ਜੇਕਰ ਤੁਸੀਂ.... .
ਜੇਕਰ ਤੁਸੀਂ ਨਹੀਂ ਦੱਸਦੇ,
ਦਿਲ ਦੀ ਗੱਲ ਖੋਲ੍ਹ ਕੇ।
ਨਹੀਂ ਮਿਲਦੇ ਕਿਸੇ ਨੂੰ,
ਪਿਆਰ ਦੇ ਦੋ ਬੋਲ ਬੋਲ ਕੇ।
ਤੇ ਕਰਦੇ ਹੋ ਗੱਲਾਂ ਗੋਲ-ਮੋਲ
ਤਾਂ ਤੁਸੀਂ ਹੌਲ਼ੀ ਹੌਲ਼ੀ ਖੁਰਣ ਲੱਗ ਜਾਂਦੇ ਹੋ।
ਜੇ ਤੁਸੀਂ ਨਹੀਂ ਸੁਣਦੇ ਕਿਸੇ ਦੀ ਗੱਲ,
ਤੇ ਨਹੀਂ ਕੱਢਦੇ ਉਸਦਾ ਕੋਈ ਹੱਲ ।
ਜ਼ਿੰਦਗੀ ਚਲਾਉਂਦੇ ਹੋ ਜਿੱਦਾਂ ਚਲਦੀ ਸੋ ਚੱਲ,
ਤਾਂ ਤੁਸੀਂ ਹੌਲ਼ੀ ਹੌਲ਼ੀ ਮਰਨ ਲੱਗ ਜਾਂਦੇ ਹੋ।
ਜੇ ਨਹੀਂ ਗੁਜ਼ਾਰਦੇ ਕੁੱਛ ਸਮਾਂ ਆਪਣੇ ਨਾਲ,
ਤੇ ਨਹੀਂ ਸੁਣਦੇ ਆਪਣੇ ਦਿਲ ਦਾ ਹਾਲ।
ਫੇਰ ਤਾਂ ਚੱਲੀ ਜਾਣੀ ਜ਼ਿੰਦਗੀ ਚਲਦੀ ਹੀ ਪਈ ਆ ਜਿਹੜੀ ਚਾਲ,
ਤਾਂ ਤੁਸੀਂ ਹੌਲ਼ੀ ਹੌਲ਼ੀ ਖੁਰਣ ਲੱਗ ਜਾਂਦੇ ਹੋ।।
ਜੇਕਰ ਤੁਸੀਂ ਬੱਚੇ ਦੀ ਤਰ੍ਹਾਂ ਨਹੀਂ ਮੁਸਕੁਰਾਉਂਦੇ,
ਕਿਸੇ ਉਦਾਸ ਨੂੰ ਗਲ਼ ਨਾਲ ਨਹੀਂ ਲਾਉਂਦੇ।
ਜੇਕਰ ਤੁਸੀਂ ਉਸਦਾ ਦਰਦ ਨਹੀਂ ਵੰਡਾਉਂਦੇ,
ਤਾਂ ਤੁਸੀਂ ਹੌਲ਼ੀ ਹੌਲ਼ੀ ਮਰਨ ਲੱਗ ਜਾਂਦੇ ਹੋ।
ਜੇਕਰ ਕਿਸੇ ਦੇ ਦੁੱਖ ਵਿਚ ਨਾ ਵਧਣ ਤੇਰੇ ਹੱਥ,
ਤੇ ਉਸਦੇ ਲਈ ਪਿਆਰ ਨਾਲ ਨਾ ਭਰੇ ਤੇਰੀ ਅੱਖ।
ਫੇਰ ਦਿਆਂ ਤੁਹਾਨੂੰ ਸੱਚੋ ਸੱਚ ਦੱਸ,
ਤੁਸੀਂ ਹੌਲ਼ੀ ਹੌਲੀ ਮਰਨ ਲੱਗ ਜਾਂਦੇ ਹੋ।
ਜੇਕਰ ਤੁਸੀਂ ਨਹੀਂ ਸੇਕਦੇ ਸਰਦੀਆਂ ਵਿਚ ਧੁੱਪ,
ਤੇ ਨਹੀਂ ਲਗਾਉਂਦੇ ਹੱਥਾਂ ਨਾਲ ਕੋਈ ਰੁੱਖ।
ਤੇ ਖਿਲਖਿਲਾ ਕੇ ਹੱਸਦੇ ਨਹੀਂ,
ਬੈਠੇ ਰਹਿੰਦੇ ਹੋ ਚੁੱਪ ਚੁੱਪ।।
ਤਾਂ ਤੁਸੀਂ ਹੌਲ਼ੀ ਹੌਲ਼ੀ ਮਰਨ ਲੱਗ ਜਾਂਦੇ ਹੋ।
ਜੇਕਰ ਤੁਸੀਂ ਬੈਠਦੇ ਨਹੀਂ ਦੋਸਤਾਂ ਕੋਲ,
ਤੇ ਬਿਤਾਉਂਦੇ ਨਹੀਂ ਸਮਾਂ ਕੁੱਝ ਅਨਮੋਲ।
ਤੇ ਖਾਂਦੇ ਨਹੀਂ ਇਕੱਠੇ ਹੋ ਕੇ ਗੱਪੇ ਗੋਲ ਗੋਲ,
ਤਾਂ ਤੁਸੀਂ ਹੌਲ਼ੀ ਹੌਲ਼ੀ ਮਰਨ ਲੱਗ ਜਾਂਦੇ ਹੋ।
ਨਾ ਕੋਈ ਆਪਣਾ ਨਾ ਕੋਈ ਬੇਗਾਨਾ,
ਨਾ ਕਿਸੇ ਨਾਲ ਵੈਰ ਤੇ ਨਾ ਬਹੁਤਾ ਪਿਆਰ।
ਜ਼ਿੰਦਗੀ ਜੇ ਏਦਾਂ ਹੀ ਜੀ ਲਵਾਂ ਮੇਰੇ ਯਾਰ,
ਤਾਂ ਮੈਂ ਹੌਲ਼ੀ ਹੌਲੀ ਜਿਉਣ ਲੱਗ ਜਾਂਦੀ ਹਾਂ।
ਹਮੇਸ਼ਾ ਵੱਡੇ ਬਣ ਕੇ ਕੀ ਲੈਣਾ,
ਬਣ ਜਾਉ ਕਦੇ ਕਦੇ ਬੱਚੇ ਵੀ।
ਹੱਸੋ, ਨੱਚੋ, ਟੱਪੋ ਤੇ ਗਾਉ ਵੀ,
ਤੇ ਖੁਸ਼ੀਆਂ ਨਾਲ ਭੰਗੜੇ ਪਾਉ ਵੀ,
ਤਾਂ ਹੌਲ਼ੀ ਹੌਲੀ ਜਿਉਣ ਲੱਗ ਜਾਂਦੇ ਹੋ।
ਪਰ ਇੱਕ ਗੱਲ ਕਦੇ ਨਾ ਭੁੱਲੋ,
ਤੁਸਾਂ ਇੱਥੇ ਸਦਾ ਨਹੀਂ ਰਹਿਣਾ।
ਕੌੜਾ ਤੇ ਤਿੱਖਾ ਬੋਲ ਕਿਸੇ ਨੂੰ ਨਾ ਕਹਿਣਾ,
ਹੱਸਦੇ ਹਸੁੰਦਿਆਂ ਹੀ ਜ਼ਿੰਦਗੀ ਬਿਤਾਉਣਾ ।।
ਤਾਂ ਤੁਸੀਂ ਹੌਲ਼ੀ ਹੌਲ਼ੀ ਜਿਉਣ ਲੱਗ ਜਾਂਦੇ ਹੋ।।
-- ਸਰੂ ਜੈਨ
