਦੇ ਨੇ।
ਹੋ ਰੱਬ ਨੇ ਰਚਾਇਆ ਇਵੇਂ ਇਸ ਸੰਸਾਰ ਨੂੰ,
ਕਿਸੇ ਕਾਰੀਗਰ ਨੇ ਚਲਾਇਆ ਜਿਵੇਂ ਹਥਿਆਰ ਨੂੰ।
ਰੱਬ ਨੇ ਬਣਾ ਕੇ ਦਿੱਤੀ ਦੁਨੀਆ ਇਹ ਸਾਰੀ,
ਇਸਨੂੰ ਸ਼ਿੰਗਾਰਨ ਦਾ ਸਿਹਰਾ ਹੈ ਸ਼ਿਲਪਕਾਰ ਨੂੰ !
ਕੋਈ ਸਿੱਖੇ ਮਜਬੂਰੀਆਂ ਨੂੰ ਸੰਦ ਕਿਵੇਂ ਲਾਉਣਾ,
ਧੂੜੋਂ ਮੂਰਤਾਂ ਘੜਦੇ ਘੁਮਿਆਰ ਹੁੰਦੇ ਨੇ।।
ਓਹ ਜ਼ਿੰਦਗੀ ਨੂੰ ਚੀਜ਼ਾਂ ਵਿੱਚ ਪੇਸ਼ ਕਰਦੇ,
ਕੁੱਝ ਇਸ ਤਰ੍ਹਾਂ ਦੇ ਵੀ ਕਲਾਕਾਰ ਹੁੰਦੇ ਨੇ।
ਕਿਤੇ ਦਿਨ 'ਚ ਹਨੇਰੇ, ਕਿਤੇ ਰਾਤ 'ਚ ਵੀ ਧੁੱਪ,
ਕੋਈ ਲਿਖ ਕੇ ਸੁਣਾਵੇ, ਕੋਈ ਗਾ ਕੇ ਵੀ ਚੁੱਪ।
ਕੋਈ ਕਾਫ਼ਿਰ ਕਹਾਵੇ, ਕੋਈ ਰੱਬ ਦਾ ਪੁਜਾਰੀ,
ਕੋਈ ਲੇਖਕ ਲਿਖਾਵੇ, ਕੋਈ ਲੱਗਦਾ ਭਿਖਾਰੀ।
'ਸਿਧਾਰਥ' ਲੇਖਣੀ ਨੂੰ ਰੱਬ ਵਾਂਗ ਮੰਨੇ ਮਿੱਤਰੋ,
ਕਈਆਂ ਲਈ ਤਾਂ ਬੱਸ ਇਹ ਵਪਾਰ ਹੁੰਦੇ ਨੇ।
ਉਹ ਜ਼ਿੰਦਗੀ ਨੂੰ ਲੇਖਾਂ ਵਿੱਚ ਪੇਸ਼ ਕਰਦੇ,
ਕੁੱਝ ਇਸ ਤਰ੍ਹਾਂ ਦੇ ਵੀ ਕਲਾਕਾਰ ਹੁੰਦੇ ਨੇ।
------ਸਿਧਾਰਥ