ਜੀਵਨ ਮੇਰਾ ਨਾਮ ਹੈ.

ਜੀਵਨ ਮੇਰਾ ਨਾਮ ਹੈ

ਜਾਣਦਾ ਹਾਂ ਤੇਰਾ ਹਰ ਇੱਕ ਰਾਜ਼

ਤੇਰੇ ਸਰੀਰਕ ਤੇ ਆਤਮਿਕ ਅਲਫਾਜ਼

ਦੱਸ ਸਕਦਾਂ ਤੇਰਾ ਮੁੱਢ ਤੇ ਅੰਤ

ਕਦ ਬੀਤੀ ਪੱਤਝੜ, ਕਦ ਆਈ ਬਸੰਤ।

ਤੇਰੇ ਸਾਹਾਂ ਦੀ ਗਤੀ ਵਿੱਚ ਵੱਸਦੀ ਮੇਰੀ ਜਾਨ ਹੈ, 

ਐ ਬੰਦਿਆ ਜੀਵਨ ਮੇਰਾ ਨਾਮ ਹੈ, ਜੀਵਨ ਮੇਰਾ ਨਾਮ ਹੈ।

ਤੇਰੇ ਲਈ ਰੱਬੀ ਸੌਗਾਤ ਹਾਂ ਮੈਂ

ਚੌਰਾਸੀ ਲੱਖ ਜੂਨਾਂ ਨੂੰ ਪੈਂਦੀ ਮਾਤ ਹਾਂ ਮੈਂ

ਕਣ ਕਣ ਵਿੱਚ ਸ਼ੁਮਾਰ ਹੋਈ, ਸਭ ਤੋਂ ਉੱਚੀ ਜਾਤ ਹਾਂ ਮੈਂ

ਫਰਕ ਕਿਉਂ ਕਰਦਾ ਏ ਸੱਜਣਾ, ਹਰ ਇੱਕ 'ਚ  ਪ੍ਰਤਾਪ ਹਾਂ ਮੈਂ।

ਮੇਰੀ ਹੋਂਦ ਵਿੱਚ ਛੁਪੀ ਹੋਈ ਤੇਰੀ ਦੁਨੀਆ ਤਮਾਮ ਹੈ 

ਐ ਬੰਦਿਆ ਜੀਵਨ ਮੇਰਾ ਨਾਮ ਹੈ, ਜੀਵਨ ਮੇਰਾ ਨਾਮ ਹੈ।

ਦੇਖਿਆ ਹੈ ਤੈਨੂੰ ਕਰਦੇ ਚੋਜ,

ਵਿੱਚ ਦੁਬਿਧਾ ਉਲਝੇ ਹਰ ਰੋਜ਼।

ਤੂੰ ਬੇਪਰਵਾਹ ਜ਼ਮੀਨ ਤੋਂ ਦੂਰ,

ਅਸਮਾਨੀ ਪਰਿੰਦਾ ਨਸ਼ੇ 'ਚ ਚੂਰ।

ਸੁਆਰਥ ਦੇ ਪਿੰਜਰੇ ਚ ਕੈਦ 

ਮਿੱਟੀ ਦੇ ਪੁਤਲੇ ਤੇ ਕਰੇਂ ਗ਼ਰੂਰ।

ਪਤਾ ਨਹੀਂ ਯਾਰ ਤੇਰੇ ਸੁਨਹਿਰੇ ਦਿਨ ਦੀ

ਕਦ ਹੋ ਜਾਣੀ ਸ਼ਾਮ ਹੈ।

ਐ ਬੰਦਿਆ, ਜੀਵਨ ਮੇਰਾ ਨਾਮ ਹੈ, ਜੀਵਨ ਮੇਰਾ ਨਾਮ ਹੈ।

ਹਾਲੇ ਸਿੱਖਣਾ ਹੈ ਤੂੰ ਕਰਨਾ ਪਿਆਰ

ਕਦ ਫੜਨੀ ਕਲਮ, ਕਦ ਕਰਨਾ ਵਾਰ।

ਮੇਰੀ ਤਾਂ ਹੈ ਮਿਆਦ ਦਿਨ ਚਾਰ, 

ਤੂੰ ਮੈਨੂੰ ਵਰਤੀ ਸੋਚ ਵਿਚਾਰ,

ਤੈਨੂੰ ਪਾਰ ਕਰਾ ਭਵਸਾਗਰ, ਮੈਂ ਹੋ ਜਾਣਾ ਕੁਰਬਾਨ ਹੈ।

ਐ ਬੰਦਿਆ ਜੀਵਨ ਮੇਰਾ ਨਾਮ ਹੈ, ਜੀਵਨ ਮੇਰਾ ਨਾਮ ਹੈ।

                                                    - ਜਸਪ੍ਰੀਤ ਸਿੰਘ