ਕਵਿਤਾ / ਦਿਲ ਉਦਾਸ ਏ /ਮਧੂ ਵਰਮਾ .
ਬਾਪੂ ਮੇਰਾ ਫਰਜ਼ਾਂ ਦੀ ਚੱਕੀ ਵਿੱਚ ਫਸਿਆ
ਬੁੱਢੇ ਵਾਰੇ ਉਹਨੂੰ ਜਿੰਮੇਵਾਰੀਆਂ ਨੇ ਡੱਸਿਆ
ਕਬੀਲਦਾਰੀ ਦਾ ਬੋਝ ਉਹਦੇ ਸਿਰ ਬੇਸ਼ੁਮਾਰ ਏ
ਸੋਚ ਸੋਚ ਬਾਪੂ ਬਾਰੇ ਦਿਲ ਜਾਵੇ ਬੈਠਦਾ
ਦਿਲ ਹੈ ਉਦਾਸ ਤਾਹੀਉਂ ਰੂਹ ਵੀ ਉਦਾਸ ਏ...
ਬਾਪੂ ਲਈ ਸੱਭ ਕੁਝ ਹੱਸ ਕੇ ਮੈਂ ਜਰ ਗਈ
ਮੇਰੇ ਹਾਸੇ ਵੇਖ ਕਹਿਣ ਕੁੜੀ ਸੌਖੀ ਲੱਗਦੀ
ਬਾਪੂ ਦਾ ਮੈਂ ਸ਼ੇਰ ਬਣ ਸੱਭ ਕੁਝ ਸਹਿ ਲਿਆ
ਦੁੱਖਾਂ ਦਾ ਹੋਣ ਦਿੱਤਾ ਉਹਨੂੰ ਅਹਿਸਾਸ ਏ
ਦਿਲ ਵੀ ਉਦਾਸ ਉਂਜ ਰੂਹ ਵੀ ਉਦਾਸ ਏ...
ਸਹੁਰੇ ਘਰ ਬਾਪੂ ਮੇਰਾ ਯਾਦ ਬਹੁਤ ਆਉਂਦਾ ਏ
ਕਦੀ ਕਦੀ ਉਹ ਮੈਨੂੰ ਮਿਲਣ ਵੀ ਆਉਂਦਾ ਏ
ਆਪਣੇ ਨਾਲ ਮਾਂ ਵਾਲਾ ਦਿਲ ਵੀ ਲਿਆਉਂਦਾ ਏ
ਫਿਰ ਸਾਡੀਆਂ ਬਾਤਾਂ ਵਾਲੀ ਮੁੱਕਦੀ ਨਾ ਡਾਰ ਏ
ਦਿਲ ਵੀ ਉਦਾਸ ਮੇਰੀ ਰੂਹ ਵੀ ਉਦਾਸ ਏ...
ਬਾਪੂ ਮੇਰੇ ਨੇ ਸੁਪਨੇ ਸਜਾਏ ਸੀ ਬਹੁਤ
ਯਾਦਾਂ ਵਾਲੇ ਝੋਰੇ ਸੀਨੇ ਲਾਏ ਸੀ ਬਹੁਤ
ਉਹਦੇ ਦਿਲ ਵਿਚੋਂ "ਧੀਰਜ" ਵਾਲੀ ਮੁੱਕਦੀ ਨਾ ਬਾਤ ਏ
ਦਿਲ ਵੀ ਉਦਾਸ ਮੇਰੀ ਰੂਹ ਵੀ ਉਦਾਸ ਏ...