ਸਾਦਾ ਢੰਗ ਨਾਲ ਹੋਇਆ ਭਾਈ ਜਗੀਰ ਸਿੰਘ ਦੇ ਬੇਟੇ ਕਥਾਵਾਚਕ ਦਵਿੰਦਰ ਸਿੰਘ ਦਾ ਵਿਆਹ .

ਬਲਜੀਤ ਸਿੰਘ 

ਲੁਧਿਆਣਾ, 15 ਅਪਰੈਲ :ਕਰੋਨਾ ਵਾਇਰਸ ਕਾਰਨ ਹੋਏ ਲੋਕ ਡਾਊਨ ਅਤੇ ਕਰਫਿਊ ਲਾਗੂ ਹੋਣ ਦੇ ਚੱਲਦੇ ਸਮਾਜਿਕ ਦੂਰੀ ਦੇ ਨਿਰਦੇਸ਼ਾਂ ਦੇ ਮੱਦੇਨਜ਼ਰ ਭਾਈ ਜਗੀਰ ਸਿੰਘ ਦੇ ਸਪੁੱਤਰ ਦਵਿੰਦਰ ਸਿੰਘ ਕਥਾ ਵਾਚਕ ਅਤੇ ਪਿੰਡ ਮੋਦੇ ਛੇਹਰਟਾ ਨਿਵਾਸੀ ਕਾਰਜ ਸਿੰਘ ਦੀ ਸਪੁੱਤਰੀ ਬੀਬੀ ਬਲਜੀਤ ਕੌਰ ਦਾ ਵਿਆਹ ਅਤਿਅੰਤ ਸਾਦੇ ਢੰਗ ਨਾਲ ਸੰਪੰਨ ਹੋਇਆ । ਵਿਆਹ ਸਮੇਂ ਦੋਹਾਂ ਦੇ ਮਾਤਾ ਪਿਤਾ ਹੀ ਸ਼ਾਮਲ ਹੋਏ ਬਲਜੀਤ ਕੌਰ ਆਪਣੇ ਮਾਤਾ ਪਿਤਾ ਨਾਲ ਪਿੰਡ ਮੋਦੇ ਤੋਂ ਲੁਧਿਆਣਾ ਵਿਖੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਭਾਈ ਰਣਧੀਰ ਸਿੰਘ ਨਗਰ ਈ ਬਲਾਕ ਵਿਖੇ ਪੁੱਜੀ ਜਿੱਥੇ ਦਵਿੰਦਰ ਸਿੰਘ ਆਪਣੇ ਮਾਤਾ-ਪਿਤਾ ਨਾਲ ਮੌਜੂਦ ਸਨ ਅਨੰਦ ਕਾਰਜ ਗੁਰੂ ਮਰਿਆਦਾ ਅਨੁਸਾਰ ਬਹੁਤ ਹੀ ਸਾਦੇ ਢੰਗ ਨਾਲ ਹੋਇਆ ।
           ਇਹ ਜਾਣਕਾਰੀ ਦਿੰਦਿਆਂ ਭਾਈ ਜਗੀਰ ਸਿੰਘ ਨੇ ਦੱਸਿਆ ਕਿ ਵਿਆਹ ਦੀ ਤਰੀਕ ਕਈ ਮਹੀਨੇ ਪਹਿਲਾਂ ਨਿਸ਼ਚਿਤ ਕੀਤੀ ਗਈ ਸੀ ਜਿਸ ਦੇ ਚੱਲਦੇ ਦੋਹਾਂ ਪਰਿਵਾਰਾਂ ਵੱਲੋਂ ਸਾਰੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਸਨ ਅਤੇ ਕਾਰਡ ਵੀ ਰਿਸ਼ਤੇਦਾਰਾਂ ਅਤੇ ਮਿੱਤਰ ਸਨੇਹੀਆਂ ਨੂੰ ਵੰਡੇ ਜਾ ਚੁੱਕੇ ਸਨ ਅਤੇ ਪੈਲੇਸ ਵੀ ਬੁੱਕ ਕਰਵਾ ਦਿੱਤਾ ਗਿਆ ਸੀ । ਪਰ ਕਰਫਿਊ ਲੱਗ ਜਾਣ ਕਾਰਨ ਪੈਦਾ ਹੋਈ ਸਥਿਤੀ ਵਿੱਚ ਦੋ ਵਾਰ ਵਿਆਹ ਦੀ ਤਰੀਕ ਅੱਗੇ ਪਾਈ ਗਈ ਲੇਕਿਨ ਅਖੀਰ ਲੜਕੀ ਦੇ ਪਿਤਾ ਕਾਰਜ ਸਿੰਘ ਨੇ ਪਰਿਵਾਰਾਂ ਦੀ ਸਹਿਮਤੀ ਨਾਲ ਸੀਮਤ ਲੋਕਾਂ ਦੀ ਹਾਜ਼ਰੀ ਵਿੱਚ ਆਨੰਦ ਕਾਰਜ ਦੀਆਂ ਰਸਮਾਂ ਪੂਰੀਆਂ ਕਰਨ ਦਾ ਫੈਸਲਾ ਕੀਤਾ ਅਤੇ ਲੁਧਿਆਣਾ ਆਏ । ਡਿਪਟੀ ਕਮਿਸ਼ਨਰ ਤੋਂ ਪ੍ਰਵਾਨਗੀ ਲੈ ਕੇ ਦੋਹਾਂ ਪਰਿਵਾਰਾਂ ਨੇ ਸਾਦਾ ਢੰਗ ਨਾਲ ਕਾਰਜ ਨੇਪਰੇ ਚਾੜ੍ਹਿਆ । ਇਸ ਮੌਕੇ ਭਾਈ ਜਗੀਰ ਸਿੰਘ ਅਤੇ ਕਰਨ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੀ ਆਪਣੇ ਬੱਚਿਆਂ ਦੇ ਵਿਆਹ ਸਾਦਗੀ ਨਾਲ ਕਰਨ ਅਤੇ ਫਜ਼ੂਲ ਖਰਚੀ ਤੋਂ ਬਚਣ । ਉਨ੍ਹਾਂ ਕਿਹਾ ਕਿ ਬੇਸ਼ੱਕ ਕਰਫ਼ਿਊ ਅਤੇ ਲੋਕ ਡਾਉਣ ਕਾਰਨ ਹੀ ਇਹ ਕਦਮ ਉਨ੍ਹਾਂ ਨੂੰ ਉਠਾਉਣਾ ਪਿਆ ਪ੍ਰੰਤੂ ਇਹ ਦੋਹਾਂ ਪਰਿਵਾਰਾਂ ਲਈ ਇੱਕ ਪ੍ਰੇਰਨਾਦਾਇਕ ਮਿਸਾਲ ਬਣ ਗਿਆ ਅਤੇ ਹੁਣ ਉਹ ਹੋਰਨਾਂ ਨੂੰ ਵੀ ਸਾਦਗੀ ਨਾਲ ਵਿਆਹ ਆਦਿ ਖੁਸ਼ੀ ਦੇ ਕਾਰਜ ਕਰਨ ਦੀ ਪ੍ਰੇਰਨਾ ਦੇ ਰਹੇ ਹਨ ਕਿਉਂਕਿ ਸਾਦਗੀ ਵਿੱਚ ਹੀ ਅਸੀਮ ਖੁਸ਼ੀ ਅਤੇ ਵਾਹਿਗੁਰੂ ਦੀਆਂ ਅਪਾਰ ਬਖਸ਼ਿਸ਼ਾਂ ਦਾ ਖਜ਼ਾਨਾ ਹੈ ।