ਬੰਦੇ ਦੀ ਪੁਕਾਰ.

ਹੁਣ ਆ ਬਾਬਾ, ਹੁਣ ਆ ਬਾਬਾ

ਸਾਡੀ ਵੱਡੀ ਭੁੱਲ ਬਖਸ਼ਾ ਬਾਬਾ


ਸਾਨੂੰ ਹੋਈ ਬੜੀ ਸ਼ਰਮਿੰਦਗੀ ਏ

ਪਰ ਤੇਰੇ ਕੋਲ ਬਖਸ਼ਿੰਦਗੀ ਏ

ਤੇਰੇ ਹੱਥ ਹੀ ਸਭ ਦੀ ਜ਼ਿੰਦਗੀ ਏ

ਸਾਨੂੰ ਪਾ ਹੁਣ ਸਿੱਧੇ ਰਾਹ ਬਾਬਾ

ਹੁਣ ਆ ਬਾਬਾ, ਹੁਣ ਆ ਬਾਬਾ

ਸਾਡੀ ਵੱਡੀ ਭੁੱਲ ਬਖਸ਼ਾ ਬਾਬਾ॥

 

ਖੇਤਾਂ ਵਿਚ ਫਸਲਾਂ ਰੁਲ ਗਈਆਂ

ਸਾਨੂੰ ਸਾਰੀਆਂ ਖੁਸ਼ੀਆਂ ਭੁੱਲ ਗਈਆਂ

ਪਾਪਾਂ ਦੀਆਂ ਗਠੜੀਆਂ ਖੁੱਲ੍ਹ ਗਈਆਂ

ਤੂੰ ਐਂਵੇਂ ਨਾਂ ਤਰਸਾਅ ਬਾਬਾ

ਹੁਣ ਆ ਬਾਬਾ, ਹੁਣ ਆ ਬਾਬਾ

ਸਾਡੀ ਵੱਡੀ ਭੁੱਲ ਬਖਸ਼ਾ ਬਾਬਾ ॥


ਅੱਜ ਦਿਨ ਹੈ ਗੁਰੂਆਂ ਪੀਰਾਂ ਦਾ

ਹਿੰਮਤ, ਸਿਦਕ, ਸ਼ਕਤੀ ਤੇ ਧੀਰਾਂ ਦਾ

ਜਿਨ੍ਹ ਮੋਇਆਂ'ਚ ਜਿੰਦ ਵਸਾਈ ਸੀ

ਹੁਣ ਪਲ ਦਾ ਨਹੀਂ ਵਸਾਹ ਬਾਬਾ

ਹੁਣ ਆ ਬਾਬਾ, ਹੁਣ ਆ ਬਾਬਾ

ਸਾਡੀ ਵੱਡੀ ਭੁੱਲ ਬਖਸ਼ਾ ਬਾਬਾ ॥


ਤੂੰ ਵੱਡਾ ਪੁਰਖ ਵਿਧਾਤਾ ਏ

ਖਲਕਤ ਦਾ ਪਿਤਾ ਤੇ ਮਾਤਾ ਏ

ਤੇਰੇ ਨਾਲ ਹੀ ਮੁੱਢਲਾ ਨਾਤਾ ਏ

ਹੁਣ ਜ਼ੁਲਮ ਨਾ ਐਨਾਂ ਢਾਹ ਬਾਬਾ

ਹੁਣ ਆ ਬਾਬਾ, ਹੁਣ ਆ ਬਾਬਾ

ਸਾਡੀ ਵੱਡੀ ਭੁੱਲ ਬਖਸ਼ਾ ਬਾਬਾ ॥


'ਤੈਂਅ ਕੀ ਦਰਦ ਨਾ ਆਇਆ' ਦਾ

ਰਾਗ ਤੂੰ ਹੀਂ ਤਾਂ ਗਾਇਆ ਸੀ

ਇਨ੍ਹਾਂ ਵੱਡੇ ਨਾਢੂ ਖਾਨਾਂ ਨੂੰ

ਤੂੰ ਹੀ ਤਾਂ ਰਾਹੇ ਪਾਇਆ ਸੀ

ਤੇਰੇ ਨੀਚ ਨਿਮਾਣੇ ਬੰਦਿਆਂ ਦੀ

ਬੇੜੀ ਹੁਣ ਬੰਨੇ ਲਾ ਬਾਬਾ

ਹੁਣ ਆ ਬਾਬਾ, ਹੁਣ ਆ ਬਾਬਾ

ਸਾਡੀ ਵੱਡੀ ਭੁੱਲ ਬਖਸ਼ਾ ਬਾਬਾ


              -   ਮਨਜੀਤ ਕੌਰ ਧੀਮਾਨ