ਪਤਾ ਨਹੀਂ ਕਦੋਂ .
ਕਦੋਂ ਰੁੱਤ ਛੇੜੂ ਮੇਰਾ ਮਨ ਭਾਉਂਦਾ ਰਾਗ ਨੀ
ਕਦੋਂ ਮੇਰੇ ਕਦਮਾਂ ਨੂੰ ਲੱਗਣੇ ਨੇ ਭਾਗ ਨੀ
ਕਦੋਂ ਮੈਂ ਤੁਫਾਨਾਂ ਵਿੱਚ ਹਿੰਮਤਾਂ ਨਾਲ ਤਰੂੰਗੀ
ਪਤਾ ਨਹੀਂ ਮੈਂ ਹਾਸਿਲ ਮੁਕਾਮ ਕਦੋਂ ਕਰੂੰਗੀ ।
ਕਦੋਂ ਮੇਰੀ ਦਾਸਤਾਂ ਨੂੰ ਮਹਿਫਿਲਾਂ ਸੁਣਾਉਣਗੀਆਂ
ਸੁਣ ਕੇ ਕਹਾਣੀ ਮੇਰੀ ਹੰਝੂ ਵੀ ਵਹਾਉਂਣਗੀਆਂ
ਕਿਹੜਾ ਨਵਾਂ ਦੁੱਖ ਰਹਿੰਦਾ , ਕਿਹੜੀ ਪੀੜ ਜਰੂੰਗੀ
ਪਤਾ ਨਹੀਂ ਮੈਂ ਹਾਸਿਲ ਮੁਕਾਮ ਕਦੋਂ ਕਰੂੰਗੀ ।
ਬਣ ਕੇ ਕਿਤਾਬਾਂ ਕਦੋਂ ਦੁਨੀਆਂ 'ਚ ਵਿਕਣਾ ਏ
ਨਵੇਂ ਸਿਰੇ ਉੱਤੋਂ ਇਤਿਹਾਸ ਅਜੇ ਲਿਖਣਾ ਏ
ਕੋਸ਼ਿਸ਼ ਹੈ ਕਦੇ ਵੀ ਨਾ ਮਿਹਨਤਾਂ ਤੋਂ ਡਰੂੰਗੀ
ਪਤਾ ਨਹੀਂ ਮੈਂ ਹਾਸਿਲ ਮੁਕਾਮ ਕਦੋਂ ਕਰੂੰਗੀ ।
ਸੁਧਰੇ ਹਾਲਾਤਾਂ ਨੂੰ ਕਦੋਂ ਮੈਂ ਨਿਹਾਰਾਂਗੀ
ਕਦੋਂ ਕਿਸੇ ਪੀੜ੍ਹੀ ਦੀ ਮੈਂ ਜ਼ਿੰਦਗੀ ਸਵਾਰਾਂਗੀ
ਅੱਖਾਂ ਵਿੱਚ ਸੁਪਨੇ ਮੈਂ ਖੁਸ਼ੀਆਂ ਦੇ ਭਰੂੰਗੀ
ਪਤਾ ਨਹੀਂ ਮੈਂ ਹਾਸਿਲ ਮੁਕਾਮ ਕਦੋਂ ਕਰੂੰਗੀ ।
ਬਸਤਾ ਉਠਾ ਕੇ ਉਹ ਜਮਾਤਾਂ ਵੱਲ ਜਾਣਗੇ
ਕੁੱਲ ਦੁਨੀਆਂ ਦੇ ਲੋਕੀ ਢਿੱਡ ਭਰ ਖਾਣਗੇ
ਕਦੋਂ ਤੱਕ ਰਾਹਾਂ ਨਾਲ ਮੰਜ਼ਿਲਾਂ ਲਈ ਲੜੂੰਗੀ
ਪਤਾ ਨਹੀਂ ਮੈਂ ਹਾਸਿਲ ਮੁਕਾਮ ਕਦੋਂ ਕਰੂੰਗੀ ।
ਕਦੋਂ ਮੇਰੀ ਕਲਮ ਦੇ ਬੋਲ ਮੁੱਲ ਪਾਉਣਗੇ
ਕਦੋਂ ਇਹ ਇਰਾਦੇ ਮੇਰੇ ਕਾਮਯਾਬ ਹੋਣਗੇ
ਪਾਠ ਮੈਂ ਮਹੁੱਬਤਾਂ ਦਾ ਕਿਹੜੇ ਵੇਲੇ ਪੜੂੰਗੀ,
ਪਤਾ ਨਹੀਂ ਮੈਂ ਹਾਸਿਲ ਮੁਕਾਮ ਕਦੋਂ ਕਰੂੰਗੀ ।
- ਸਿੰਮੀ ਧੀਮਾਨ