ਕੁਦਰਤ ਦੀਆਂ ਤਰੰਗਾਂ .

,, ਕੁਦਰਤ ਦੀਆਂ ਤਰੰਗਾਂ ,,

ਖੇਤਾਂ ਵਿੱਚ ਬੂਟਾ ਗੁਲਮੋਹਰ ਹੈ ਲਗਾਇਆ ਨੀਂ 
ਰਾਵੀ ਦਰਿਆ ਵਾਲਾ ਪਾਣੀ ਹੈ ਪਾਇਆ ਨੀਂ , 

ਗੇਂਦੇ ਗੁਲਦੋਦੀ ਫੁੱਲ ਪੱਤੀਆਂ ਗੁਲਾਬ ਦੀਆਂ 
ਲਹਿੰਦੇ ਵਾਲੇ ਪਾਸੋਂ ਛੱਲਾਂ ਸੁਣ ਲੈ ਚਿਨਾਬ ਦੀਆਂ ,

ਸੋਹਣੇਵਾਲਾ ਲਿਖਦਾ ਏ ਫੁੱਲਾਂ ਦੀ ਏ ਸ਼ਾਨ ਨੀਂ 
ਸਰੋਂ ਵਾਲੇ ਫੁੱਲ ਕਰਦੇ ਤੋਰੀਏ ਤੇ ਮਾਣ ਨੀਂ ,

ਨਰਮੇਂ ਕਪਾਹਾਂ ਵਾਲੀ ਜੋੜੀ ਵੀ ਸੋਹਣੀ ਆਂ 
ਰਤਨ ਜੋਤ ਫੁੱਲ ਨੇ ਚਮੇਲੀ ਵਿਆਹੁਣੀ ਆਂ , 

ਕਿੱਕਰਾਂ ਵੈਰਾਗ ਵਿੱਚ ਕਾਲੀਆਂ ਵੀ ਹੋਈਆਂ ਨੇਂ 
ਮਾਘ ਦੀਆਂ ਧੁੰਦਾਂ ਨੇਂ ਕਲੀਆਂ ਵੀ ਧੋਂਈਆਂ ਨੇਂ , 

ਰੁੱਖ ਜੈਕਾਰੰਡਾ ਨੀਲੇ ਫੁੱਲ ਵਰਸਾਉਂਦਾ ਏ 
ਪਾਲਕ ਦਾ ਬੇਲੀ ਖੇਤ ਧਨੀਆਂ ਵੀ ਗਾਉਂਦਾ ਏ , 

ਕਾਸ਼ਨੀ ਜੇ ਫੁੱਲ ਕੋਕੇ ਨਿੰਮ ਨੇ ਸਜਾਏ ਆ 
ਪਿੱਪਲਾਂ ਦੀ ਸੱਥ ਵਿੱਚ ਪੰਛੀ ਵੀ ਆਏ ਆ , 

,, ਲਵਪ੍ਰੀਤ ਸਿੰਘ ਸੋਹਣੇਵਾਲਾ ,,
,, ਸ਼੍ਰੀ ਮੁਕਤਸਰ ਸਾਹਿਬ ,,