ਵਾਹ ਵਾਹ ਬਿੱਜੜੇ ਤੇਰਾ ਹੁਨਰ.
ਕਿਆ ਬਾਤ ਹੈ ਬਿੱਜੜੇ ਦੀ,
ਜੋ ਉਸਾਰਦਾ ਹੈ ਲਗਨ ਨਾਲ,
ਇੱਕ ਖੂਬਸੂਰਤ ਆਲ੍ਹਣਾ,
ਮਹਿਬੂਬਾ ਨੂੰ ਰਿਝਾਉਣ ਲਈ।
ਲੱਭ ਤੀਲੇ ਤਿਣਕੇ,
ਨਾਲ ਰੀਝ ਇਨ੍ਹਾਂ ਨੂੰ ਬੁਣਕੇ,
ਬਣਾ ਲੈਂਦਾ ਘਰ ਇੱਕ ਬੇਮਿਸਾਲ,
ਹੁਨਰ ਉਸਦਾ ਹੈ ਬਾਕਮਾਲ।।
ਪਰਖਦਾ ਹੈ ਫੇਰ ਇਸਨੂੰ,
ਹਰ ਨਜ਼ਰੀਏ ਨਾਲ,
ਵੇਖਦਾ ਜੇ ਕਮੀ ਕੋਈ,
ਦੂਰ ਕਰਦਾ ਨਾਲੋ ਨਾਲ।
ਸਿਰਜਦਾ ਹੈ ਪ੍ਰੀਤ ਨਾਲ,
ਆਪਣਾ ਸੁਪਨ ਸੰਸਾਰ,
ਲੋਚਦਾ ਹੈ ਕਰਨਾ ਪੂਰੀ,
ਚਾਹ ਮਹਿਬੂਬਾ ਦੀ ਹਰ ਬਾਰ।
ਕੰਮ ਕਰਦਿਆਂ, ਉਡਾਣ ਭਰਦਿਆਂ,
ਵਰਤ ਕੇ ਸੁਪਨ ਸੋਚ,
ਬਣਾਉਂਦਾ ਹੈ ਮਜ਼ਬੂਤ ਪਿਆਰ ਵਾਲੇ ਸੰਦ,
ਖੂਬਸੂਰਤ ਪਰੋਂਦਾ ਹੈ ਸਧਰਾਂ ਪ੍ਰੀਤਾਂ ਵਾਲੀ ਤੰਦ।।
ਪੰਛੀਆਂ ਪਿਅਰਿਆ ਸਲਾਮ ਕਰਦਾ ਹਾਂ,
ਤੇਰੇ ਅਨੋਖੇ ਹੁਨਰ ਨੂੰ, ਲਗਨ ਨੂੰ ਤੇ ਤੈਨੂੰ,
ਸ਼ੁਕਰ ਮਨਾਵਾਂਗਾ ਤੇਰਾ ਜ਼ਿੰਦਗੀ ਭਰ,
ਗੂੜ੍ਹੇ ਰਿਸ਼ਤੇ ਬਣਾਉਣ ਦਾ ਦੱਸ ਜਾ ਹੁਨਰ ਮੈਨੂੰ।
- ਡਾ ਜਗਤਾਰ ਸਿੰਘ ਧੀਮਾਨ