ਜ਼ਿੰਦਗੀ ਇੱਕ ਜੰਗ ਵੀ ਹੈ.
ਖੂਬਸੂਰਤ ਰੰਗ ਵੀ ਹੈ,
ਜ਼ਿੰਦਗੀ ਉਮੰਗ ਵੀ ਹੈ,
ਜ਼ਿੰਦਗੀ ਇੱਕ ਜੰਗ ਵੀ ਹੈ,
ਡਟ ਕੇ ਖਲੋਏ ਰਿਹੋ।
ਜ਼ਿੰਦਗੀ ਰੰਗੀਨ ਵੀ ਐ,
ਜ਼ਿੰਦਗੀ ਸੰਗੀਨ ਵੀ ਐ,
ਉਪਜਾਊ ਕੋਈ ਜ਼ਮੀਨ ਜਈ ਐ,
ਬੀਜ ਖੁਸ਼ੀਆਂ ਦੇ ਬੋ ਦਿਓ।
ਜ਼ਿੰਦਗੀ ਪ੍ਰੀਤ ਵੀ ਐ,
ਜ਼ਿੰਦਗੀ ਪੁਨੀਤ ਵੀ ਐ,
ਜ਼ਿੰਦਗੀ ਸੰਗੀਤ ਵੀ ਐ,
ਇਹਦੇ ਵਿੱਚ ਖੋਏ ਰਿਹੋ।
ਕਰਨੇ ਕਬੂਲ ਵੀ ਨੇ,
ਇਹਦੇ ਜੋ ਅਸੂਲ ਵੀ ਨੇ,
ਇਹਦੇ ਰਾਹ 'ਚ ਸੂਲ ਵੀ ਨੇ,
ਦਰਦ ਸਹਾਰ ਜਾਇਓ।
ਦੁੱਖ ਡਾਹਢੇ ਆਉਣਗੇ,
ਤੇ ਬੜਾ ਹੀ ਸਤਾਉਣਗੇ,
ਸੁੱਖ ਵੀ ਲਿਆਉਣਗੇ,
ਐਵੇਂ ਈ ਨਾ ਹਾਰ ਜਾਇਓ।
ਕਿਸੇ ਨੂੰ ਇਤਰਾਜ਼ ਵੀ ਐ,
ਕਈਆਂ ਨੂੰ ਬੜਾ ਨਾਜ਼ ਵੀ ਐ,
ਜ਼ਿੰਦਗੀ ਇੱਕ ਰਾਜ਼ ਵੀ ਐ,
ਜਾਣ ਸਕਦਾ ਜੋ ਜਾਣੀ ਜਾਓ।
ਜ਼ਿੰਦਗੀ ਤਾਂ ਧੰਦ ਵੀ ਹੈ,
ਲੰਮੇਰਾ ਇਹਦਾ ਪੰਧ ਵੀ ਹੈ,
ਜ਼ਿੰਦਗੀ ਆਨੰਦ ਵੀ ਹੈ,
ਖੁਸ਼ੀ ਖੁਸ਼ੀ ਮਾਣੀ ਜਾਓ।
-ਗੁਰਵੀਰ ਸਿਆਣ