ਜ਼ਿੰਦਗੀ.

 

 

ਪਲ-ਪਲ ਜੋੜ ਕੇ ਸਾਲ ਲੰਘ ਜਾਂਦੇ ਨੇ 

ਬਣੀ ਰਹਿੰਦੀ ਪਰ ਇਕ ਸਵਾਲ ਜ਼ਿੰਦਗੀ 

ਖੁਸ਼ੀ ਤੇ ਗਮ ਯਾਰਾ ਰੁੱਤਾਂ ਵਾਂਗ ਹੁੰਦੇ ਆ

ਜ਼ਿੰਦਾਦਿਲੀ ਦਾ ਬਸ ਨਾਮ ਜ਼ਿੰਦਗੀ 

ਐਂਵੇ ਫਿਕਰਾਂ ਦੀ ਮੰਡੀ ਵਿੱਚ ਉਮਰਾ ਨੂੰ ਵੇਚਦੇ ਆਂ 

ਦਿਨ ਢਲਿਆਂ ਤੇ ਮਨ ਖਾਲੀ, ਹੱਥ ਭਰੇ ਨੇ

ਆਖਰ ਨੂੰ ਬਸ ਚਾਰ ਮੋਢਿਆਂ ਦੀ ਮੰਗ ਪੂਰੀ ਜਾਵੇ 

ਜੇਬ ਭਖੀ ਕਿਸ ਕਾਰੀ ਦਿਲ ਜੇ ਨਾ ਠਰੇ ਨੇ

ਸੋਚਦੇ ਆਂ ਦਿਨ ਰਾਤ ਨਾਲ ਕੋਣ ਨਿਭੂਗਾ 

ਜ਼ਿੰਦਗੀ ਦੀ ਦੋੜ 'ਚ ਕੀ-ਕੀ ਸਮੇਟੀਏ 

ਕੌਣ-ਕੌਣ ਸਾਡੇ ਲਈ ਹਿੱਤਕਾਰੀ ਹੋ ਸਕਦਾ ਏ

ਕੀਦੇ ਤੋਂ ਪ੍ਰਹੇਜ਼ ਕਰ, ਕੀਦਾ ਨਾਮ ਮੇਟੀਏ  

ਆਹ ਨਿੱਕੀ-ਨਿੱਕੀ ਜੋੜ-ਤੋੜ ਵਿੱਚ ਖੁੱਭੇ ਰਹੀਦਾ ਏ

ਖੋਰੇ ਆਹੀ ਵਾਧ-ਘਾਟ ਜ਼ਿੰਦਗੀ ਅਖਵਾਉਂਦੀ ਐ

ਕਦੇ ਉੱਡਦੇ ਹੋਏ ਪੰਛੀਆਂ ਦੀ ਨੀਝ ਲਾਕੇ ਡਾਰ ਵੇਖੀਂ

ਪਤਾ ਲੱਗਜੂਗਾ ਫੇਰ ਜ਼ਿੰਦਗੀ ਕੀ ਚਾਹੁੰਦੀ ਐ

ਹੋਲੇ ਜਹੇ ਆਕੇ ਮੇਰੇ ਕੰਨ ਵਿਚ ਮੈਨੂੰ ਕਹਿਣ ਲੱਗੀ

ਮੈਂ ਜ਼ਿੰਦਗੀ ਸੱਚ ਕਹਾਂ, ਬੰਦਿਸ਼ਾਂ ਦੀ ਰਾਣੀ ਨਾ

ਮਗਰ ਮਾਰ ਕੇ ਦਿਲ ਨੂੰ ਹੋਰਾਂ ਲਈ ਜਿਉਂਦੇ ਜਿਹੜੇ 

ਕਿਤੇ ਕਿਤੇ ਲਗਦਾ ਏ ਉਨਾਂ ਦੀ ਕਹਾਣੀ ਆਂ

ਬਹੁਤ ਰੰਗ ਜ਼ਿੰਦਗੀ ਦੇ ਖਾਬਾਂ ਵਿਚ ਪਲਦੇ ਨੇ

ਹਰ ਵਾਰ ਅੱਖਰਾਂ 'ਚ ਢਾਲ ਨਈਓ ਹੁੰਦੇ 

ਕਰਨੇ ਤਾਂ ਬਹੁਤ ਨੇ ਤੇਰੇ ਨਾਲ ਸਵਾਲ ਮੈਂ 

ਜ਼ਿੰਦਗੀਏ!ਪਰ ਮੈਥੋਂ ਉਠਾਲ ਨਈਓ ਹੁੰਦੇ 

ਵਿਹੜੇ ਸਾਡੇ ਚੜਦੇ ਹੋਏ ਸੂਰਜ ਦੇ ਨਾਲ ਹੀ 

ਉਹ ਆਕੇ ਰੋਜ਼ ਮੋਕਾ ਦਿੰਦੀ ਐ ਪਹਿਚਾਨਣ ਨੂੰ 

ਕਦੇ ਯਾਰੋ ਮੈਨੂੰ ਇੰਝ ਲੱਗਣ ਜਿਹਾ ਲਗਦਾ ਏ 

ਜ਼ਿੰਦਗੀ ਹੀ ਜ਼ਿਆਦਾ ਉਤਸੁਕ ਸਾਨੂੰ ਜਾਨਣ ਨੂੰ  

ਹਾਸਿਆਂ ਤੇ ਰੋਸਿਆਂ ਦੇ ਵਿਚ ਬੀਤਦੇ ਹੋਏ 

ਜ਼ਿੰਦਗੀ ਹੀ ਇੱਕ ਦਿਨ ਬੀਤ ਜਾਂਦੀ ਐ

ਹਰ ਪਲ ਸਾਂਭਦੇ ਆਂ,ਹਰ ਘੜੀ ਦੇਖਦੇ ਆਂ

ਜ਼ਿੰਦਗੀ ਦੀ ਬਾਤ ਨਾ ਸਮਝ ਆਂਦੀ ਐ

ਜੇ ਜ਼ਿੰਦਾ ਹੈਂ ਹਾਲੇ ਤਾਂ ਫੇਰ ਜੀਣ ਦਾ ਸਵਾਦ ਲੈ 

ਕੀ ਭਰਵਾਸਾ ਉਰੇ ਜ਼ਿੰਦਗੀ ਦਾ 

ਇਕੋ ਸਾਹ ਦੀ ਖੇਡ ਬਾਬਾ ਨਾਨਕ ਸੀ ਦੱਸ ਗਿਆ

ਸ਼ਾਂਤੀ ਨੂੰ ਪੱਲਾ ਫੜ ਬੰਦਗੀ ਦਾ 

ਐਂਵੇ 'ਗੁੰਗੜੀ' ਤੂੰ ਸਿਆਹੀ ਲੈ ਕਲਮ ਲਬੇੜ ਛੱਡੀ 

ਲਿੱਖਣ ਲਈ ਦਿਲ ਦੇ ਉਬਾਲ ਨੂੰ 

ਉੱਤਰਾਂ ਦੀ ਭਾਲ ਵਿੱਚ ਕਾਹਨੂੰ ਜ਼ਾਇਆ ਦਿਨ ਕਰੇ 

ਰਹਿਣ ਦੇ ਏਦਾਂ ਈ ਛੱਡ ਦੇ ਸਵਾਲ ਨੂੰ


                                                -ਗੁੰਗੜੀ