ਜੈਸੀ ਨਜ਼ਰ ਵੈਸਾ ਸੰਸਾਰ .

 


ਨਜ਼ਰ ਤਾਂ ਸਭ ਕੋਲ ਹੁੰਦੀ ਹੈ ਪਰ ਨਜ਼ਰੀਆ ਸਭ ਕੋਲ ਹੋਵੇ ਇਹ ਗੱਲ ਜ਼ਰੂਰੀ ਨਹੀਂ । ਵੇਖਦੇ ਸਭ ਨੇ, ਪਰ ਪਰਖਦਾ ,  ਸਮਝਦਾ ਤੇ ਸੋਚਦਾ ਕੋਈ ਵਿਰਲਾ ਹੀ ਹੈ ।  ਨਜ਼ਰ ਤਾਂ ਨਜ਼ਰ ਹੈ ,ਵੇਖਦੀ ਸਭ ਕੁਝ ਹੈ ,  ਪਰ ਸਮਝਦੀ ਉਹੀ ਹੈ ਜੋ ਅਸੀਂ ਸਮਝਣਾ ਚਾਹੁੰਦੇ ਹਾਂ.

ਤੇ ਸਮਝਦੇ ਹਾਂ ਅਸੀਂ ਆਪਣੀ ਸੋਚ ਮੁਤਾਬਿਕ । ਮੈਂ ਕਈ ਅੰਨੇ ਵੇਖੇ ਨੇ ਜੋ ਕੁਝ ਦੇਖ ਨਹੀਂ ਸਕਦੇ ਪਰ ਸਿਰਫ਼ ਮਹਿਸੂਸ ਕਰ ਲੈਂਦੇ ਹਨ ਜ਼ਿੰਦਗੀ ਦੀ ਹਰ ਰੌਣਕ ਨੂੰ ਤੇ ਕਈ ਸੁਜਾਖੇ ਵੇਖੇ ਨੇ ਜੋ ਹਰ ਰੰਗ ਦੇਖ ਕੇ ਵੀ ਅੰਦਰੋਂ ਫਿੱਕੇ ਹੀ ਹੁੰਦੇ ਹਨ । ਵੇਖਦੇ ਸਭ ਕੁਝ ਨੇ ਪਰ ਮਹਿਸੂਸ ਕੁਝ ਵੀ ਨਹੀਂ ਕਰਦੇ । ਸ਼ਾਇਦ ਏਸੇ ਕਾਬਲੀਅਤ ਨੂੰ ਨਜ਼ਰੀਆ ਕਹਿੰਦੇ ਹਨ । ਕਈ ਵਾਰ ਅਸੀਂ ਦੁਨੀਆਂ ਦੀਆਂ ਅਪਾਰ ਸੌਗਾਤਾਂ ਦੇ ਮਾਲਿਕ ਹੁੰਦਾ ਹਾਂ ਤੇ ਭਟਕਦੇ ਰਹਿੰਦੇ ਹਾਂ ਕਿਸੇ ਮਾਮੂਲੀ ਸ਼ੈਅ ਦੇ ਗਮ ਵਿੱਚ ਤੇ ਕਈ ਵਾਰ ਕੁਝ ਵੀ ਨਾ ਹੁੰਦੇ ਹੋਏ ਕਿਸੇ ਰਾਜੇ ਮਹਾਰਾਜੇ ਜਿਹੀ ਸ਼ਾਨ ਵਿੱਚ ਜਿਉਂਦੇ ਹਾਂ । ਦੁਨੀਆਂ ਸਾਡੇ ਨਜ਼ਰੀਏ ਦੀ ਮੁੱਠੀ ਵਿੱਚ ਮੱਲੋਮੱਲੀ ਕੈਦ ਹੋ ਜਾਂਦੀ ਹੈ ਤੇ ਚੱਲਣ ਲੱਗਦੀ ਹੈ ਸਾਡੇ ਮੁਤਾਬਿਕ । ਹੱਸਣ ਲੱਗਦੀ ਹੈ ਕਿਉਂਕਿ ਅਸੀਂ ਖੁਸ਼ ਹੁੰਦੇ ਹਾਂ , ਆਪ ਹੀ ਸੋਹਣੀ ਹੋ ਜਾਂਦੀ ਹੈ ਕਿਉਂਕਿ ਸਾਡੀ ਸੋਚ ਸੋਹਣੀ ਹੋ ਹੁੰਦੀ ਹੈ । ਮੁਸੀਬਤ ਕਦੇ ਮੁਸੀਬਤ ਨਹੀਂ ਲੱਗਦੀ , ਗਮ ਕਦੇ ਤਕਲੀਫ਼ ਨਹੀਂ ਦਿੰਦਾ , ਹੌਂਸਲਾ ਕਦੇ ਹਾਰਨ ਨਹੀਂ ਦਿੰਦਾ ਜੇ ਨਜ਼ਰੀਏ ਵਿੱਚ ਵੱਖਰੀ ਕਿਸਮ ਦਾ ਅੰਦਾਜ਼ ਹੋਵੇ । ਅੱਜ ਦੇ ਸਮੇਂ ਵਿੱਚ ਤਾਂ ਬਹੁਤ ਜਿਆਦਾ ਜ਼ਰੂਰਤ ਹੈ ਏਸ ਅਣਮੁੱਲੇ ਨਜ਼ਰੀਏ ਦੀ । ਜੇ ਹੁਣ ਦੇ ਵਕਤ ਦੀ ਗੱਲ ਕਰੀਏ ਤਾਂ ਸਭ ਪਰੇਸ਼ਾਨ ਹਨ , ਹਰ ਕੋਈ ਆਪਣੇ ਘਰ ਵਿੱਚ ਕੈਦ ਹੈ , "ਕੁਝ ਕਰਨ ਨੂੰ ਨਹੀਂ ਹੈ , ਬੋਰ ਹੋ ਰਹੇ ਹਾਂ , ਕੰਮ ਰੁਕ ਗਿਆ ਹੈ "ਹਰ ਕਿਸੇ ਦੇ ਮੂੰਹੋ ਇਸ ਕਿਸਮ ਦੀਆਂ ਸ਼ਿਕਾਇਤਾਂ ਆਮ ਸੁਣਨ ਨੂੰ ਮਿਲਦੀਆਂ ਹਨ । ਪਰ ਜੇ ਦੂਸਰੇ ਪੱਖ ਤੋਂ ਵੇਖੀਏ ਤਾਂ ਸਭ ਤੋਂ ਸੋਹਣਾ ਮੌਕਾ ਮਿਲਿਆ ਆਪਣੇ ਆਪ ਨਾਲ ਵਕਤ ਬਿਤਾਉਣ ਲਈ , ਆਪਣੇ ਸ਼ੌਂਕ ਨੂੰ ਵਕਤ ਦੇਣ ਲਈ , ਕੁਝ ਨਵਾਂ ਸਿੱਖਣ ਲਈ , ਆਪਣੇ ਆਪ ਨਾਲ ਗੱਲਾਂ ਬਾਤਾਂ ਕਰਨ ਲਈ । ਜ਼ਿੰਦਗੀ ਦੀ ਭੱਜ ਦੌੜ ਵਿੱਚੋਂ ਠਹਿਰ ਕੇ ਕੁਝ ਪਲ ਆਰਾਮ ਨਾਲ ਸੈਰ ਕਰਨ ਦਾ। ਘਰ ਵਿੱਚ ਵੱਸਦੇ ਸਾਡੇ ਪਰਿਵਾਰਿਕ ਮੈਂਬਰਾਂ ਨਾਲ ਵਕਤ ਬਿਤਾਉਣ ਦਾ । ਕੁਝ ਪੁਰਾਣੀਆਂ ਯਾਦਾਂ ਤਾਜ਼ੀਆਂ ਕਰਨ ਦਾ ਤੇ ਬਹੁਤ ਸਾਰੀਆਂ ਨਵੀਆਂ ਯਾਦਾਂ ਬਣਾਉਣ ਦਾ ।

ਕਿਤਾਬਾਂ ਪੜ੍ਹਨ ਦਾ , ਰੰਗਾਂ ਨਾਲ ਖੇਡਣ ਦਾ , ਸੰਗੀਤ ਸੁਣਨ ਦਾ ਆਪਣੇ ਅੰਦਰ ਛੁਪੀ ਹਰ ਕਲਾ ਨੂੰ ਰੁਸ਼ਨਾਉਣ ਦਾ । ਕਿੰਨਾ ਕੁਝ ਕਰ ਸਕਦੇ ਹਾਂ ਅਸੀਂ , ਹਰ ਵਾਰ ਸ਼ਿਕਾਇਤਾਂ ਕਰੀ ਜਾਣੀਆਂ ਗੱਲ ਕੋਈ ਬਹੁਤੀ ਚੰਗੀ ਨੀ । ਸ਼ੁਕਰਾਨੇ ! , ਸ਼ੁਕਰਾਨੇ ਕਰਨੇ ਸਿੱਖ ਲਈਏ ਤਾਂ ਜ਼ਿੰਦਗੀ ਸ਼ੁਕਰ ਹੈ ! ਸ਼ੁਕਰ ਹੈ ! ਕਰਦਿਆਂ ਸੋਹਣੀ ਲੰਘ ਜਾਵੇਗੀ । ਸਭ ਤੋਂ ਵੱਡਾ ਸ਼ੁਕਰ ਇਸ ਵਕਤ ਇਸ ਗੱਲ ਦਾ ਹੈ ਕਿ ਅਸੀਂ ਸਾਹ ਲੈ ਰਹੇ ਹਾਂ , ਸਾਡੀ ਗਿਣਤੀ ਇਸ ਬਿਮਾਰੀ ਨਾਲ ਲੜਦੇ , ਆਪਣੀ ਜ਼ਿੰਦਗੀ ਲਈ ਪਲ ਪਲ ਦੁਆ ਕਰਦੇ ਉਹਨਾਂ ਮਰੀਜਾਂ ਵਿੱਚ ਵੀ ਹੋ ਸਕਦੀ ਸੀ । ਅਸੀਂ ਖੁਸ਼ਕਿਸਮਤ ਹਾਂ ਆਪਣੇ ਪਰਿਵਾਰ ਵਿੱਚ ਬੈਠੇ ਹਾਂ , ਅਸੀਂ ਖੁਸ਼ਕਿਸਮਤ ਹਾਂ ਜੇ ਰੋਟੀ ਖਾ ਰਹੇ ਹਾਂ ਤੇ ਅਸੀਂ ਸਭ ਤੋਂ ਜ਼ਿਆਦਾ ਖੁਸ਼ਕਿਸਮਤ ਹਾਂ ਜੇ ਕਿਸੇ ਦੀ ਮਦਦ ਕਰ ਸਕਦੇ ਹਾਂ । ਜ਼ਿੰਦਗੀ ਦੇ ਹਰ ਮੋੜ ਨੂੰ ਖਿੜੇ ਮੱਥੇ ਸਵੀਕਾਰ ਕਰੋ ਤਾਂ ਜ਼ਿੰਦਗੀ ਦਾ ਹਰ ਮੋੜ ਤੁਹਾਨੂੰ ਖਿੜੇ ਮੱਥੇ ਜੱਫੀ ਪਾ ਕੇ ਮਿਲੇਗਾ । ਹਰ ਪਲ ਸੋਹਣਾ ਬਿਤਾਵਾਂਗੇ ਤਾਂ ਆਖੀਰ ਵਕਤ ਇਸ ਗੱਲ ਦਾ ਪਛਤਾਵਾ ਨਹੀਂ ਹੋਵੇਗਾ ਕਿ ਸਾਡੀ ਜ਼ਿੰਦਗੀ ਸੋਹਣੀ ਨਹੀਂ ਲੰਘੀ । ਵੇਖਣ ਦਾ ਅੰਦਾਜ਼ ਬਦਲੋ ਤਾਂ ਜ਼ਿੰਦਗੀ ਬਹੁਤ ਸਾਰੇ ਨਵੇਂ ਰੰਗ ਦਿਖਾਵੇਗੀ । ਭੇਡ ਚਾਲ ਦਾ ਹਿੱਸਾ ਨਾ ਬਣੋ । ਵੱਖਰੇ ਰਾਹ ਵੱਖਰਾ ਨਜ਼ਾਰਾ ਦਿਖਾਉਂਦੇ ਹਨ ਤੇ ਵੱਖਰੀ ਸੋਚ ਇੱਕ ਵੱਖਰੀ ਦੁਨੀਆਂ ਦੀ ਸਿਰਜਣਾ ਕਰਦੀ ਹੈ, ਤਾਂ ਆਨੰਦ ਮਾਣੋ ਉਸ ਵੱਖਰੀ ਦੁਨੀਆਂ ਦਾ ਜਿੱਥੇ ਚਾਨਣ ਹੀ ਚਾਨਣ ਹੈ । 


ਕਿੰਨੀ ਰੌਣਕ , ਕਿੰਨਾ ਚਾਨਣ, ਕਿੰਨਾ ਵੇਖ ਪਿਆਰ 

ਜੈਸੀ ਸਾਡੀ ਨਜ਼ਰ ਹੁੰਦੀ ਹੈ ਵੈਸਾ ਹੀ ਸੰਸਾਰ

                                                                                        -     ਸਿੰਮੀ ਧੀਮਾਨ