ਗ਼ਜ਼ਲ / ਕੇ. ਮਨਜੀਤ .
(ਪੇਸ਼ੇ ਤੋਂ ਪੱਤਰਕਾਰੀ ਨਾਲ ਜੁੜੇ ਕੇ.ਮਨਜੀਤ ਦੀ ਕਵਿਤਾ ਸਮੇਂ ਦਾ ਹੱਥ ਫੜ ਕੇ ਚੱਲਦੀ ਰਹੀ ਹੈ. ਹੱਥਲੀ ਗ਼ਜ਼ਲ ਵਿਚ ਵੀ ਸ਼ਾਇਰ ਨੇ ਮੌਜੂਦਾ ਹਾਲਾਤ ਨੂੰ ਆਪਣੇ ਸ਼ੇਅਰਾਂ ਰਾਹੀਂ ਕਹਿਣ ਦਾ ਸਫ਼ਲ ਉਪਰਾਲਾ ਕੀਤਾ ਹੈ )
ਜਿਸ ਨੂੰ ਮਿਲ ਕੇ ਹਰ ਵੇਲੇ ਆ ਜਾਂਦਾ ਸੀ ਸਰੂਰ
ਕਰੋਨਾ ਨੇ ਕਰ ਦਿੱਤਾ ਹੁਣ ਇੱਕ ਦੂਜੇ ਤੋਂ ਦੂਰ
ਪਹਿਲਾਂ ਹੀ ਕੋਈ ਘੱਟ ਸਨ ਮੁਸ਼ਕਿਲਾਂ ਬੰਦੇ ਲਈ
ਹੁਣ ਹੋਰ ਮਖੌਟੇ ਪਾਉਣ 'ਤੇ ਕਰ ਦਿੱਤਾ ਮਜਬੂਰ
ਹੱਥ ਮਿਲਾ ਕੇ ਜੋ ਕਰਦੇ ਸਨ ਵਾਅਦੇ ਤੋੜ ਨਿਭਾਵਣ ਦੇ
ਉਹ ਵੀ ਮੁਸਕੁਰਾ ਕੇ ਕਹਿਣਗੇ ਚੰਗਾ ਚਲਦਾ ਹਾਂ ਹਜ਼ੂਰ
ਮੁਹੱਬਤ ਹੋਰ ਵੀ ਤੜਫੇਗੀ ਹੱਥ ਫੜ ਗਲਵਕੜੀ ਪਾਉਣ ਨੂੰ
ਕਹੇਗੀ ਘਬਰਾਉ ਨਾ ਮਿਲ ਲਵਾਂਗੇ ਆਪਾਂ ਮਿਲਾਂਗੇ ਜ਼ਰੂਰ
ਕਿੰਨੇ ਸੁਫ਼ਨੇ ਟੁੱਟ ਜਾਣੇ ਅਸਮਾਨੀ ਤਾਰਿਆਂ ਵਾਂਗੂ
ਜਦੋਂ ਪਿਆਰ ਦੇ ਦਿਨ ਨਿਸਚਿਤ ਕਰਨੇ 'ਸਰਕਾਰ' ਨੇ ਹਜ਼ੂਰ
ਇਹ ਮਖੌਟੇ ਉਤਰ ਜਾਣੇ ਬੱਸ ਚੰਦ ਦਿਨਾਂ ਦੀ ਗੱਲ ਹੈ
ਆਊ ਚੰਗਾ ਸਮਾਂ ਤੂੰ ਦਿਲ ਟਿਕਾਣੇ ਰੱਖ ਹਜ਼ੂਰ