ਹੋਇਆ ਵੇਖ ਕਮਾਲ.

ਹੀਰ ਮੇਰੀ ਨੇ ਪੁੱਛਿਆ ਮੈਥੋਂ

ਪੁੱਛਿਆ ਇੱਕ ਸਵਾਲ

ਕਿੰਨੇ ਵਕਤਾਂ ਤੋਂ ਉਹਨੇ ਚੁੱਪ ਤੋੜੀ

ਹੋਇਆ ਵੇਖ ਕਮਾਲ।


ਵਿੱਚ ਅਸਮਾਨਾਂ ਵਾਂਗ ਪਰਾਂਦੀ

ਪਾਇਆ ਕੀ ਇਹ ਜਾਲ

ਕੇਸ ਵਾਹੁੰਦੀ ਕਿਤੇ ਭੁੱਲ ਗਈ 

ਸੋਹਣੀ ਉਹ ਕੁਦਰਤ ਮੁਟਿਆਰ।


ਚਹਿਚਹਾਉਂਦੇ ਪੰਛੀ ਇਹ

ਕਿੱਥੋਂ ਸੰਗੀਤ ਸਿੱਖ ਆਏ

ਕੋਇਲ ਬੁਲਬੁਲ ਮਿੱਠਾ ਬੋਲਣ

ਚੱਕੀ ਰਾਹਾ ਸਾਜ਼ ਬਜਾਏ


ਪੱਥਰਾਂ ਨੂੰ ਠੋਕਰ ਲੱਗੇ ਤੇ

ਸੋਹਣੀ ਮੂਰਤ ਬਣ ਜਾਏ

ਬੰਦੇ ਨੂੰ ਟੋਕੇ ਕੋਈ ਤਾਂ ਫਿਰ

ਉਹ ਕਿਓਂ ਸਿਰ ਚੜ੍ਹ ਆਏ


ਅਸਮਾਨ ਦੀ ਕਾਲੀ ਚਾਦਰ ਤੇ

ਨਾਲ ਤਾਰਿਆਂ ਕਾਰੀਗਿਰੀ ਵਿਖਾਈ

ਮੋਰਾਂ ਨੂੰ ਸੰਗ ਤੇ ਮਿਰਗਾਂ ਨੂੰ

ਐਸੀ ਚਾਲ ਕੀਹਨੇ ਸਿਖਾਈ


ਕੈਨਵਸ ਬਣਿਆਂ ਬ੍ਰਹਿਮੰਡ ਸਾਰਾ

ਉੱਪਰ ਬੁਰਸ਼ ਚਲਾਇਆ

ਉਸ ਰੱਬ ਜਿਹਾ ਨਾ ਕਾਰੀਗਰ ਕੋਈ

ਵੇਖ ਕਿੱਡਾ ਹੁਨਰ ਵਿਖਾਇਆ

ਕਿੱਡਾ ਹੁਨਰ ਵਿਖਾਇਆ।

                         -ਗੁਰਦੀਪ ਸਿੰਘ