ਯਮਲਾ ਜੱਟ ਯਾਦਗਾਰੀ ਲੋਕ ਸੰਗੀਤ ਮੇਲੇ ਚ ਮੁਹੰਮਦ ਸਦੀਕ ਸ਼ਾਮਿਲ ਹੋਏ.


ਲੁਧਿਆਣਾ ਵਿੱਚ ਯਮਲਾ ਜੱਟ ਲੋਕ ਸੰਗੀਤ ਭਵਨ ਉਸਾਰਿਆ ਜਾਵੇ: ਪ੍ਰੋ: ਗੁਰਭਜਨ ਗਿੱਲ

ਲਲਿਤ ਬੇਰੀ 
ਲੁਧਿਆਣਾ :
ਜਵਾਹਰ ਨਗਰ ਸਥਿਤ ਪੀਰ ਕਟੋਰੇਸ਼ਾਹ ਦੀ ਸਮਾਰਕ ਤੇ ਪੰਜਾਬੀ ਲੋਕ ਸੰਗੀਤ ਦੇ ਯੁਗਪੁਰਸ਼ ਉਸਤਾਦ ਲਾਲ ਚੰਦ ਯਮਲਾ ਜੱਟ ਦੀ ਯਾਦ ਵਿੱਚ ਲੋਕ ਸੰਗੀਤ ਮੇਲਾ ਕਰਵਾਇਆ ਗਿਆ। 
ਫ਼ਰੀਦਕੋਟ ਤੋਂ ਮੈਂਬਰ ਪਾਰਲੀਮੈਂਟ ਤੇ ਉੱਘੇ ਲੋਕ ਗਾਇਕ ਜਨਾਬ ਮੁਹੰਮਦ ਸਦੀਕ ਨੇ ਇਸ ਲੋਕ ਸੰਗੀਤ ਮੇਲੇ ਦੀ ਪ੍ਰਧਾਨਗੀ ਕੀਤੀ। ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਤੂੰਬੇ ਤੋਂ ਇਕਤਾਰੇ ਭਾਵ ਤੂੰਬੀ ਦਾ ਵਿਕਾਸ ਕਰਕੇ ਉਨ੍ਹਾਂ ਹਜ਼ਾਰਾਂ ਕਲਾਕਾਰਾਂ ਨੂੰ ਇਸ ਸਾਜ਼ ਦਾ ਵਾਦਕ ਬਣਾਇਆ। ਮੈਂ ਵੀ ਉਨ੍ਹਾਂ ਤੋਂ ਹੀ ਇਸ ਸਾਜ਼ ਦੀ ਪ੍ਰੇਰਨਾ ਲਈ ਸੀ। ਉਨ੍ਹਾਂ ਕਿਹਾ ਕਿ ਅੱਜ ਸ਼ੋਰ ਤੇ ਸੰਗੀਤ ਵਿਚਕਾਰ ਲਕੀਰ ਗੂੜ੍ਹੀ ਕਰਨ ਦੀ ਲੋੜ ਹੈ। ਲੋਕ ਸਾਜ਼ , ਲੋਕ ਅੰਦਾਜ਼ ਤੇ ਲੋਕ ਪਹਿਰਾਵਾ ਤਿਆਗ ਕੇ ਵੀ ਅਸੀਂ ਰਾਹੋਂ ਭਟਕਦੇ ਹਾਂ ਉਸਤਾਦ ਜੀ ਨੂੰ ਇਸ ਤੋਂ ਵੱਡੀ ਹੋਰ ਕੋਈ ਸ਼ਰਧਾਂਜਲੀ ਨਹੀਂ ਹੋ ਸਕਦੀ ਕਿ ਉਨ੍ਹਾਂ ਦੀ ਸੁਰ ਸਾਧਨਾ ਅਪਣਾਈਏ। ਉਨ੍ਹਾਂ ਆਪਣੇ ਗਾਏ ਇੱਕ ਗੀਤ ਨਾਲ ਸੰਗੀਤਕ ਹਾਜ਼ਰੀ ਲੁਆਈ। ਉਨ੍ਹਾਂ ਕਿਹਾ ਕਿ ਸੁਰ ਸੰਗੀਤ ਸਾਧਨਾ ਤੇ ਸੰਗੀਤ ਵਿੱਚ ਯਮਲਾ ਜੱਟ ਜੀ ਨੇ ਪੂਰੇ ਪੰਜਾਬ ਦੀ ਸਰਪ੍ਰਸਤੀ ਕੀਤੀ। ਮੈਂ ਉਨ੍ਹਾਂ ਦੇ ਵਿਹਾਰ ਤੇ ਪਿਆਰ ਚੋਂ ਬਹੁਤ ਕੁਝ ਲਿਆ ਹੈ। 
                      ਲਾਲ ਚੰਦ ਯਮਲਾਜੱਟ ਟਰਸਟ ਦੇ ਸਰਪ੍ਰਸਤ ਪ੍ਰੋ: ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਲੁਧਿਆਣਾ ਵਿੱਚ ਪੰਜਾਬੀ ਲੋਕ ਸੰਗੀਤ ਭਵਨ ਉਸਾਰਨ ਦੀ ਸਖ਼ਤ ਲੋੜ ਹੈ ਕਿਉਂਕਿ ਅਜੇ ਤਾਂ ਲਾਲ ਚੰਦ ਯਮਲਾ ਜੱਟ, ਸੁਰਿੰਦਰ ਕੌਰ, ਪ੍ਰਕਾਸ਼ ਕੌਰ, ਆਸਾ ਸਿੰਘ ਮਸਤਾਨਾ,ਨਰਿੰਦਰ ਬੀਬਾ, ਜਗਮੋਹਨ ਕੌਰ, ਦੀਦਾਰ ਸੰਧੂ, ਹਰਚਰਨ ਗਰੇਵਾਲ, ਕਰਨੈਲ ਗਿੱਲ,ਅਲਗੋਜ਼ਾਵਾਦਕ ਬੇਲੀ ਰਾਮ, ਤਾਰਾ ਚੰਦ , ਅਮਰ ਸਿੰਘ ਚਮਕੀਲਾ,ਕੁਲਦੀਪ ਮਾਣਕ, ਉਸਤਾਦ ਜਸਵੰਤ ਭੰਵਰਾ, ਚਾਂਦੀ ਰਾਮ ਚਾਂਦੀ , ਜਸਦੇਵ ਯਮਲਾਜੱਟ, ਜਸਵਿੰਦਰ ਯਮਲਾ ਜੱਟ, ਦਿਲਸ਼ਾਦ ਅਖ਼ਤਰ ਤੇ ਹੋਰ ਸਿਰਕੱਢ ਗਾਇਕਾਂ ਦੀਆਂ ਨਿਸ਼ਾਨੀਆਂ ਤੇ ਸੰਗੀਤ ਪਰਿਵਾਰਾਂ ਤੋਂ ਹਾਸਲ ਕੀਤਾ ਜਾ ਸਕਦਾ ਹੈ ਪਰ ਹੌਲੀ ਹੌਲੀ ਸਭ ਕੁਝ ਅੱਖੋਂ ਓਝਲ ਹੋ ਜਾਵੇਗਾ। ਇਸ ਲੋਕ ਸੰਗੀਤ ਭਵਨ ਵਿੱਚ ਲੋਕ ਸਾਜ਼ ਸਿਖਲਾਈ ਦਾ ਪ੍ਰਬੰਧ ਵੀ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਹੈ 15 ਹਾੜ੍ਹ ਨੂੰ ਹਰ ਸਾਲ ਪਿਛਲੇ 70 ਸਾਲ ਤੋਂ ਹੋ ਰਹੇ ਲੋਕ ਸੰਗੀਤ ਮੇਲੇ ਨੂੰ ਪੰਜਾਬ ਆਰਟਸ ਕੌਸਲ ਤੇ ਸਭਿਆਚਾਰਕ ਮਾਮਲੇ ਵਿਭਾਗ ਜ਼ਰੂਰ ਸਰਪ੍ਰਸਤੀ ਦੇਵੇ। 
ਉਨ੍ਹਾਂ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਤੇ ਪੰਜਾਬ ਦੇ ਖੁਰਾਕ ਮੰਤਰੀ ਸ਼੍ਰੀ ਭਾਰਤ ਭੂਸ਼ਨ ਆਸ਼ੂ ਦਾ ਸੁਨੇਹਾ ਪਹੁੰਚਾਇਆ ਕਿ ਇਸ ਮੇਲੇ ਨੂੰ ਅਗਲੇ ਸਾਲ ਤੋਂ ਵਿਸ਼ਾਲ ਲੋਕ ਗਾਇਕੀ ਮੇਲੇ ਵਜੋਂ ਵਿਕਸਤ ਕਰਨ ਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। 
ਇਸ ਮੇਲੇ ਦੇ ਮੁੱਖ ਪ੍ਰਬੰਧਕ ਕਰਤਾਰ ਯਮਲਾਜੱਟ, ਕਸ਼ਮੀਰ ਯਮਲਾ ਜੱਟ, ਸੁਰੇਸ਼ ਯਮਲਾਜੱਟ ਤੇ ਪਰਿਵਾਰ ਨੇ ਸਮੂਹ ਕਲਾਕਾਰਾਂ ਨੂੰ ਜੀ ਆਇਆਂ ਨੂੰ ਕਿਹਾ। 
ਗੁਰਦਾਸਪੁਰ ਤੋਂ ਆਏ ਯਮਲਾਜੱਟ ਦੇ ਸ਼ਾਗਿਰਦ ਕਲਾਕਾਰਾਂ ਉਸਤਾਦ ਅਮਰੀਕ ਸਿੰਘ ਗਾਜ਼ੀਨੰਗਲ, ਨਿਰਮਲ ਸਿੰਘ ਨਿੰਮਾ ਬੋਬਾਂ ਵਾਲਾ, ਮੇਸ਼ੀ ਮਾਣਕ, ਰਮੇਸ਼ ਲੁਧਿਆਣਵੀ,ਮੰਗਲ ਮੰਗੀ ਯਮਲਾ ਹਜਰਾਵਾਂ ਵਾਲਾ , ਸੁਖਜਿੰਦਰ ਯਮਲਾ ਜੱਟ,ਸੁਲਤਾਨ, ਉਸਤਾਦ ਯਮਲਾ ਦੇ ਪੜਪੋਤਰੇ ਤਰੁਣ ਯਮਲਾਜੱਟ,ਭੋਲਾ  ਯਮਲਾ, ਲੋਕ ਗਾਇਕਾ ਮੰਨਤ ਬਾਜਵਾ, ਜੇ ਮਾਹੀ, ਸੱਤਪਾਲ ਸੋਖਾ, ਅਮਰਜੀਤ ਸ਼ੇਰਪੁਰੀ, ਗਿੱਲ ਰਣਸੀਂਹ ਕਲਾਂ,ਮੋਹਨ ਭਾਮੀਆਂ ਤੇ ਹੋਰ ਕਲਾਕਾਰਾਂ ਨੇ ਚੰਗਾ ਰੰਗ ਬੰਨ੍ਹਿਆ। 
ਇਸ ਮੇਲੇ ਨੂੰ ਮਾਲਵਾ ਟੀ ਵੀ ਨੇ ਨਾਲੋ ਨਾਲ ਲਾਈਵ ਟੈਲੀਕਾਸਟ ਕੀਤਾ। ਮੰਚ ਸੰਚਾਲਨ ਮੋਹਨ ਭਾਮੀਆ ਨੇ ਬੜੇ ਸਲੀਕੇ ਨਾਲ ਕੀਤੀ। 
ਹਲਕੇ ਦੇ ਕੌਸਲਰ ਬਲਜਿੰਦਰ ਸਿੰਘ ਬੰਟੀ, ਸਾਬਕਾ ਕੌਸਲਰ ਹੰਸ ਰਾਜ ਜੱਸਾ, ਪਿੰਡ ਦਾਦ ਦੇ ਸਰਪੰਚ ਸ: ਜਗਦੀਸ਼ਪਾਲ ਸਿੰਘ ਗਰੇਵਾਲ, ਬਲਕਾਰ ਸਿੰਘ ,ਪੰਜਾਬੀ ਲੇਖਕ ਸਰਬਜੀਤ ਵਿਰਦੀ ਤੇ ਜਸਬੀਰ ਸਿੰਘ ਘੁਲਾਲ ਨੇ ਵੀ ਮੇਲੇ ਵਿੱਚ ਭਰਵੀਂ ਹਾਜ਼ਰੀ ਲੁਆਈ।