ਕਾਰੀਗਰ ਕਾਰੀਗਿਰੀ .
ਕਾਰੀਗਰੀ ਯਾਦ ਰਹਿੰਦੀ, ਕਾਰੀਗਰ ਭੁੱਲ ਜਾਈਦਾ
ਵਾਹ ਕੈਸਾ ਖੂਬ ਰਿਵਾਜ਼ ਐ ਖੁਦਾਈ ਦਾ
ਕਿੰਨੀਆਂ ਨੇ ਸੱਟਾਂ, ਮਿਹਨਤਾਂ ਨੂੰ ਕੋਣ ਦੇਖਦਾ
ਸੋਹਣੀਆਂ ਮੁਹਾਰਤਾਂ 'ਤੇ ਡੁੱਲ ਜਾਈਦਾ
ਕਿੱਥੇ ਕੀ-ਕੀ ,ਕਿਸ ਤਰ੍ਹਾਂ ਕਿੰਝ ਘੜਿਆ ਏ
ਵੇਖ-ਵੇਖ ਕੇ ਯਾਰੋ ਪੁੱਛਦੇ ਬਥੇਰੇ ਨੇ
ਕਿਰਤ 'ਤੇ ਕਾਰੀਗਰ ਨੂੰ ਕਾਬਜ਼ ਹੀ ਵੇਖਦੇ ਨੇ
ਥੋੜ੍ਹੇ ਹੁੰਦੇ ਜੋ ਲੁੱਕੇ ਗਿਣਦੇ ਸਵੇਰੇ ਨੇ
ਕਰਾਮਾਤ ਹੋ ਗਈ, ਕਮਾਲ ਕਰ ਦਿੱਤਾ ਏ
ਚਾਣਚਕ ਜ਼ਿਹਨ 'ਚ ਖਿਆਲ ਏ ਆਉਂਦੇ ਨੇ
ਕੀ ਹੱਥਾਂ ਦੀ ਸਫ਼ਾਈ ਏ! ਜਾਦੂ ਕੋਈ ਜਾਪਦਾ
ਵਿਰਲੇ ਨੇ ਜੋ ਮਿਹਨਤਾਂ ਦਾ ਮੁੱਲ ਪਾਉਂਦੇ ਨੇ
ਦਸਤਕਾਰੀ, ਸ਼ਿਲਪਕਾਰੀ ਤੋਂ ਜੰਮੀਆਂ ਸਜਾਵਟਾਂ
ਮਹਿੰਗੀਆਂ ਮੇਜਾਂ ਦੇ ਗੱਬੇ ਧਰ ਦਿੰਦੇ ਨੇ
ਪਰ ਜਿਨਾਂ ਹੱਥਾਂ ਦੀ ਕਾਰੀਗਰੀ ਚੁੰਮੀ ਜਾਂਦੀ ਏ
ਓਹੀ ਹੱਥ ਰੋਟੀ ਤੋਂ ਖੱਬੇ ਕਰ ਦਿੰਦੇ ਨੇ
ਹੁਣ ਦੀ ਕੋਈ ਨਵੀਂ ਨਈ, ਗੱਲ ਕਾਫ਼ੀ ਪੁਰਾਣੀ ਏ
ਮੁੱਢਾਂ ਤੋਂ ਹੀ ਚੱਲੀ ਆਈ ਇਹ ਕਹਾਣੀ ਏ
ਤਾਜ ਮਹਿਲ ਆਲੇ ਮਜ਼ਦੂਰਾਂ ਤੋਂ ਹੀ ਪੁੱਛ ਲਓ
ਪਤਾ ਲੱਗੂ, ਮੁਮਤਾਜ ਕਿਹੋ ਜਈ ਰਾਣੀ ਏ
ਖਾਲੀ ਜੇਬਾਂ,ਘਰ ਖਾਲੀ ਕਿਰਤ ਨਿਰਮਾਤੇ ਦਾ
ਤਾਵੀਂ ਮਨ ਓਹਦਾ ਕਲਾ ਨੂ ਹੀ ਖੋਜਦਾ
ਬਣਦੇ ਮੁਰੀਦ ਜਿਹਦੀ ਕਲਾ ਨੂੰ ਨਿਹਾਰ ਕੇ ਹੀ
ਹੋਵੇ ਨਾ ਨਬੇੜਾ ਓਤੋਂ ਕਰਜੇ ਦੇ ਬੋਝ ਦਾ
ਕਹਿਣਾ ਕੀ ਆ ਬਸ ਕੋਈ ਖੈਰ ਧੂਰੋਂ ਪਾਈ ਜਾਵੇ
ਕਰਤੇ ਦਾ ਮੁੱਲ ਵੀ ਕਿਰਤ ਜਿਹਾ ਪਵੇ
ਕਾਰੀਗਰੀ ਨੂੰ 'ਗੁੰਗੜੀ' ਸਜਦਾ ਜੋ ਵੀ ਕਰਦਾ ਆ
ਕਾਰੀਗਰ ਨੂੰ ਵੀ ਆਕੇ ਗੱਲ ਲਾ ਲਵੇ
-ਗੁੰਗੜੀ