ਕਲਾ .
ਕਲਾ ਕੱਲਿਆਂ ਰਹਿ ਕੇ ਉਪਜਦੀ ਹੈ
ਤੇ 'ਕੱਠ ਵਿੱਚ ਰਹਿ ਕੇ ਵਿਚਰਦੀ ਹੈ ।
ਕਦੇ ਸ਼ੌਕ ਪੁਰਾਣੇ ਨਹੀਂ ਹੁੰਦੇ
ਕਲਾਕਾਰ ਸਿਆਣੇ ਨਹੀਂ ਹੁੰਦੇ ।
ਕਲਾ ਹਵਾ , ਅਗਨ ਤੇ ਪਾਣੀ ਹੈ
ਕਲਾ ਉਹੀ ਜੋ ਕਲਾ ਨਿਮਾਣੀ ਹੈ ।
ਦਿਲ ਦੇ ਜਜ਼ਬਾਤ ਪਛਾਣਦੀ ਹੈ
ਕਲਾ ਕੁਦਰਤ ਦੇ ਹਾਣ ਦੀ ਹੈ ।
ਧਰਤੀ ਦੀ ਰਫ਼ਤਾਰ ਕਲਾ ਹੈ
ਤੇਰਾ ਮੇਰਾ ਪਿਆਰ ਕਲਾ ਹੈ ।
ਇਹ ਆਪਣਾ ਆਪ ਫਰੋਲਦੀ ਹੈ
ਬੰਦਿਸ਼ ਦੇ ਤਾਲੇ ਤੋੜਦੀ ਹੈ ।
ਇਹ ਸਭ ਤੋਂ ਸੋਹਣਾ ਤਾਰਾ ਹੈ
ਇਹ ਇਨਕਲਾਬ ਦਾ ਨਾਰਾ ਹੈ ।
ਕਲਾਕਾਰ ਜਿਹਾ ਕੋਈ ਸੰਤ ਨਹੀਂ
ਤੇ ਕਲਾ ਦਾ ਕੋਈ ਅੰਤ ਨਹੀਂ ।
ਗੀਤ ,ਸੰਗੀਤ ਤੇ ਰਾਗ ਕਲਾ ਹੈ
ਕੀਤਾ ਹਰ ਇੱਕ ਤਿਆਗ ਕਲਾ ਹੈ ।
ਇਹ ਰਸਮਾਂ ਜਾਤਾਂ ਤੋੜਦੀ ਹੈ
ਇਹ ਤੈਨੂੰ ਮੈਨੂੰ ਜੋੜਦੀ ਹੈ ।
ਇਹ ਬੱਸ ਵਿਛੜਨ ਤੋਂ ਡਰਦੀ ਹੈ
ਕਲਾ ਮੇਰੀ ਮਾਂ ਵਰਗੀ ਹੈ ।
-ਸਿੰਮੀ ਧੀਮਾਨ