ਅੱਜ ਕੇਹੀ ਵਿਸਾਖੀ ਆਈ ਹੈ.

 

ਅੰਦਰ ਵੜੇ ਨੇ ਸਾਰੇ, ਅੱਜ ਕੇਹੀ ਵਿਸਾਖੀ ਆਈ ਹੈ

ਕੋਰੋਨਾ ਵਿਸ਼ਾਣੂ ਦਾ ਕਹਿਰ, ਚਹੁੰ ਤਰਫ ਤਬਾਹੀ ਹੈ

ਸੂਝਵਾਨ, ਸਰਕਾਰ, ਸਿਆਣੇ ਜ਼ੋਰ ਜ਼ੋਰ ਨਾਲ ਕਹਿਣ ਪਏ

ਇੰਜ ਕਰਨ ਦੇ ਵਿਚ ਹੀ ਤਾਂ ਖਲਕਤ ਦੀ ਭਲਾਈ ਹੈ।




ਉਹ ਦਿਨ ਵੀ ਸਨ ਬਚਪਨ ਵਾਲੇ, ਲਉ ਵਿਸਾਖੀ ਆਈ ਹੈ

ਵਿੰਹਦੇ ਸਾਂ, ਚਾਅ ਹੁੰਦਾ ਸੀ, ਹਰ ਪਾਸੇ ਰੌਣਕ ਲਾਈ ਹੈ

ਨੱਚਦੇ ਟੱਪਦੇ, ਭੰਗੜਾ ਪਾਉਂਦੇ , ਖਾਣ ਪੀਣ ਦੀ ਮੌਜ ਬੜੀ

ਮੱਥਾ ਟੇਕਦੇ, ਮੇਲਾ ਵਿੰਹਦੇ, ਕਿਉਂ ਅਜਬ  ਵਿਸਾਖੀ ਆਈ ਹੈ।


ਸੋਨੇ ਰੰਗੀਆਂ ਕਣਕਾਂ ਪੱਕੀਆਂ, ਵਾਢੀ ਦੀ ਰੁੱਤ ਆਈ ਹੈ

ਖੇਤੀ ਕਾਮੇ ਨਜ਼ਰ ਨਾ ਆਉਂਦੇ , ਜੱਟ ਦੀ ਰੂਹ ਘਬਰਾਈ ਹੈ

ਹਊਗੀ ਹਾੜ੍ਹੀ ਸਾਂਭ ਕਿਵੇਂ ਹੁਣ, ਖੜ੍ਹੀ ਸਾਹਮਣੇ ਔਖੀ ਘੜੀ

ਸਾਉਣੀ ਦਾ ਹੈ ਫਿਕਰ ਵੀ ਪੱਲੇ, ਕੈਸੀ ਕਿਰਤ ਕਮਾਈ ਹੈ ।


ਸਿਰਲੱਥੇ ਸੂਰਬੀਰਾਂ ਦੀ ਵੀ ਅੱਜ ਯਾਦ ਕਹਾਣੀ ਆਈ ਹੈ

1919 ਦੀ ਖੂਨੀ ਵਿਸਾਖੀ ਵੀ,  ਅੱਜ ਯਾਦ ਕੁਰਬਾਨੀ ਆਈ ਹੈ

ਜ਼ਾਲਮ ਡਾਇਰ ਦੀ ਗੋਲੀ, ਖੂਨੀ ਹੋਲੀ, ਹੈ ਅੱਜ ਵੀ ਖੌਫਜ਼ਦਾ

ਸਹਿਮੇ ਡਰੇ ਖੜ੍ਹੇ ਨੇ ਸਾਰੇ, ਅੱਜ ਕੇਹੀ ਵਿਸਾਖੀ ਆਈ ਹੈ।


ਗੁਰੂਆਂ ਵਲੋਂ ਵੱਡੀ ਕੁਰਬਾਨੀ ਵੀ ਅੱਜ ਯਾਦ ਆਈ ਹੈ

ਮਜ਼ਲੂਮਾਂ ਦੀ ਮਦਦ ਕਰਨ ਦੀ ਜੋ ਵਧੀਆ ਪਿਰਤ ਚਲਾਈ ਹੈ

ਜਦੋਂ ਹੁਣ ਯਾਦ ਆਉਂਦੀ ਹੈ ਸ਼ਮਸ਼ੀਰ ਨੱਚਦੀ ਜਵਾਨੀ ਦੀ

ਤਾਂ  ਯਾਦ ਫਿਰ ਆਨਂੰਦਪੁਰ ਦੀ ਵਿਸਾਖੀ ਹੀ ਆਈ ਹੈ।


ਮਨੁੱਖ ਨੇ ਕੁਦਰਤ ਨਾਲ ਖਿਲਵਾੜ ਦੀ ਜੋ ਝੜੀ ਲਾਈ ਹੈ

ਕਾਦਰ ਨੇ ਕੀਤੀ ਅੱਜ ਸਾਰੀ ਦੁਨੀਆ ਦੀ ਰਾਹ ਦਿਖਲਾਈ ਹੈ

ਖਲਾਅ'ਚ ਗੂੰਜਦੀ ਲੱਗਦੀ ਸ੍ਰੀ ਦਸ਼ਮੇਸ਼ ਦੀ ਲਲਕਾਰ, ਫਿਰ ਇਕ ਵਾਰ

ਭਟਕਦੀ  ਲੋਕਾਈ ਚੋਂ ਅਗੰਮੜੇ ਲਾਲ ਚੁਨਣ ਦੀ ਫਿਰ ਘੜੀ ਆਈ ਹੈ।

 

ਸਹਿਮੇ ਹੋਏ ਨੇ ਸਾਰੇ ਕਿਸ ਤਰ੍ਹਾਂ, ਅੱਜ ਕੇਹੀ ਵਿਸਾਖੀ ਆਈ ਹੈ

ਬਣੀਏ ਸੱਚੇ, ਕਰੀਏ ਕੰਮ ਸੱਚੇ, ਗੱਲ ਗੁਰੂਆਂ ਨੇ ਇਹੋ ਸਮਝਾਈ ਹੈ

ਯਾਦ ਰੱਖੀਏ ਉਸ ਪ੍ਰਮਾਤਮਾ ਨੂੰ, ਰਹੀਏ ਜੁੜੇ ਸਦਾ ਆਪਣੀ ਕਿਰਤ ਦੇ ਨਾਲ

ਫਿਰ ਵੇਖੋ ਹੁੰਦੀ ਬਰਕਤ ਦੂਣ ਸਵਾਈ ਹੈ, ਵਿਸਾਖੀ ਆਈ ਹੈ, ਰੌਣਕ ਲਾਈ ਹੈ।


ਕਰੀਏ ਅਰਦਾਸ, ਰੱਬੀ ਰਹਿਮ ਹੋਵੇ, ਸਾਰਿਆਂ ਤੇ ਲੱਗੇ ਖੁਸ਼ੀ ਛਾਈ ਹੈ

ਫਿਰ ਵੱਜਣ ਢੋਲ, ਪੈਣ ਭੰਗੜੇ, ਮੁਟਿਆਰਾਂ ਗਿਧਿਆਂ ਦੀ ਛਹਿਬਰ ਲਾਈ ਹੈ

ਖੁਸ਼ੀਆਂ ਦੀ ਲੋਰ, ਵਿਚ ਉਡਾਰੀਆਂ ਮਾਰਨ ਬੱਚੇ, ਬੁਢੇ, ਨੌਜਵਾਨ ਸਾਰੇ

ਕਹਿਣ  ਵਾਹ ਵਿਸਾਖੀ ਆਈ ਹੈ, ਕੇਹੀ ਵਿਸਾਖੀ ਆਈ ਹੈ।


                                                    -   ਜਗਤਾਰ ਸਿੰਘ ਧੀਮਾਨ


                                                       ਰਜਿਸਟਰਾਰ, ਸੀ ਟੀ ਯੂਨੀਵਰਸਟੀ, ਲੁਧਿਆਣਾ