ਕਵਿਤਾ / ਅਹਿਸਾਸ / ਮਧੂ ਵਰਮਾ .
ਹੁਣ ਮੈਂ ਤੇ ਮੇਰੀ ਕਲਮ
ਨਿੱਤ ਤੇਰੀਆਂ ਹੀ ਗੱਲਾਂ ਕਰਦੇ ਹਾਂ
ਤੇਰੇ ਵਿਛੜੇ ਹੋਏ ਖਿਆਲਾਂ ਨੂੰ ਮੈਂ
ਅਕਸਰ ਸ਼ਬਦਾਂ ਵਿਚ ਲਿਖਦੀ ਹਾਂ
ਮੈਂ ਜਦੋਂ ਸ਼ਬਦ ਉਕੇਰਦੀ ਹਾਂ ਕਿਸੇ ਪੰਨੇ 'ਤੇ
ਤਾਂ ਲੋਕੀਂ ਵਾਹ-ਵਾਹ ਕਰਦੇ ਨੇ
ਮੈਂ ਹੈਰਾਨ ਜਿਹੀ ਹੋ ਸੋਚਾਂ ਕਿਉਂ ਲੋਕੀਂ
ਵਾਹ-ਵਾਹ ਕਰਦੇ ਨੇ
ਮੈਂ ਤਾਂ ਸਿਰਫ਼ ਅਹਿਸਾਸਾਂ ਨੂੰ ਸ਼ਬਦਾਂ ਵਿਚ ਲਿਖਦੀ ਹਾਂ
ਜਦੋਂ ਕਲਮ ਨਹੀਂ ਸੀ ਫੜੀ ਮੈਂ
ਉਦੋਂ ਕੰਧਾਂ ਨਾਲ ਮੇਰੀ ਸਾਂਝ ਸੀ
ਬੇਜਾਨ ਕੰਧਾਂ ਮੈਨੂੰ ਸੁਣਦੀਆਂ ਤਾਂ ਸਨ
ਪਰ ਮੇਰੇ ਸਵਾਲਾਂ ਦਾ ਜਵਾਬ ਨਹੀਂ ਸਨ ਦੇਂਦੀਆਂ
ਅਹਿਸਾਸ ਅੱਜ ਵੀ ਉਹੀ ਨੇ
ਫ਼ਰਕ ਸਿਰਫ਼ ਏਨਾ ਏ
ਉਦੋਂ ਸਿਰਫ਼ ਕੰਧਾਂ ਸੁਣਦੀਆਂ ਸਨ
ਤੇ ਹੁਣ ਸਾਰੇ ਹੀ ਸੁਣਦੇ ਨੇ
ਮੇਰੀ ਕਲਮ ਮੇਰੇ ਅਹਿਸਾਸਾਂ ਨੂੰ
ਲੋਕਾਂ ਤੱਕ ਪਹੁੰਚਾਉਂਦੀ ਏ
ਪਰ ਅਹਿਸਾਸ ਤਾਂ ਉਦੋਂ ਵੀ ਇਹੀ ਸਨ
ਤੇ ਅੱਜ ਵੀ ਇਹੀ ਨੇ
ਫ਼ਰਕ ਹੈ ਤਾਂ ਸਿਰਫ਼ ਏਨਾ
ਕਿ ਹੁਣ ਇਹਨਾਂ ਨੇ ਸ਼ਬਦਾਂ ਦਾ ਲਿਬਾਸ ਪਹਿਨ ਲਿਆ ਏ...