ਉਤਰ-ਕਰੋਨਾ ਯੁਗ ਦੇ ਨਿਰਮਾਣ ਨੂੰ ਸਮਝਦਿਆਂ / ਅਮਰਜੀਤ ਸਿੰਘ ਗਰੇਵਾਲ .
ਇਕ ਵੱਡੇ ਵਿਦਵਾਨ ਤੋਂ ਲੈਕੇ ਸਾਧਾਰਨ ਰਿਕਸ਼ਾ ਚਾਲਕ ਤੱਕ ਸਾਰੇ ਲੋਕ ਇਕੋ ਸੁਆਲ ਕਰ ਰਹੇ ਹਨ ਕਿ ਕਰੋਨਾਵਾਇਰਸ ਦੀ ਮਹਾਂਮਾਰੀ ਕਦੋਂ ਰੁਕੇਗੀ। ਲੋਕ ਆਪਣੇ ਕੰਮਾਂ ’ਤੇ ਕਦੋਂ ਵਾਪਸ ਜਾਣਗੇ? ਕੀ ਕਰੋਨਾਵਾਇਰਸ ਤੋਂ ਪਹਿਲਾਂ ਵਾਲੇ ਹਾਲਾਤ ਪਰਤਣਗੇ ਵੀ ਜਾਂ ਨਹੀਂ? ਮਹਾਂਮਾਰੀ ਜ਼ਰੂਰ ਰੁਕੇਗੀ। ਲੋਕ ਕੰਮਾਂ-ਕਾਰਾਂ ’ਤੇ ਵੀ ਜਾਣਗੇ। ਪਰ ਦੁਨੀਆਂ ਉਹ ਨਹੀਂ ਰਹੇਗੀ, ਜੋ ਇਸ ਸੰਕਟ ਤੋਂ ਪਹਿਲਾਂ ਹੁੰਦੀ ਸੀ। ਆਰਥਿਕ, ਰਾਜਨੀਤਕ ਅਤੇ ਸਮਾਜਿਕ ਢਾਂਚਾ, ਤਿੰਨੋ ਬਦਲ ਜਾਣਗੇ। ਇਸ ਲੇਖ ਰਾਹੀਂ ਆਪਾਂ ਇਹ ਸਮਝਣ ਦੀ ਕੋਸ਼ਿਸ ਕਰਾਂਗੇ ਕਿ ਦੁਨੀਆਂ ਦੇ ਜਿਸ ਢਾਂਚੇ ਨੂੰ 2008 ਦਾ ਆਰਥਿਕ ਸੰਕਟ ਨਹੀਂ ਬਦਲ ਸਕਿਆ, ਉਸ ਨੂੰ ਇਹ ਵਾਇਰਲ ਇਨਫੈਕਸ਼ਨ ਕਿਵੇਂ ਬਦਲ ਦੇਵੇਗੀ।
ਪਹਿਲੀ ਗੱਲ ਇਹ ਹੈ ਕਿ ਕਰੋਨਾਵਾਇਰਸ ਦੁਆਰਾ ਫੈਲਾਈ ਜਾ ਰਹੀ ਬਿਮਾਰੀ ਅਤੇ ਉਸ ਵਿਚੋਂ ਪੈਦਾ ਹੋਣ ਵਾਲਾ ਆਰਥਿਕ ਸੰਕਟ, ਦੋਵੇਂ ਵਿਸ਼ਵ-ਵਿਆਪੀ ਸੰਕਟ ਹਨ। ਇਸ ਲਈ ਇਨ੍ਹਾਂ ਦੇ ਹੱਲ ਵੀ ਵਿਸ਼ਵ-ਵਿਆਪੀ ਸਹਿਯੋਗ ਰਾਹੀਂ ਹੀ ਹੋਣਗੇ। ਇਕਾਂਤਵਾਸ ਵੀ ਜ਼ਰੂਰੀ ਹੈ, ਪਰ ਉਸ ਤੋਂ ਵੀ ਵਧੇਰੇ ਆਵੱਸ਼ਕ ਹੈ ਮੁਲਕਾਂ ਦਾ ਆਪਸੀ ਵਿਸ਼ਵਾਸ। ਸਾਡੇ ਸਾਹਮਣੇ ਵਾਤਾਵਰਣਕ ਬਦਲਾਅ ਅਤੇ ਬੇਰੁਜ਼ਗਾਰੀ ਵਰਗੇ ਹੋਰ ਵੀ ਅਨੇਕਾਂ ਮਸਲੇ ਹਨ, ਜੋ ਕੇਵਲ ਮੁਲਕਾਂ ਦੇ ਆਪਸੀ ਸਹਿਯੋਗ ਅਤੇ ਸਾਂਝੀ ਕਾਰਜ ਯੋਜਨਾ ਰਾਹੀਂ ਹੀ ਹੱਲ ਹੋ ਸਕਦੇ ਹਨ, ਉਨ੍ਹਾਂ ਦੀ ਹਉਮੈ ਅਤੇ ਹਵਸ ਰਾਹੀਂ ਨਹੀਂ।
ਮਾਨਵਜਾਤੀ ਨੂੰ ਦਰਪੇਸ਼ ਵਿਸ਼ਵ-ਵਿਆਪੀ ਸਮੱਸਿਆਵਾਂ ਨੂੰ ਇਕੱਲੇ ਰਾਸ਼ਟਰਵਾਦ ਰਾਹੀਂ ਹੱਲ ਨਹੀਂ ਕੀਤਾ ਜਾ ਸਕਦਾ। ਫੇਰ ਵਿਸ਼ਵ-ਵਿਆਪੀ ਸਮੱਸਿਆਵਾਂ ਦੇ ਹੱਲ ਲਈ ਵਿਭਿੰਨ ਮੁਲਕਾਂ ਦੇ ਸਹਿਯੋਗ ਉਪਰ ਆਧਾਰਿਤ ਵਿਸ਼ਵ ਢਾਂਚਾ ਕਿਹੋ ਜਿਹਾ ਹੋਵੇ, ਇਸ ਬਾਰੇ ਚਰਚਾ ਕਰਨੀ ਜ਼ਰੂਰੀ ਹੈ। ਜੇਕਰ ਆਲਮੀ ਸਿਆਸਤ ਦਾ ਅਰਥ ਆਲਮੀ ਸਰਕਾਰ ਨਹੀਂ ਹੈ ਅਤੇ ਨਾ ਹੀ ਆਲਮੀ ਤਕਨਾਲੋਜੀ ਦੀ ਸਰਬਉੱਚਤਾ ਹੈ, ਤਾਂ ਫੇਰ ਕੌਮੀ ਸਰਕਾਰਾਂ ਦਾ, ਬਿਨਾ ਕਿਸੇ ਇਕ, ਦੋ ਜਾਂ ਤਿੰਨ ਧਿਰਾਂ ਦੀ ਚੌਧਰ ਤੋਂ, ਕਿਵੇਂ ਆਲਮੀਕਰਨ ਕੀਤਾ ਜਾਵੇ, ਇਹ ਸਾਡੇ ਸਮਿਆਂ ਦਾ ਵੱਡਾ ਸਵਾਲ ਹੈ। ਫ਼ੈਸਲੇ ਲੈਣ ਦੇ ਅਮਲ ਨੂੰ ਮਸਨੂਈ ਬੁੱਧੀ, ਬਿਗਡੇਟਾ ਐਨਾਲਿਟਕਸ, ਬਹੁ-ਕੌਮੀ ਕਾਰਪੋਰੇਸ਼ਨਾਂ, ਸ਼ਕਤੀਸ਼ਾਲੀ ਮੁਲਕਾਂ ਅਤੇ ਕੌਮੀ-ਰਾਜਾਂ ਦੇ ਸ਼ਕਤੀਸ਼ਾਲੀ ਕੇਂਦਰਾਂ ਦੀ ਚੌਧਰ ਤੋਂ ਬਚਾਉਂਦਿਆਂ ਪਰਿਵਾਰਾਂ ਅਤੇ ਭਾਈਚਾਰਿਆਂ ਤੋਂ ਲੈ ਕੇ ਵਿਸ਼ਵ ਪੱਧਰ ਤੱਕ ਇਸ ਸਭ ਨੂੰ ਕਿਵੇਂ ਜੋੜਨਾ ਹੈ ਜਾਂ ਫੇਰ ਕਿ ਮਨੁੱਖ ਨੂੰ ਮਨਫ਼ੀ ਹੋਣ ਤੋਂ ਕਿਵੇਂ ਬਚਾਉਣਾ ਹੈ, ਇਹ ਬਹੁਤ ਵੱਡਾ ਸੁਆਲ ਹੈ। ਵਿਅਕਤੀਆਂ, ਪਰਿਵਾਰਾਂ, ਭਾਈਚਾਰਿਆਂ ਅਤੇ ਰਾਜਾਂ ਨੂੰ ਵਿਸ਼ਵਾਸ ਵਿਚ ਲਏ ਬਿਨਾ ਸ਼ਕਤੀਸ਼ਾਲੀ ਕੇਂਦਰ ਵੱਲੋਂ ਲਏ ਫ਼ੈਸਲਿਆਂ ਦਾ ਸਿੱਟਾ ਅਸੀਂ ਲੱਖਾਂ ਦੀ ਗਿਣਤੀ ਵਿਚ ਪੈਦਲ ਹੀ ਆਪਣੇ ਘਰਾਂ ਨੂੰ ਪਰਤ ਰਹੇ ਪਰਵਾਸੀ ਮਜ਼ਦੂਰਾਂ ਦੀ ਦੁਰਦਸ਼ਾ ਅਤੇ ਇਨਫੈਕਸ਼ਨ ਦੀ ਵਧੀ ਹੋਈ ਸੰਭਾਵਨਾ ਤੋਂ ਲਗਾ ਸਕਦੇ ਹਾਂ। ’47 ਦੀ ਯਾਦ ਤਾਜ਼ਾ ਕਰਵਾ ਦਿੱਤੀ।
ਇਸ ਸਭ ਨੂੰ ਕਿਵੇਂ ਜੋੜਨਾ ਹੈ, ਇਸ ਸਵਾਲ ਦਾ ਜਵਾਬ ਵੀ ਸਾਨੂੰ ਇਸ ਮਹਾਂਮਾਰੀ ਦੀ ਪਰਖ-ਪੜਚੋਲ ਵਿਚੋਂ ਹੀ ਪ੍ਰਾਪਤ ਹੋਵੇਗਾ। ਇਹ ਮਹਾਂਮਾਰੀ ਹੀ ਨਵੇਂ ਸੰਸਾਰ ਦੇ ਲੱਛਣਾਂ ਦੀ ਨਿਸ਼ਾਨਦੇਹੀ ਕਰੇਗੀ। ਇਸ ਦਿਸ਼ਾ ਵਿਚ ਪਹਿਲੀ ਦੇਖਣ ਵਾਲੀ ਗੱਲ ਇਹ ਹੈ ਕਿ ਅਮਰੀਕਾ ਅਤੇ ਚੀਨ ਦਰਮਿਆਨ ਚੱਲ ਰਿਹਾ ਤਜਾਰਤੀ ਯੁੱਧ ਹੁਣ ਦੂਸ਼ਣਬਾਜੀ ਵਿਚ ਤਬਦੀਲ ਹੋ ਗਿਆ ਹੈ ਜਿਸਨੇ ਦੁਨੀਆਂ ਅੰਦਰ ਬੇਵਿਸ਼ਵਾਸੀ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਭਾਵੇਂ ਅਮਰੀਕਾ ਦੇ ਵਿਸ਼ਵ ਸੱਤਾ ਦੀ ਲੀਡਰਸ਼ਿਪ ਤੋਂ ਲਾਂਭੇ ਹੋ ਜਾਣ ਨਾਲ ਚੀਨ ਦਾ ਪ੍ਰਭਾਵ ਵਧ ਰਿਹਾ ਹੈ। ਇਕ ਪਾਸੇ ਅਮਰੀਕਾ ਦੀ ਕਰੋਨਾਵਾਇਰਸ ਨਾਲ ਲੜਾਈ ਸਿਖਰ ’ਤੇ ਹੈ ਤੇ ਦੂਜੇ ਪਾਸੇ ਚੀਨ ਇਸ ਸੰਕਟ ਉਪਰ ਕਾਬੂ ਪਾ ਕੇ ਆਪਣੀ ਆਰਥਿਕ ਵਿਵਸਥਾ ਨੂੰ ਸੰਭਾਲਣ ਵਿਚ ਲੱਗਿਆ ਹੋਇਆ ਹੈ। ਚੀਨ ਦਾ ਪਲੜਾ ਭਾਰੀ ਹੈ। ਪਰ ਚੀਨ ਨੇ ਸ਼ੁਰੂ ਸ਼ੁਰੂ ਵਿਚ ਇਸ ਬਿਮਾਰੀ ਦੀ ਅਸਲੀਅਤ ਨੂੰ ਛੁਪਾ ਕੇ ਜਿਵੇਂ ਦੁਨੀਆਂ ਵਿਚ ਫੈਲਣ ਦਿੱਤਾ, ਉਸ ਨੇ ਚੀਨ ਦੇ ਅਕਸ ਨੂੰ ਵੱਡੀ ਠੇਸ ਪੁਚਾਈ ਹੈ। ਇਸੇ ਤਰ੍ਹਾਂ ਟਰੰਪ ਪ੍ਰਸ਼ਾਸਨ ਨੇ ਵੀ ਯੂਰੋਪੀਅਨ ਯੂਨੀਅਨ ਨੂੰ ਦੱਸੇ ਬਿਨਾ ਹੀ ਉੱਥੋਂ ਆਉਣ ਵਾਲੀਆਂ ਉਡਾਣਾਂ ਬੰਦ ਕਰ ਦਿੱਤੀਆਂ ਸਨ। ਅਸੀਂ ਇਹ ਵੀ ਜਾਣਦੇ ਹਾਂ ਕਿ ਮੁਲਕਾਂ ਦੇ ਆਪਸੀ ਸਹਿਯੋਗ ਬਿਨਾ ਕਰੋਨਾਵਾਇਰਸ ਦੀ ਮਹਾਂਮਾਰੀ ਉਪਰ ਕਾਬੂ ਨਹੀਂ ਪਾਇਆ ਜਾ ਸਕਦਾ। ਇਸ ਵਾਸਤੇ ਸੰਕਟ ਦੇ ਇਨ੍ਹਾਂ ਵਕਤਾਂ ਵਿਚ ਇਸ ਸੰਸਾਰ ਕੋਲ ਆਪਣੇ ਆਪ ਨੂੰ ਇਕ ਗ਼ੈਰ-ਖ਼ੁਦਮੁਖ਼ਤਾਰ ਅਤੇ ਕਿਸੇ ਇਕ ਮੁਲਕ ਦੀ ਚੌਧਰ ਰਹਿਤ ਬਹੁ-ਧਰੁਵੀ ਵਿਸ਼ਵ ਵਿਵਸਥਾ ਦੇ ਰੂਪ ਵਿਚ ਕਿਆਸਣ ਤੋਂ ਬਿਨਾ ਹੋਰ ਕੋਈ ਵਿਕਲਪ ਹੀ ਨਹੀਂ ਰਹਿ ਜਾਂਦਾ।
ਇਹ ਨਹੀਂ ਕਿ ਦੁਨੀਆਂ ਨੂੰ ਇਸ ਮਹਾਂਮਾਰੀ ਦੀ ਕੋਈ ਭਿਣਕ ਨਹੀਂ ਸੀ। ਬਿਲ ਗੇਟਸ ਨੇ 2015 ਵਿਚ ਹੀ ਇਹ ਚਿਤਾਵਨੀ ਦੇ ਦਿੱਤੀ ਸੀ: ਸ਼ੁਕਰ ਕਰੋ ਕਿ ਇਬੋਲਾ ਪੱਛਮੀ ਅਫ਼ਰੀਕਾ ਵਰਗੇ ਉਨ੍ਹਾਂ ਮੁਲਕਾਂ ਵਿਚ ਹੀ ਫੈਲਿਆ ਜੋ ਦੁਨੀਆਂ ਦੀ ਸੰਘਣੀ ਆਬਾਦੀ ਵਾਲੇ ਇਲਾਕਿਆਂ ਤੋਂ ਕੱਟੇ ਹੋਏ ਸਨ। ਦੂਸਰੇ ਇਹ ਹਵਾ ਰਾਹੀਂ ਨਹੀਂ, ਤਰਲਾਂ ਰਾਹੀਂ ਫੈਲਣ ਵਾਲੀ ਬਿਮਾਰੀ ਸੀ। ਇਸ ਲਈ ਛੇਤੀ ਸੰਭਾਲੀ ਗਈ। ਅਗਲੀ ਵਾਰ ਜੇਕਰ ਕੋਈ ਹਵਾ ਰਾਹੀਂ ਫੈਲਣ ਵਾਲੀ ਬਿਮਾਰੀ ਆ ਗਈ, ਜਿਸਦੇ ਲੱਛਣ ਵੀ ਪਛੜ ਕੇ ਉਦੋਂ ਤੱਕ ਦਿਖਾਈ ਨਾ ਦੇਣ ਜਦੋਂ ਤੱਕ ਉਸ ਬਿਮਾਰੀ ਦੇ ਮਰੀਜ਼ ਰੇਲ ਗੱਡੀਆਂ ਅਤੇ ਜਹਾਜ਼ਾਂ ਰਾਹੀਂ ਦੁਨੀਆਂ ਦੇ ਕਈ ਸ਼ਹਿਰ ਘੁੰਮ ਨਾ ਆਏ ਹੋਣ ਤਾਂ ਸੋਚੋ ਕੀ ਹੋਵੇਗਾ? ਬਿਲ ਗੇਟਸ ਦਾ ਡਰ ਠੀਕ ਨਿਕਲਿਆ। ਕਰੋਨਾਵਾਇਰਸ ਨੇ ਇਹ ਕਹਿਰ ਹੁਣ ਸਾਰੀ ਦੁਨੀਆਂ ਵਿਚ ਫੈਲਾਇਆ ਹੋਇਆ ਹੈ।
ਅਮਰੀਕਾ ਦੀ ਖ਼ੁਫ਼ੀਆ ਏਜੰਸੀ ਸੀ.ਆਈ.ਏ. ਨੇ ਤਾਂ ਇਸ ਤੋਂ ਵੀ ਪਹਿਲਾਂ 2006 ਵਿਚ ਛਪੀ ਆਪਣੀ ਇਕ ਰਿਪੋਰਟ ਰਾਹੀਂ ਸਪਸ਼ਟ ਕਰ ਦਿੱਤਾ ਸੀ ਕਿ ਇਸ ਤਰ੍ਹਾਂ ਦੀ ਮਹਾਂਮਾਰੀ ਚੀਨ ਅਤੇ ਦੱਖਣ-ਪੂਰਬੀ ਏਸ਼ੀਆ ਤੋਂ ਸ਼ੁਰੂ ਹੋ ਕੇ ਸਾਰੀ ਦੁਨੀਆਂ ਵਿਚ ਫੈਲ ਸਕਦੀ ਹੈ। ਵਿਸ਼ਵ ਬੈਂਕ ਵੀ ਅਜਿਹੀਆਂ ਚਿਤਾਵਨੀਆਂ ਕਈ ਵਾਰ ਦੇ ਚੁੱਕੀ ਹੈ।
ਸਪਸ਼ਟ ਹੈ ਕਿ ਦੁਨੀਆਂ ਕੋਲ ਜਾਣਕਾਰੀ ਤਾਂ ਸੀ, ਪਰ ਇਸ ਮਹਾਂਮਾਰੀ ਨੂੰ ਰੋਕਣ ਲਈ 1) ਮੁਲਕਾਂ ਕੋਲ ਲੋੜੀਂਦੇ ਸਾਧਨ ਮੌਜੂਦ ਨਹੀਂ ਸਨ। ਅਮਰੀਕਾ ਵਰਗੇ ਵਿਕਸਤ ਮੁਲਕਾਂ ਕੋਲ ਵੀ ਨਹੀਂ। ਭਾਵ ਮੁਲਕਾਂ ਨੇ ਆਪਣੇ ਸਿਹਤ ਪ੍ਰਬੰਧ/ ਬੁਨਿਆਦੀ ਢਾਂਚੇ ਵੱਲ ਬਣਦਾ ਧਿਆਨ ਨਹੀਂ ਦਿੱਤਾ; 2) ਇਸ ਵਿਸ਼ਵ ਪੱਧਰ ਦੀ ਚੁਣੌਤੀ ਦਾ ਟਾਕਰਾ ਕਰਨ ਲਈ ਵਿਸ਼ਵ ਪੱਧਰ ਦੀ ਰਣਨੀਤੀ ਦੀ ਲੋੜ ਸੀ, ਉਸ ਦੇ ਨਿਰਮਾਣ ਲਈ ਵਿਭਿੰਨ ਮੁਲਕਾਂ ਦਾ ਆਪਸੀ ਅਤੇ ਵਿਸ਼ਵ ਸੰਸਥਾਵਾਂ ਨਾਲ ਸਹਿਯੋਗ ਗ਼ੈਰਹਾਜ਼ਰ ਸੀ; 3) ਡਬਲਯੂ.ਐੱਚ.ਉ". ਵਰਗੀਆਂ ਵਿਸ਼ਵ ਸੰਸਥਾਵਾਂ ਆਪਣੀਆਂ ਕਮਜ਼ੋਰੀਆਂ ਕਾਰਨ ਕੇਂਦਰੀ ਰੋਲ ਨਿਭਾਉਣ ਵਿਚ ਅਸਮਰੱਥ ਸਨ। ਦਰਅਸਲ, ਜਿਸ ਕਿਸਮ ਦੀ ਵਿਸ਼ਵ ਸਿਹਤ ਵਿਵਸਥਾ ਦੇ ਨਿਰਮਾਣ ਦੀ ਲੋੜ ਸੀ, ਉਸ ਵੱਲ ਕਿਸੇ ਦਾ ਧਿਆਨ ਹੀ ਨਹੀਂ ਗਿਆ। ਆਪਣੀ ਆਰਥਿਕ ਅਤੇ ਰਾਜਨੀਤਕ ਸ਼ਕਤੀ ਵਧਾਉਣ ਦੀ ਧੁਨ ਵਿਚ ਅਸੀਂ ਆਪਣੀ ਹੋਂਦ ਹੀ ਖ਼ਤਰੇ ਵਿਚ ਪਾ ਲਈ। ਨਤੀਜੇ ਵਜੋਂ ਇਹ ਕਹਿਣਾ ਗ਼ਲਤ ਨਹੀਂ ਹੋਵੇਗਾ ਕਿ ਕਰੋਨਾਵਾਇਰਸ ਦੇ ਫੈਲਣ ਪਿੱਛੇ ਵਿਸ਼ਵ ਸੱਤਾ ਦੀ ਗ਼ੈਰਹਾਜ਼ਰੀ ਪ੍ਰਮੁੱਖ ਵਜ੍ਹਾ ਗਿਣੀ ਜਾਵੇਗੀ।
ਕਰੋਨਾਵਾਇਰਸ ਦੀ ਮਹਾਂਮਾਰੀ ਇਕ ਜ਼ਬਰਦਸਤ ਚਿਤਾਵਨੀ ਹੈ ਕਿ ਜੇ ਅਸੀਂ ਵਿਸ਼ਵ ਵਿਵਸਥਾ ਦੇ ਨਿਰਮਾਣ ਰਾਹੀਂ ਵਿਸ਼ਵ ਸਹਿਯੋਗ ਦੀਆਂ ਇਮਾਨਦਾਰ ਸੰਭਾਵਨਾਵਾਂ ਨਾ ਜਗਾਈਆਂ ਤਾਂ ਸਾਨੂੰ ਇਸ ਤੋਂ ਵੀ ਵੱਡੇ ਖ਼ਤਰਿਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਲਈ ਮਨੁੱਖ ਜਾਤੀ ਦੀ ਹੋਂਦ ਬਣਾਈ ਰੱਖਣ ਲਈ ਜ਼ਰੂਰੀ ਹੈ ਕਿ ਡੋਨਲਡ ਟਰੰਪ, ਸ਼ੀ ਜਿਨਪਿੰਗ, ਵਲਾਦੀਮੀਰ ਪੂਤਿਨ ਅਤੇ ਨਰਿੰਦਰ ਮੋਦੀ ਵਰਗਿਆਂ ਦੁਆਰਾ ਰਾਸ਼ਟਰਵਾਦੀ ਲੀਹਾਂ ਉਪਰ ਵਿਕਸਤ ਕੀਤੇ ਜਾ ਰਹੇ ਖ਼ੁਦਮੁਖ਼ਤਾਰ ਕੌਮੀ-ਰਾਜਾਂ ਦੇ ਸਮਾਨਾਂਤਰ ਇਕ ਗ਼ੈਰ-ਖ਼ੁਦਮੁਖ਼ਤਾਰ ਵਿਸ਼ਵ ਸੱਤਾ ਦਾ ਵੀ ਨਿਰਮਾਣ ਕੀਤਾ ਜਾਵੇ। ਕਰੋਨਾਵਾਇਰਸ ਨੇ ਇਸ ਲੋੜ ਨੂੰ ਉਭਾਰ ਦਿੱਤਾ ਹੈ।
ਦੁਨੀਆਂ ਆਰਥਿਕ ਮੰਦੀ ਦਾ ਸ਼ਿਕਾਰ ਹੋਣ ਜਾ ਰਹੀ ਹੈ। 2008 ਦੀ ਮੰਦੀ ਦੌਰਾਨ ਏ.ਟੀ.ਐਮਜ਼ ਵਿਚੋਂ ਪੈਸੇ ਨਿਕਲਣੇ ਬੰਦ ਹੋ ਗਏ ਸਨ। ਸਰਕਾਰ ਨੇ ਬੈਂਕਾਂ ਦੀ ਮਦਦ ਕੀਤੀ ਤਾਂ ਮਸ਼ੀਨਾਂ ਵੀ ਚੱਲ ਪਈਆਂ। ਪਰ ਹੁਣ ਤਾਂ ਕਰੋਨਾਵਾਇਰਸ ਨੇ ਸਰਕਾਰਾਂ ਦੀ ਸਹਾਇਤਾ ਨਾਲ ਲੋਕਾਂ ਨੂੰ ਘਰਾਂ ਵਿਚ ਹੀ ਕੈਦ ਕਰ ਦਿੱਤਾ ਹੈ। ਉਹ ਕੰਮ ’ਤੇ ਨਹੀਂ ਜਾ ਸਕਦੇ। ਸਾਰਾ ਕਾਰੋਬਾਰ ਠੱਪ ਪਿਆ ਹੈ। ਸਕੂਲ, ਕਾਲਜ, ਯੂਨੀਵਰਸਟੀਆਂ, ਸਭ ਬੰਦ ਹਨ। ਮਲਟੀਪਲੈਕਸ, ਜਿੰਮ, ਸਿਨਮਾ ਹਾਲ ਆਦਿ ਮਨਪ੍ਰਚਾਵੇ ਵਾਲੀਆਂ ਥਾਵਾਂ ਵੀ ਨਹੀਂ ਖੁੱਲ੍ਹ ਰਹੀਆਂ। ਕੋਈ ਆਵਾਜਾਈ ਨਹੀਂ। ਹੋਟਲਾਂ, ਢਾਬਿਆਂ, ਰੇੜ੍ਹੀਆਂ, ਦੁਕਾਨਦਾਰਾਂ, ਠੇਕੇਦਾਰਾਂ, ਸਭ ਦਾ ਕਾਰੋਬਾਰ ਰੁਕ ਗਿਆ ਹੈ। ਬੇਰੁਜ਼ਗਾਰੀ ਨੇ ਬਿਜਲੀ ਦੀ ਰਫ਼ਤਾਰ ਫੜ ਲਈ ਹੈ। ਲੱਗਦਾ ਹੈ ਕਿ ਮਹਾਂਮਾਰੀ ਨੇ ਬੇਰੁਜ਼ਗਾਰੀ ਅਤੇ ਭੁੱਖਮਾਰੀ ਨਾਲ ਯਾਰੀ ਪਾ ਲਈ ਹੈ।
ਪਰ ਇਸ ਵਧ ਰਹੀ ਬੇਰੁਜ਼ਗਾਰੀ ਦੇ ਬਾਵਜੂਦ ਸੰਪੂਰਨ ਬੰਦੀ ਦੇ ਮਾਹੌਲ ਵਿਚ ਮੇਰੇ ਨਾਲ ਇਕ ਬੜੀ ਦਿਲਚਸਪ ਘਟਨਾ ਵਾਪਰੀ। ਘੰਟੀ ਵੱਜੀ ਤਾਂ ਮੈਂ ਗੇਟ ’ਤੇ ਜਾ ਕੇ ਦੇਖਿਆ ਕਿ ਕੁਝ ਦਿਨ ਪਹਿਲਾਂ ਐਮੇਜ਼ੌਨ ਨੇ ਅਮਰੀਕਾ ਵਿਚ ਇਕ ਲੱਖ ਨਵੀਆਂ ਨੌਕਰੀਆਂ ਵਾਸਤੇ ਇਸ਼ਤਿਹਾਰ ਦਿੱਤਾ ਹੈ। ਇਸ ਗੱਲ ਤੋਂ ਪਤਾ ਚੱਲਦਾ ਹੈ ਕਿ ਇਸ ਤਾਲਾਬੰਦੀ ਨੇ ਐਮੇਜ਼ੌਨ ਦਾ ਆਨਲਾਈਨ ਤਜਾਰਤ ਦਾ ਕੰਮ ਬਹੁਤ ਵਧਾ ਦਿੱਤਾ ਹੈ। ਬਹੁਤ ਸਾਰੇ ਲੋਕ ਤਾਂ ਪਹਿਲਾਂ ਵੀ ਐਮੇਜ਼ੌਨ ’ਤੇ ਹੀ ਖਰੀਦੋ-ਫਰੋਖਤ ਕਰਦੇ ਸਨ। ਪਰ ਹੁਣ ਇਸ ਤਾਲਾਬੰਦੀ ਤੋਂ ਬਾਅਦ ਲੱਗਦਾ ਹੈ ਕਿ ਜਿਵੇਂ ਵਾਲਮਾਰਟ ਨੇ ਸੀਅਰਜ਼ ਦਾ ਦਿਵਾਲਾ ਕੱਢ ਦਿੱਤਾ ਸੀ, ਉਸੇ ਤਰ੍ਹਾਂ ਹੁਣ ਐਮੇਜ਼ੌਨ ਦਾ ਆਨਲਾਈਨ ਬਾਜ਼ਾਰ ਵਾਲਮਾਰਟ ਦੇ ਸਟੋਰਾਂ ਦਾ ਦਿਵਾਲਾ ਕੱਢਣ ਦੇ ਰੌਂਅ ਵਿਚ ਹੈ।
ਜਦੋਂ ਤੋਂ ਕਰੋਨਾਵਾਇਰਸ ਦਾ ਕਹਿਰ ਸ਼ੁਰੂ ਹੋਇਆ ਹੈ, ਉਦੋਂ ਤੋਂ ਲੈ ਕੇ ਹੁਣ ਤੱਕ ਭਾਰਤ ਵਿਚ ਸੋਸ਼ਲ ਮੀਡੀਆ ਦੇ ਟਰੈਫਿਕ ਵਿਚ ਪੰਜਾਹ ਗੁਣਾ ਵਾਧਾ ਹੋ ਚੁੱਕਿਆ ਹੈ। ਮੂਕ ਕੋਰਸਾਂ ਵਿਚ ਵਧ ਰਹੇ ਦਾਖਲਿਆਂ ਤੋਂ ਪਤਾ ਚੱਲਦਾ ਹੈ ਕਿ ਆਨਲਾਈਨ ਸਿੱਖਿਆ ਪ੍ਰਦਾਨ ਕਰਨ ਵਾਲੀਆਂ ਐੱਮ.ਆਈ.ਟੀ., ਹਾਰਵਰਡ, ਸਟੈਨਫਰਡ, ਪ੍ਰਿੰਸਟਨ ਆਦਿ ਵਰਗੀਆਂ ਕੁਝ ਵੱਡੀਆਂ ਯੂਨੀਵਰਟੀਆਂ ਛੇਤੀ ਹੀ ਇੱਟਾਂ-ਸੀਮੈਂਟ ਦੇ ਵਿੱਦਿਅਕ ਅਦਾਰਿਆਂ ਨੂੰ ਜਿੰਦਰੇ ਮਰਵਾ ਕੇ, ਸਿੱਖਿਆ ਦਾ ਸਾਰਾ ਬਿਜ਼ਨਸ ਆਪਣੇ ਹੱਥਾਂ ਵਿਚ ਲੈ ਲੈਣਗੀਆਂ। ਬਿਲਕੁਲ ਉਵੇਂ, ਜਿਵੇਂ ਨੈਟਫਲਿਕਸ ਆਨਲਾਈਨ ਕਲਾਊਡ ਰਾਹੀਂ ਸਾਰੀ ਮਨੋਰੰਜਨ ਸਨਅਤ ਕਾਬੂ ਕਰਨ ਦੇ ਆਹਰ ਵਿਚ ਲੱਗਿਆ ਹੋਇਆ ਹੈ। ਕਰੋਨਾ ਮਹਾਂਮਾਰੀ ਤੋਂ ਬਾਅਦ ਸਿਹਤ ਸੰਭਾਲ ਖੇਤਰ ਦਾ ਆਨਲਾਈਨ ਹੋ ਜਾਣਾ ਤਾਂ ਲਗਭਗ ਤੈਅ ਹੈ। ਆਈ.ਬੀ.ਐਮ. ਵੈਟਸਨ ਤੋਂ ਇਲਾਵਾ ਹੋਰ ਵੀ ਕਈ ਕੰਪਨੀਆਂ ਇਸ ਮੁਕਾਬਲੇ ਵਿਚ ਵਧ ਚੜ੍ਹ ਕੇ ਹਿੱਸਾ ਲੈ ਰਹੀਆਂ ਹਨ।
ਬਹੁਤੇ ਅਰਥਸ਼ਾਸਤਰੀਆਂ ਨੂੰ ਡਰ ਹੈ ਕਿ ਇਸ ਬਿਪਤਾ ਦੇ ਆਉਣ ਨਾਲ ਵਿਸ਼ਵੀਕਰਨ ਦੇ ਪ੍ਰੋਜੈਕਟ ਨੂੰ ਧੱਕਾ ਵੱਜੇਗਾ। ਇਮੀਗਰੇਸ਼ਨ ’ਤੇ ਪਾਬੰਦੀਆਂ ਲੱਗਣ ਦੀ ਸੰਭਾਵਨਾ ਵਧੇਗੀ। ਸਮਝਣ ਵਾਲੀ ਗੱਲ ਇਹ ਹੈ ਕਿ ਜਿਹੜੇ ਮੁਲਕਾਂ ਨੂੰ ਨਿਪੁੰਨ ਕਾਮੇ ਚਾਹੀਦੇ ਹਨ, ਜੇ ਉਨ੍ਹਾਂ ਨੂੰ ਉਹ ਨਹੀਂ ਮਿਲਣਗੇ ਤਾਂ ਉਨ੍ਹਾਂ ਦੇ ਅਰਥਚਾਰਿਆਂ ਨੂੰ ਨੁਕਸਾਨ ਪਹੁੰਚ ਸਕਦਾ ਹੈ। ਇਸ ਲਈ ਜਿਸ ਰਫ਼ਤਾਰ ਨਾਲ ਪਰਵਾਸ ਘਟੇਗੀ, ਉਸੇ ਰਫ਼ਤਾਰ ਨਾਲ ਟੈਲੀਮਾਈਗਰੇਸ਼ਨ ਵਧੇਗੀ। ਟੈਲੀਮਾਈਗਰੇਸ਼ਨ ਨਾਲ ਸਿਰਫ਼ ਇਨ੍ਹਾਂ ਮੁਲਕਾਂ ਲਈ ਨਿਪੁੰਨ ਕਾਮਿਆਂ ਦੀ ਵਿਸ਼ਵ ਮੰਡੀ ਹੀ ਨਹੀਂ ਖੁੱਲ੍ਹੇਗੀ ਸਗੋਂ ਆਪੋ ਆਪਣੇ ਮੁਲਕਾਂ/ ਘਰਾਂ ਤੋਂ ਆਨਲਾਈਨ ਕੰਮ ਕਰ ਰਹੇ ਇਹ ਨਿਪੁੰਨ ਕਾਮੇ ਸਸਤੇ ਭਾਅ ਵੀ ਮਿਲਣਗੇ। ਰੋਬੋਟਾਂ ਅਤੇ ਰੀਮੋਟ ਵਰਕਰਾਂ ਦਾ ਯੁਗ ਆਉਣ ਵਾਲਾ ਹੈ। ਕਾਮਿਆਂ ਦੀ ਭਲਾਈ ਸਬੰਧੀ ਸਾਰੀਆਂ ਜ਼ਿੰਮੇਵਾਰੀਆਂ ਵੀ ਖ਼ਤਮ। ਇਸ ਤਬਦੀਲੀ ਲਈ ਲੋੜੀਂਦੇ ਪਲੈਟਫਾਰਮ ਤਾਂ ਕਦੋਂ ਦੇ ਤਿਆਰ ਹੋ ਕੇ ਵਿਸ਼ਵ ਪੱਧਰ ’ਤੇ ਕਾਮਯਾਬੀ ਨਾਲ ਟੈਸਟ ਵੀ ਹੋ ਚੁੱਕੇ ਹਨ। ਬੱਸ ਇਕ ਸਹੀ ਮੌਕੇ ਦੀ ਤਲਾਸ਼ ਸੀ। ਕਰੋਨਾਵਾਇਰਸ ਨੇ ਉਹ ਮੌਕਾ ਵੀ ਪ੍ਰਦਾਨ ਕਰ ਦਿੱਤਾ ਹੈ। ਮਸ਼ੀਨ ਲਰਨਿੰਗ, ਟੈਲੀਮਾਈਗਰੇਸ਼ਨ, 3-ਡੀ ਪ੍ਰਿੰਟਿੰਗ, ਆਈ.�".ਟੀ. ਅਤੇ ਬਲੌਕ ਚੇਨ ਦੀਆਂ ਤਕਨੀਕਾਂ ਰਲ ਕੇ ਜਿਸ ਚੌਥੀ ਸਨਅਤੀ ਕ੍ਰਾਂਤੀ ਨੂੰ ਅਮਲ ਵਿਚ ਲਿਆ ਰਹੀਆਂ ਹਨ, ਉਸ ਲਈ ਮਾਈਗਰੇਸ਼ਨ ਨਾਲੋਂ ਟੈਲੀਮਾਈਗਰੇਸ਼ਨ ਵਧੇਰੇ ਉਪਯੋਗੀ ਹੈ।
ਨਤੀਜੇ ਵਜੋਂ ਕਲਾਸ ਰੂਮ ਸਿੱਖਿਆ ਨੂੰ ਆਨਲਾਈਨ ਲਰਨਿੰਗ, ਸਿਹਤ ਸੁਰੱਖਿਆ ਨੂੰ ਟੈਲੀਮੈਡੀਸਨ, ਪਰਵਾਸ ਨੂੰ ਰੀਮੋਟ ਵਰਕ ਅਤੇ ਮਨਪਰਚਾਵੇ ਦੇ ਆਧਾਰ ਢਾਂਚੇ ਨੂੰ ਕਲਾਊਡ ਸਹਿਜੇ ਹੀ ਸੰਭਾਲ ਲੈਣਗੇ। ਇਹ ਸਾਰਾ ਕੁਝ ਅਮਲੀ ਤੌਰ ’ਤੇ ਕੇਵਲ ਸਥਾਪਤ ਹੀ ਨਹੀਂ ਹੋ ਚੁੱਕਾ ਸਗੋਂ ਵੱਡੇ ਪੱਧਰ ’ਤੇ ਪੁਰਾਣੇ ਢਾਂਚੇ ਨੂੰ ਤਬਦੀਲ ਵੀ ਕਰ ਰਿਹਾ ਹੈ। ਕਰੋਨਾਵਾਇਰਸ ਦੀ ਮਹਾਂਮਾਰੀ ਤਾਂ ਕੇਵਲ ਉਹ ਆਖ਼ਰੀ ਕਿੱਲ ਹੈ ਜਿਸ ਨੇ ਡਿਜੀਟਲ ਕ੍ਰਾਂਤੀ ਜਾਂ ਆਨਲਾਈਨ ਮੋੜ ਨੂੰ ਉਤਰ-ਕਰੋਨਾਵਾਇਰਸ ਯੁਗ ਦੀ ਨਵੀਂ ਦੁਨੀਆਂ ਵਿਚ ਰੂਪਾਂਤ੍ਰਿਤ ਕਰਨਾ ਹੈ।
ਪ੍ਰੋਫ਼ੈਸਰ ਹਰਾਰੀ ਵਰਗੇ ਬਹੁਤ ਸਾਰੇ ਵਿਦਵਾਨਾਂ ਨੂੰ ਚਿੰਤਾ ਹੈ ਕਿ ਚੀਨ ਅਤੇ ਹੋਰ ਕਈ ਮੁਲਕਾਂ ਨੇ ਕਰੋਨਾਵਾਇਰਸ ਨੂੰ ਕੰਟਰੋਲ ਕਰਨ ਵਾਸਤੇ ਜਿਹੜੀ ਨਿਗਰਾਨ ਤਕਨਾਲੋਜੀ ਦਾ ਇਸਤੇਮਾਲ ਕੀਤਾ ਹੈ, ਉਹ ਆਮ ਤੌਰ ’ਤੇ ਅਤਿਵਾਦੀਆਂ ਦੀ ਸੂਹ ਕੱਢਣ ਲਈ ਵਰਤੀ ਜਾਂਦੀ ਹੈ, ਇਸ ਲਈ ਖ਼ਤਰਨਾਕ ਸਾਬਤ ਹੋ ਸਕਦੀ ਹੈ। ਇਹ ਵਿਦਵਾਨ ਬਾਖ਼ੂਬੀ ਜਾਣਦੇ ਹਨ ਕਿ ਇਹ ਉਹੋ ਤਕਨਾਲੋਜੀ ਹੈ ਜਿਸ ਰਾਹੀਂ ਲਰਨਿੰਗ ਐਨਾਲਿਟਿਕਸ ਦੇ ਨਾਮ ਹੇਠ ਹਰ ਵਿਦਿਆਰਥੀ ਲਈ ਵਿਅਕਤੀਗਤ ਪੱਧਰ ’ਤੇ ਉਸਦੀ ਸਿੱਖਿਆ ਪ੍ਰਾਪਤ ਕਰਨ ਦੀ ਸਮਰੱਥਾ ਅਤੇ ਸੰਭਾਵਨਾ ਅਨੁਸਾਰ ਉਸ ਵਾਸਤੇ ਸਬਕ ਤਿਆਰ ਕੀਤੇ ਜਾਂਦੇ ਹਨ। ਬਿਜ਼ਨਸ ਐਨਾਲਿਟਿਕਸ ਦੇ ਨਾਮ ਹੇਠ ਉਸ ਦੀ ਸਹਾਇਤਾ ਨਾਲ ਕਾਰਖਾਨੇਦਾਰ ਆਪਣਾ ਮਾਲ ਤਿਆਰ ਕਰਦੇ ਹਨ ਅਤੇ ਵਿਉਪਾਰੀ ਉਸ ਨੂੰ ਵੇਚਦੇ ਹਨ। ਇਸੇ ਤਰ੍ਹਾਂ ਡਾਕਟਰ ਕਿਸੇ ਵੀ ਮਨੁੱਖ ਨੂੰ ਲੱਗਣ ਵਾਲੀ ਬਿਮਾਰੀ ਦਾ ਅਗਾਊਂ ਪਤਾ ਲਗਾ ਲੈਂਦੇ ਹਨ। ਇਹ ਸੈਂਸਰ, ਬਿੱਗ ਡੇਟਾ ਐਨਾਲਿਟਿਕਸ ਅਤੇ ਮਸ਼ੀਨ ਲਰਨਿੰਗ ਦੇ ਸੁਮੇਲ ਦਾ ਚਮਤਕਾਰ ਹੈ।
ਇਹ ਤਕਨਾਲੋਜੀ ਸਿਰਫ਼ ਮਨੁੱਖਾਂ ਅਤੇ ਮਨੁੱਖੀ ਸਮਾਜਾਂ ਦੀ ਜਾਸੂਸੀ ਲਈ ਹੀ ਨਹੀਂ ਵਰਤੀ ਜਾਂਦੀ, ਉਨ੍ਹਾਂ ਦੇ ਵਿਵਹਾਰ ਨੂੰ ਖ਼ਾਸ ਤਰ੍ਹਾਂ ਨਾਲ ਢਾਲਣ ਲਈ ਵੀ ਵਰਤੀ ਜਾਂਦੀ ਹੈ। ਜਦੋਂ ਮਾਨਵ ਵਿਗਿਆਨੀ ਅਤੇ ਸਮਾਜ ਸ਼ਾਸਤਰੀ ਮਨੁੱਖੀ ਅਤੇ ਸਮਾਜਿਕ ਵਿਵਹਾਰ ਨੂੰ ਸਮਝਣ ਲਈ ਇਹੋ ਕੰਮ ਰਵਾਇਤੀ ਢੰਗਾਂ ਨਾਲ ਕਰਦੇ ਸਨ ਤਾਂ ਕਿਸੇ ਨੂੰ ਕੋਈ ਸ਼ਿਕਾਇਤ ਨਹੀਂ ਸੀ। ਨਾ ਹੀ ਇਨ੍ਹਾਂ ਲੋਕਾਂ ਨੂੰ ਸਾਹਿਤਕਾਰਾਂ ਅਤੇ ਕਲਾਕਾਰਾਂ ਤੋਂ ਕੋਈ ਸ਼ਿਕਾਇਤ ਸੀ, ਜੋ ਆਪੋ ਆਪਣੇ ਤਰੀਕਿਆਂ ਨਾਲ ਮਨੁੱਖਾਂ ਅਤੇ ਸਮਾਜਾਂ ਦੇ ਵਿਚਾਰਾਂ ਨੂੰ ਨਿਰਧਾਰਤ ਕਰਨ ਦੀ ਜ਼ਿੰਮੇਵਾਰੀ ਨਿਭਾਉਂਦੇ ਸਨ। ਕਿਤੇ ਇਸ ਲਈ ਤਾਂ ਨਹੀਂ ਕਿ ਨਵੇਂ ਟੂਲਜ਼ ਨਾਲ ਇਹ ਕੰਮ ਬਹੁਤ ਕਾਮਯਾਬੀ ਨਾਲ ਹੋਣ ਲੱਗ ਪਵੇਗਾ। ਗੱਲ ਸਪਸ਼ਟ ਹੈ ਕਿ ਤਕਨਾਲੋਜੀ ਆਪਣੇ ਆਪ ਵਿਚ ਚੇਤਨ ਫ਼ੈਸਲੇ ਲੈਣ ਦੇ ਸਮਰੱਥ ਨਹੀਂ। ਇਸ ਦੇ ਫ਼ੈਸਲੇ ਹਰ ਤਰ੍ਹਾਂ ਚੇਤੰਨ ਮਨੁੱਖ ਦੇ ਟੀਚਿਆਂ ਅਤੇ ਚਾਹਤਾਂ ਉਪਰ ਨਿਰਭਰ ਕਰਨਗੇ। ਫਿਲਮਸਾਜ਼ ਨੇ ਆਪਣੇ ਸਿਨਮੇ ਰਾਹੀਂ ਹਿੰਸਾ ਨੂੰ ਉਤਸ਼ਾਹਿਤ ਕਰਨਾ ਹੈ ਜਾਂ ਮੁਹੱਬਤ ਨੂੰ, ਇਹ ਗੱਲ ਫਿਲਮ ਬਣਾਉਣ ਲਈ ਵਰਤੀ ਜਾਂਦੀ ਤਕਨਾਲੋਜੀ ਉਪਰ ਨਹੀਂ, ਫਿਲਮਸਾਜ਼ ਉਪਰ ਨਿਰਭਰ ਕਰਦੀ ਹੈ। ਖ਼ੈਰ! ਇਹ ਪੁਰਾਣੀ ਬਹਿਸ ਹੈ। ਆਪਾਂ ਆਪਣੇ ਵਿਸ਼ੇ ਵੱਲ ਪਰਤਦੇ ਹੋਏ ਗੱਲ ਸਮੇਟਦੇ ਹਾਂ।
ਸੋ ਉਤਰ-ਕਰੋਨਾ ਯੁਗ ਦੇ ਨਿਰਮਾਣ ਵੱਲ ਵਧਦਿਆ ਸਾਡਾ ਪਹਿਲਾ ਕਦਮ ਆਪਣੇ ਸਿਹਤ ਸੁਰੱਖਿਆ ਸਿਸਟਮ ਨੂੰ ਮਜ਼ਬੂਤ ਕਰਨਾ ਹੋਵੇਗਾ। ਇਸ ਸਬੰਧੀ ਅਸੀਂ ਹੇਠ ਲਿਖੇ ਨੁਕਤਿਆਂ ਦੀ ਪਛਾਣ ਕੀਤੀ ਹੈ:
1) ਅੰਤਰਰਾਸ਼ਟਰੀ ਸਿਹਤ ਸੰਸਥਾ ਨੂੰ ਮਜ਼ਬੂਤ ਕਰਕੇ ਵਿਭਿੰਨ ਮੁਲਕਾਂ ਦੇ ਆਪਸੀ ਸਹਿਯੋਗ ਨੂੰ ਯਕੀਨੀ ਬਣਾਉਣਾ। ਅਜਿਹੇ ਅਤੇ ਕੁਝ ਹੋਰ ਸਮਾਜ-ਸਭਿਆਚਾਰਕ ਉਪਰਾਲਿਆਂ ਰਾਹੀਂ ਗ਼ੈਰ-ਖ਼ੁਦਮੁਖ਼ਤਾਰ ਵਿਸ਼ਵ ਸੱਤਾ ਦੇ ਨਿਰਮਾਣ ਦੀ ਦਿਸ਼ਾ ਵਿਚ ਅੱਗੇ ਵਧਣਾ।
2) ਜਿਨ੍ਹਾਂ ਮੁਲਕਾਂ ਵਿਚ ਆਪਣੇ ਸਿਹਤ ਸੁਰੱਖਿਆ ਪ੍ਰਬੰਧ ਨੂੰ ਮਜ਼ਬੂਤ ਕਰਨ ਲਈ ਲੋੜੀਂਦੀ ਆਰਥਿਕ ਸਮਰੱਥਾ ਮੌਜੂਦ ਨਹੀਂ, ਉਨ੍ਹਾਂ ਦੀ ਕੌਮਾਂਤਰੀ ਸਿਹਤ ਸੰਸਥਾ (ਆਈ.ਐੱਚ.ਉ ".) ਰਾਹੀਂ ਸਹਾਇਤਾ ਕਰਨਾ ਅਮੀਰ ਮੁਲਕਾਂ ਲਈ ਇਸ ਲਈ ਜ਼ਰੂਰੀ ਹੈ ਕਿਉਂਕਿ ਕਰੋਨਾਵਾਇਰਸ ਨੇ ਸਾਨੂੰ ਸਿਖਾ ਦਿੱਤਾ ਹੈ ਕਿ ਕੋਈ ਵੀ ਮੁਲਕ ਅਜਿਹੀਆਂ ਲੜਾਈ ਇਕੱਲਿਆਂ ਨਹੀਂ ਲੜ ਸਕਦਾ। ਸਭ ਨੂੰ ਰਲ ਕੇ ਹੀ ਹਿੰਮਤ ਕਰਨੀ ਪੈਣੀ ਹੈ।
3) ਵਿਭਿੰਨ ਮੁਲਕਾਂ ਦੇ ਸਿਹਤ ਸੁਰੱਖਿਆ ਵਸੀਲਿਆਂ ਦਾ, ਵਿਸ਼ਵ ਪੱਧਰ ’ਤੇ, ਤਾਲਮੇਲ ਤੇ ਇਕਸੁਰਤਾ ਨਾਲ ਇਮਾਨਦਾਰਾਨਾ ਇਸਤੇਮਾਲ ਕਿਵੇਂ ਕਰਨਾ ਹੈ, ਇਸ ਸਬੰਧੀ ਚੀਨ ਦੇ ਤਜਰਬੇ ਤੋਂ ਸਿੱਖਣ ਦੀ ਲੋੜ ਹੈ। ਅਜਿਹਾ ਕਰਨ ਲਈ ਵਿਸ਼ਵ ਸੰਸਥਾ ਨੂੰ ਇਨ੍ਹਾਂ ਤਿੰਨ ਤਹਿਆਂ ਵਾਲੇ ਕੌਮਾਂਤਰੀ ਟੈਲੀਮੈਡੀਸਨ ਸੈਂਟਰ ਦੀ ਸਥਾਪਨਾ ਕਰਨੀ ਹੋਵੇਗੀ: ਟੈਲੀਮੈਡੀਸਨ ਪਲੇਟਫਾਰਮ ਦੀ ਪਹਿਲੀ ਤਹਿ, ਟੈਲੀਮੈਡੀਸਨ ਕਲਾਊਡ ਦੀ ਦੂਸਰੀ ਤਹਿ ਅਤੇ ਟੈਮੀਮੈਡੀਸਨ ਸਰਵਿਸ ਐਪਲੀਕੇਸ਼ਨ ਦੀ ਤੀਸਰੀ ਤਹਿ। ਇਸ ਕੌਮਾਂਤਰੀ ਕੇਂਦਰ ਦੀ ਸਫ਼ਲਤਾ ਲਈ ਵਿਭਿੰਨ ਮੁਲਕਾਂ, ਸੂਬਿਆਂ ਅਤੇ ਸਥਾਨਕ ਸਰਕਾਰਾਂ ਦੀਆਂ ਸਰਕਾਰੀ ਅਤੇ ਗ਼ੈਰਸਰਕਾਰੀ ਸੰਸਥਾਵਾਂ ਨੂੰ ਕੌਮਾਂਤਰੀ ਸੰਸਥਾਵਾਂ ਅਤੇ ਕਾਰਪੋਰੇਸ਼ਨਾਂ ਨਾਲ ਰਲ ਕੇ ਕੰਮ ਕਰਨਾ ਪੈਣਾ ਹੈ। ਇਹ ਕੋਈ ਮੁਸ਼ਕਿਲ ਕੰਮ ਨਹੀਂ ਕਿਉਂਕਿ ਚੀਨ ਨੇ ਮਹੀਨਿਆਂ ਵਿਚ ਨਹੀਂ, ਹਫ਼ਤਿਆਂ ਵਿਚ ਹੀ ਅਜਿਹਾ ਕਰ ਲਿਆ ਸੀ।
4) ਜਿੰਨੀ ਦੇਰ ਤੱਕ ਦੁਨੀਆਂ ਦੇ ਹਰ ਵਿਅਕਤੀ ਕੋਲ ਜੀਣ ਥੀਣ ਲਈ ਘਰ, ਸ਼ੁੱਧ ਭੋਜਨ ਅਤੇ ਸਾਫ਼ ਪਾਣੀ ਨਹੀਂ ਹੋਵੇਗਾ, ਉਸ ਦੀ ਜੇਬ੍ਹ ਵਿਚ ਪੈਸੇ ਨਹੀਂ ਹੋਣਗੇ ਅਤੇ ਉਸ ਦਾ ਧਿਆਨ ਰੱਖਣ ਲਈ ਜ਼ਿੰਮੇਵਾਰ ਸਰਕਾਰਾਂ ਅਤੇ ਕਾਨੂੰਨ ਨਹੀਂ ਹੋਣਗੇ, ਉਨੀ ਦੇਰ ਤੱਕ ਇਸ ਧਰਤੀ ਉਪਰ ਵਸਣ ਵਾਲਾ ਕੋਈ ਵੀ ਵਿਅਕਤੀ ਅਤੇ ਉਸ ਦਾ ਪਰਿਵਾਰ, ਭਾਵੇਂ ਉਹ ਕਿੰਨਾ ਵੀ ਸਾਧਨ ਸੰਪੰਨ ਕਿਉਂ ਨਾ ਹੋਵੇ, ਸੁਰੱਖਿਅਤ ਨਹੀਂ ਹੈ। ਅੱਜ ਹਾਈਡਰੋਪੌਨਿਕ/ ਐਰੋਪੌਨਿਕ, ਸੂਰਜੀ ਊਰਜਾ ਅਤੇ ਮੀਂਹ ਦੇ ਪਾਣੀ ਨੂੰ ਸੰਭਾਲਣ ਦੀਆਂ ਤਕਨੀਕਾਂ ਏਨੀਆਂ ਵਿਕਸਤ ਹੋ ਚੁੱਕੀਆਂ ਹਨ ਜਿਨ੍ਹਾਂ ਦਾ ਪੰਜਾਬ ਖੇਤੀਬਾੜੀ ਯੂਨੀਵਰਸਟੀ ਵਰਗੀਆਂ ਸੰਸਥਾਵਾਂ ਨੇ ਮਿਆਰੀਕਰਨ ਵੀ ਕਰ ਲਿਆ ਹੈ। ਇਕ ਘਰ ਵਿਚ ਅਜਿਹੀ ਵਿਵਸਥਾ ਕਰਨ ਉਪਰ ਇਕ ਲੱਖ ਤੋਂ ਘੱਟ ਖ਼ਰਚਾ ਆਉਂਦਾ ਹੈ। ਜੇਕਰ ਸਰਕਾਰੀ ਸਹਾਇਤਾ ਮਿਲ ਜਾਵੇ ਤਾਂ ਹਰ ਘਰ ਆਪਣੇ ਰੋਟੀ ਪਾਣੀ ਦਾ ਘਰ ਵਿਚ ਹੀ ਪ੍ਰਬੰਧ ਕਰ ਸਕਦਾ ਹੈ।
5) ਅਮਰੀਕੀ ਰਾਸ਼ਟਰਪਤੀ ਟਰੰਪ ਨੇ ਜੂਨ 2017 ਵਿਚ ਵਾਤਾਵਰਣਕ ਬਦਲਾਅ ਦੀ ਪੈਰਿਸ ਅਕੌਰਡ ਵਿਚੋਂ ਆਪਣੇ ਮੁਲਕ ਨੂੰ ਬਾਹਰ ਕੱਢ ਕੇ ਦੁਨੀਆਂ ਨੂੰ ਇਹ ਸੁਨੇਹਾ ਦੇਣ ਦੀ ਕੋਸ਼ਿਸ ਕੀਤੀ ਸੀ ਕਿ ਸਰਬੱਤ ਦੀ ਭਲਾਈ ਨਾਲ ਸਾਡਾ ਕਈ ਲੈਣਾ ਦੇਣਾ ਨਹੀਂ, ਸਾਡੀ ਦਿਲਚਸਪੀ ਤਾਂ ਕੇਵਲ ਆਪਣੇ ਆਪ ਦੀ ਭਲਾਈ ਵਿਚ ਹੈ, ਉਹ ਸੋਚ ਉਤਰ-ਕਰੋਨਾ ਯੁਗ ਦੀ ਸੋਚ ਨਹੀਂ ਹੋ ਸਕਦੀ। ਜੇਕਰ ਅਮਰੀਕਾ ਨੇ ਆਪਣੀ ਇਹ ਸੋਚ ਨਾ ਬਦਲੀ ਤਾਂ ਉਹ ਅਲੱਗ-ਥਲੱਗ ਹੋ ਕੇ ਕਿਤੇ ਦਾ ਵੀ ਨਹੀਂ ਰਹੇਗਾ। ਇਹ ਸੋਚ ਨਾ ਤਾਂ ਸਾਨੂੰ ਵਾਤਾਵਰਣਕ ਬਦਲਾਅ ਦੇ ਕੁਪ੍ਰਭਾਵਾਂ ਤੋਂ ਬਚਾ ਸਕਦੀ ਹੈ ਅਤੇ ਨਾ ਹੀ ਕਰੋਨਾਵਾਇਰਸ ਦੀ ਮਹਾਂਮਾਰੀ ਤੋਂ। ਸਾਨੂੰ ਰਾਸ਼ਟਰਵਾਦ ਦੀ ਸੌੜੀ ਪਰਿਭਾਸ਼ਾ ਤੋਂ ਉਪਰ ਉਠਣਾ ਪਵੇਗਾ।
6) ਦੂਸਰੇ ਵਿਸ਼ਵ ਯੁੱਧ ਦੇ ਵਿਨਾਸ਼ ਤੋਂ ਬਾਅਦ ਜਦੋਂ ਦੁਨੀਆਂ ਦੀ ਪੁਨਰ-ਉਸਾਰੀ ਦਾ ਸੁਆਲ ਸਾਹਮਣੇ ਆਇਆ ਤਾਂ ਸਭ ਦੀ ਸਾਂਝੀ ਸੋਚ ਵਿਚੋਂ ਯੂ.ਐੱਨ.ਉ. ਨੇ ਜਨਮ ਲਿਆ। ਇਸ ਸੰਸਥਾ ਦਾ ਪ੍ਰਮੁੱਖ ਉਦੇਸ਼ ਆਉਣ ਵਾਲੇ ਸਮਿਆਂ ਵਿਚ ਕੌਮਾਂਤਰੀ ਝਗੜਿਆਂ (ਕਨਫਲਿਕਟਸ) ਨੂੰ ਰੋਕਣਾ ਸੀ। ਯੂ.ਐੱਨ. ਨੇ ਆਪਣਾ ਰੋਲ ਨਿਭਾਇਆ। ਕੀ ਇਹ ਸੰਸਥਾ ਹੁਣ ਦੁਨੀਆਂ ਨੂੰ ਕਰੋਨਾਵਾਇਰਸ, ਵਾਤਾਵਰਣਕ ਬਦਲਾਅ, ਬੇਰੁਜ਼ਗਾਰੀ ਅਤੇ ਨਾਬਰਾਬਰੀ ਵਰਗੀਆਂ ਨਾਮੁਰਾਦ ਆਫ਼ਤਾਂ ਤੋਂ ਬਚਾ ਸਕਦੀ ਹੈ? ਜੇ ਨਹੀਂ, ਤਾਂ ਸਾਨੂੰ ਇਸ ਸੰਸਥਾ ਦੇ ਪੁਨਰ ਨਿਰਮਾਣ ਬਾਰੇ ਸੋਚਣਾ ਚਾਹੀਦਾ ਹੈ। ਦੁਨੀਆਂ ਸੋਚੇਗੀ ਵੀ ਲਾਜ਼ਮੀ। ਇਨ੍ਹਾਂ ਨਵੀਆਂ ਚੁਣੌਤੀਆਂ ਦੇ ਪਰਿਪੇਖ ਵਿਚ ਯੂ.ਐੱਨ. ਦੇ ਵਿਸਤਾਰ ਲਈ ਇਹ ਸਲਾਹ ਦਿੱਤੀ ਜਾ ਸਕਦੀ ਹੈ ਕਿ ਬਹੁਕੌਮੀ ਬਿਜ਼ਨਸ ਕਾਰਪੋਰੇਸ਼ਨਾਂ ਤੋਂ ਬਾਅਦ ਬਹੁਕੌਮੀ ਭਾਈਚਾਰਿਆਂ ਦੀ ਵਿਕੇਂਦਰੀਕ੍ਰਿਤ, ਬਦਲਣ ਯੋਗ ਅਤੇ ਉਭਰ ਰਹੀ ਆਲਮੀ ਨੈੱਟਵਰਕਿੰਗ ਨੂੰ ਵਿਸ਼ਵੀਕਰਨ ਦੇ ਅਗਲੇ ਪੜਾਅ ਦੇ ਰੂਪ ਵਿਚ ਦੇਖਣ ਦੀ ਲੋੜ ਹੈ। ਇਹ ਵਿਸ਼ਵ ਭਾਈਚਾਰੇ ਆਪਣੀ ਜਨਮ ਭੂਮੀ ਨਾਲ ਜੁੜੇ ਹੋਣ ਦੇ ਨਾਲ ਨਾਲ ਆਪਣੀਆਂ ਕਰਮ-ਭੂਮੀਆਂ ਨਾਲ ਵੀ ਬਰਾਬਰ ਹੀ ਜੁੜੇ ਹੁੰਦੇ ਹਨ। ਇਨ੍ਹਾਂ ਦੀ ਸੰਰਚਨਾ ਵਿਚ ਹੀ ਸਰਬੱਤ ਦਾ ਭਲਾ, ਸਰਬ-ਸਾਂਝੀਵਾਲਤਾ ਅਤੇ ਵਿਸ਼ਵ ਸਹਿਯੋਗ ਅੰਕਿਤ ਹੋਏ ਹੁੰਦੇ ਹਨ। ਇਹ ਵੀ ਸੱਚ ਹੈ ਕਿ ਅੱਜ ਹਰ ਭਾਈਚਾਰਾ ਬਹੁਕੌਮੀ ਭਾਈਚਾਰਾ ਹੈ ਅਤੇ ਹਰ ਸਥਾਨ ਬਹੁ-ਭਾਈਚਾਰਕ ਸਥਾਨ। ਕੀ ਇਨ੍ਹਾਂ ਕਾਸਮੋਨੇਸ਼ਨਜ਼ ਨੂੰ ਮਾਨਤਾ ਪ੍ਰਦਾਨ ਕਰਕੇ ਯੂ.ਐੱਨ. ਵਿਵਸਥਾ ਵਿਚ ਸ਼ਾਮਲ ਕੀਤਾ ਜਾ ਸਕਦਾ ਹੈ? ਇਸ ਤਰ੍ਹਾਂ ਦੇ ਹੋਰ ਵੀ ਅਨੇਕਾਂ ਮੁੱਦੇ ਹੋਣਗੇ, ਜਿੱਥੋਂ ਇਹ ਚਰਚਾ ਆਰੰਭ ਹੋ ਸਕਦੀ ਹੈ।