ਤ੍ਰੈਮਾਸਿਕ ਪੱਤਰ ਪਰਵਾਸ ਦੇ ਕਰੋਨਾ ਵਾਇਰਸ ਦੇ ਪ੍ਰਭਾਵ ਸਬੰਧੀ ਔਨਲਾਈਨ ਅੰਕ ਰਿਲੀਜ਼.
ਲਲਿਤ ਬੇਰੀ
ਲੁਧਿਆਣਾ: 15ਅਪਰੈਲ
ਗੁਜਰਾਂਵਾਲਾ ਗੁਰੂ ਨਾਨਕ ਖ਼ਾਲਸਾ ਕਾਲਜ ਲੁਧਿਆਣਾ ਦੇ ਪਰਵਾਸੀ ਸਾਹਿਤ ਅਧਿਐਨ ਕੇਂਦਰ ਵੱਲੋਂ ਡਾ. ਸ. ਪ. ਸਿੰਘ ਸਾਬਕਾ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ, ਤੇ ਪ੍ਰਧਾਨ ਗੁੱਜਰਾਂਵਾਲਾ ਖਾਲਸਾ ਐਜੂਕੇਸ਼ਨਲ ਕੌਂਸਲ ਦੀ ਸੁਯੋਗ ਅਗਵਾਈ ਅਧੀਨ ਤ੍ਰੈ ਮਾਸਿਕ ਪੱਤਿ੍ਕਾ ਪਰਵਾਸ ਵੱਲੋਂ ਸੱਠ ਪੰਨਿਆਂ ਦਾ ਕਰੋਨਾ ਵਿਸ਼ੇਸ਼ ਅੰਕ ਪਾਠਕਾਂ ਦੇ ਸਨਮੁੱਖ ਕੀਤਾ ਗਿਆ ਹੈ।
ਇਸ ਮੈਗਜ਼ੀਨ ਦੇ ਔਨਲਾਈਨ ਐਡੀਸ਼ਨ ਨੂੰ ਜਾਰੀ ਕਰਦਿਆਂ ਡਾ: ਸ ਪ ਸਿੰਘ ਨੇ ਕਿਹਾ ਕਿ ਅੱਜ ਸਮੁੱਚਾ ਵਿਸ਼ਵ ਕਰੋਨਾ ਨਾਂ ਦੀ ਮਹਾਂਮਾਰੀ ਨਾਲ ਜੂਝ ਰਿਹਾ ਹੈ। ਇਸ ਬੀਮਾਰੀ ਦੇ ਫੈਲਾਅ ਲਈ ਮੀਡੀਆ ਦੇ ਇੱਕ ਹਿੱਸੇ ਤੇ ਸੋਸ਼ਲ ਮੀਡੀਆ ਚ ਕੁੰਝ ਗੈਰਜੁੰਮੇਵਾਰ ਲੋਕਾਂ ਨੇ ਕੂੜ ਪ੍ਰਚਾਰ ਕੀਤਾ ਕਿ ਇਸ ਵਬਾ ਦੇ ਫ਼ੈਲਣ ਵਿੱਚ ਪਰਵਾਸੀ ਵੀਰ ਜ਼ਿੰਮੇਵਾਰ ਹਨ। ਉਨ੍ਹਾਂ ਕਿਹਾ ਕਿ ਗੀਤਾਂ, ਚੁਟਕਲਿਆਂ ਤੇ ਅਨੇਕਾਂ ਪ੍ਰਕਾਰ ਦੇ ਵਿਅੰਗਾਂ ਰਾਹੀਂ ਪਰਵਾਸੀਆਂ ਨੂੰ ਦੋਸ਼ੀ ਠਹਿਰਾਇਆ ਗਿਆ ਜੋ ਕਿ ਕਿਸੇ ਤਰ੍ਹਾਂ ਵੀ ਵਾਜਬ ਨਹੀਂ ਸਨ।
ਜੀ. ਜੀ. ਐਨ. ਖਾਲਸਾ ਕਾਲਜ ਦੇ ਅਦਾਰੇ ਪਰਵਾਸੀ ਸਾਹਿਤ ਅਧਿਅਨ ਕੇਂਦਰ ਨੇ ਪਰਵਾਸ ਪੱਤਿ੍ਕਾ ਰਾਹੀਂ ਪੰਜਾਬੀਆਂ ਬਾਰੇ ਪਾਏ ਜਾ ਰਹੇ ਭਰਮਾਂ ਦਾ ਖੰਡਨ ਕਰਨ ਤੇ ਪਰਵਾਸੀ ਪੰਜਾਬੀ ਲੇਖਕਾਂ ਦੀਆਂ ਇਸ ਸਮੇਂ ਦੀਆਂ ਭਾਵਨਾਵਾਂ ਨੂੰ ਕਵਿਤਾਵਾਂ, ਲੇਖ, ਬੋਲੀਆਂ ਤੇ ਹੋਰ ਵਿਭਿੰਨ ਸਾਹਿਤ ਰੂਪਾਂ ਰਾਹੀਂ ਪੇਸ਼ ਕੀਤਾ ਗਿਆ ਹੈ।
ਇਸ ਅੰਕ ਵਿੱਚ ਅਮਰੀਕਾ, ਕੈਨੇਡਾ, ਇਟਲੀ, ਜਰਮਨੀ, ਜਾਪਾਨ, ਇੰਗਲੈਂਡ, ਆਸਟ੍ਰੇਲੀਆ ਤੇ ਹੋਰ ਅਨੇਕਾਂ ਮੁਲਕਾਂ ਵਿੱਚ ਵੱਸਦੇ 25 ਦੇ ਕਰੀਬ ਪਰਵਾਸੀ ਲੇਖਕਾਂ ਦੀਆਂ ਰਚਨਾਵਾਂ ਸ਼ਾਮਿਲ ਹਨ।
ਕਾਲਜ ਦੇ ਪ੍ਰਿੰਸੀਪਲ ਡਾ ਅਰਵਿੰਦਰ ਸਿੰਘ ਭੱਲਾ ਤੇ ਮੁੱਖ ਸਲਾਹਕਾਰ ਪ੍ਰੋ: ਗੁਰਭਜਨ ਸਿੰਘ ਗਿੱਲ ਨੇ ਪਰਵਾਸੀ ਲੇਖਕਾਂ ਨੂੰ ਰਚਨਾਵਾਂ ਭੇਜਣ ਲਈ ਉਨ੍ਹਾਂ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਪਰਵਾਸ ਦਾ ਇਹ ਕਰੋਨਾ ਵਿਸ਼ੇਸ਼ ਅੰਕ ਪੰਜਾਬੀਆਂ ਤੇ ਪਰਵਾਸੀ ਪੰਜਾਬੀਆਂ ਅੰਦਰ ਪਹਿਲਾਂ ਦੀ ਤਰ੍ਹਾਂ ਹੀ ਪ੍ਰੇਮ ਭਾਈਚਾਰਾ ਕਾਇਮ ਕਰਨ ਵਿੱਚ ਵਿਸ਼ੇਸ਼ ਭੂਮਿਕਾ ਅਦਾ ਕਰੇਗਾ।
ਇਸ ਅੰਕ ਵਿੱਚ ਅਮਰਜੀਤ ਸਿੰਘ ਗਰੇਵਾਲ ਤੇ ਡਾ: ਪਿਰਥੀਪਾਲ ਸਿੰਘ ਸੋਹੀ ਦੇ ਬੜੇ ਮਹੱਤਵਪੂਰਨ ਲੇਖ ਹਨ। ਇਸ ਅੰਕ ਚ ਪ੍ਰਮੁੱਖ ਕਵੀ ਰਵਿੰਦਰ ਰਵੀ, ਮੋਹਨ ਗਿੱਲ, ਸੁਖਿੰਦਰ, ਕੁਲਵਿੰਦਰ ਖਹਿਰਾ, ਗੁਰਪ੍ਰੀਤ ਸਿੰਘ ਚਾਹਲ, ਸੁੱਖ ਬਰਾੜ, ਗੁਰਦੀਸ਼ ਕੌਰ ਗਰੇਵਾਲ, ਰਵਿੰਦਰ ਕੌਰ ਨੱਤ, ਰਾਮਿੰਦਰ ਰੰਮੀ ਵਾਲੀਆ ਅਮਰੀਕਾ ਤੋਂ ਰਮਨ ਵਿਰਕ, ਜੱਸ ਔਲਖ,ਡਾ: ਪਿਰਥੀਪਾਲ ਸਿੰਘ ਸੋਹੀ,ਕਵਿੰਦਰ ਚਾਂਦ, ਸਾਧੂ ਸਿੰਘ ਝੱਜ, ਕੁਲਬੀਰ ਡਾਨਸੀਵਾਲ, ਤਰਨਜੀਤ ਸਿੰਘ ਔਜਲਾ, ਓਂਕਾਰਪ੍ਰੀਤ, ਹਰਸ਼ਰਨ ਕੌਰ, ਤ੍ਰੈਲੋਚਨ ਲੋਚੀ , ਗੁਰਭਜਨ ਗਿੱਲ,ਚੰਦ ਸਿੰਘ ਸਦਿਓੜਾ,ਜਗਜੀਤ ਮੱਤਾ,ਸਰਬਜੀਤ ਸੋਹੀ, ਰਾਮਿੰਦਰ ਕੌਰ ਖਿਆਲਾ ਨਾਗਰਾ, ਪ੍ਰੋ: ਬਲਦੇਵ ਸਿੰਘ ਭੋਲਾ,ਬਲਵਿੰਦਰ ਸਿੰਘ ਚਾਹਲ, ਨਿਰਮਲ ਸਿੰਘ ਕੰਧਾਲਵੀ, ਪਰਮਿੰਦਰ ਸੋਢੀ, ਦਲਜਿੰਦਰ ਰਹਿਲ ਦੀਆਂ ਕਾਵਿ ਰਚਨਾਵਾਂ ਸ਼ਾਮਿਲ ਹਨ।