ਵਿਸਾਖੀ .

ਖੇਤਾਂ ਵਿੱਚ ਝੂਟਦੀਆਂ ਹਵਾ ਦੇ ਝੂਟੇ 

ਪੁੰਗਰੀਆਂ, ਪੱਕੀਆਂ ਸੋਨੇ ਦੀਆਂ ਡੰਡੀਆਂ 

ਸੁਣਿਆ ਕਿ ਕਣਕ ਵੀ ਕਹਿੰਦੇ ਕਈ ਉਸਨੂੰ 

ਪਾਲਦੇ ਨੇ ਪੁੱਤਾਂ ਵਾਂਗ, ਰੀਝਾਂ ਤੇ ਸੱਧਰਾਂ ਨਾਲ

ਮੇਰੇ ਭਾਈ, ਯਾਰ ਮੇਰੇ, ਹਲ ਵਾਉਣ ਤੋਂ ਪਾਣੀ ਲਾਉਣੇ ਤੀਕ 

ਇੱਕ-ਇੱਕ ਦਿਨ ਪਲੋਸਦੇ ਨੇ,

ਬਿਤਾਉਂਦੇ ਨੇ ਸਮਾਂ ਬਹੁਤਾ ਇਨ੍ਹਾਂ ਨਾਲ ਹੀ

ਆਖਰ ਉਡੀਕ ਆਲਾ ਦਿਨ ਆਉਂਦਾ,

ਚਾਵਾਂ ਨਾਲ ਭਰਿਆ, ਚੜ੍ਹਦਾ ਵੈਸਾਖ ਜਿਸ ਦਿਨ 

ਨਵੇਂ ਸਿਰਿਉਂ ਸ਼ੁਰੂ ਹੁੰਦੀ ਆ ਸਾਡੀ ਖੇਤਾਂ ਆਲਿਆਂ ਦੀ ਜ਼ਿੰਦਗੀ 

ਐਵੇਂ ਨਈ ਮਨਾਉਂਦੇ ਨਵਾਂ ਸਾਲ ਇਦਣ ਅਸੀਂ 

ਮਿਹਨਤਾਂ ਦੇ ਮੁੱਲ ਪੈਣ ਦਾ ਦਿਨ, 

ਜਹਾਨ ਸਾਰਾ ਖੱਟ ਲੈਣ ਦਾ ਦਿਨ,

ਵਾਢੀ ਤੋਂ ਬਾਅਦ ਜਦੋਂ ਮੰਡੀਆਂ 'ਚ ਖਿਲਾਰਦੇ ਆਂ ਸੋਨਾ 

ਲਿਸ਼ਕਦਾ, ਚਮਕਦਾ, ਸੌਗਾਤ ਲਗਦਾ 

ਨਿੱਕੇ-ਨਿੱਕੇ ਦਾਣੇ ਵੱਡੀਆਂ ਮਿਹਨਤਾਂ, ਦੁਆਵਾਂ ਦੀ ਦਾਸਤਾਨ ਬਿਆਨਦੇ ਨੇ

ਲੰਘਦੀ ਸਵੇਰ ਮੰਡੀਆਂ 'ਚ ਤੇ ਸ਼ਾਮਾਂ ਮੇਲਿਆਂ 'ਚ ਹੁੰਦੀਆਂ 

ਪਿੰਡ-ਪਿੰਡ, ਥਾਈਂ-ਥਾਈਂ ਜੁੜਦੇ ਨੇ ਨੱਚਣੇ ਨੂੰ, ਟੱਪਣੇ ਨੂੰ 

ਨਵੀਆਂ ਪੁਸ਼ਾਕਾਂ ਪਾ, ਲਗਦੇ ਨੇ ਜਿਓਂ ਢਾਣੀਆਂ ਬਣਾ ਫਿਰਦੇ ਨੇ ਲਾੜੇ 

ਮੁਸਕਾਉਂਦੇ ਨੇ, ਹੱਸਦੇ ਨੇ, ਫੁੱਟਦੀ ਐ ਖੁਸ਼ੀ ਆਪ ਮੁਹਾਰੇ ਈ 

ਕੰਨਾਂ ਤੇ ਹੱਥ ਰੱਖ ਲੱਗਦੀਆਂ ਨੇ ਹੇਕਾਂ, ਗੀਤਾਂ ਨਾਲ ਗੂੰਜਦਾ ਤੇਰਾ ਮੇਰਾ ਦਿਲ 

ਕਿਤੇ-ਕਿਤੇ ਹਾਲਾਂ ਵੀ ਘੋਲ ਹੁੰਦੇ, ਜੁੱਸੇ ਪਰਖੇ ਜਾਂਦੇ ਨੇ 

ਮਜ੍ਹਮੇ ਲਗਦੇ, ਢਿੱਡੀਂ ਪੀੜਾਂ ਹੁੰਦੀਆਂ, ਹਾਸਿਆਂ ਦੇ ਨਾਲ ਨਾਲ ਭੁੱਖ ਦੀ ਹੁੰਦੀ ਆ ਮਿਹਰਬਾਨੀ ਕਿਉਂਕਿ ਇਹ

ਰਸ ਚੋਂਦਾ ਅੱਖਾਂ 'ਚੋਂ ਵੇਖਣੇ ਨਾਲ ਹੀ, ਜਲੇਬੀਆਂ, ਲੱਡੂਆਂ, ਬਰਫੀਆਂ ਨੂੰ ਕੌਣ ਨਹੀਂ ਖਾਂਦਾ, 

ਬੱਚਿਆਂ ਦੀ ਜਿੱਦਾਂ ਪੂਰਦੇ ਮਾਪੇ, ਖੇਡਣੇ ਨੂੰ ਖਿਡੌਣੇ, ਖਾਣ ਨੂੰ ਮਿੱਠਾ 

ਸੱਚੀ ਵੇਚ ਕੇ ਕਣਕ ਸ਼ਾਹੂਕਾਰਾਂ ਦੇ ਲਾਹ ਕੇ ਕਰਜ਼ੇ, ਬਣ ਜਾਂਦਾ ਜੱਟ ਨਵਾਬ ,ਮੁੱਛਾਂ ਕਰ ਕੁੰਡੀਆਂ 

ਯਾਦ ਕਰਦਾ ਦਸ਼ਮੇਸ਼ ਦੀ ਬਰਕਤ ਅੱਜ ਦੇ ਦਿਨ, ਉਹ ਪੰਜਾਂ ਪਿਆਰਿਆਂ ਦੀ ਸਿਰਜਣਾ 

ਮੱਲੋਂ-ਮੱਲੀ ਝੁੱਕ ਜਾਂਦਾ ਮੱਥਾ ਫੇਰ ਗੁਰੂ ਦੇ ਦੁਆਰੇ 

ਮਗਰ ਚਾਅ ਦੀ ਬਰਸਾਤ 'ਚ ਕਿਤੇ ਨਾ ਕਿਤੇ ਅਸੀਂ ਕਰ ਦਿੰਦੇ ਆਂ ਅਣਗੌਲਿਆਂ ਜਲ੍ਹਿਆਂ ਆਲਾ ਬਾਗ,

ਉਹ ਖੂਨੀ ਸਾਕਾ, ਖੂਨੀ ਮੰਜ਼ਰ, ਜੇ ਕਰਦੇ ਵੀ ਆਂ ਯਾਦ ਤਾਂ ਬਸ ਏਸੇ ਹੀ ਦਿਨ, ਦੇਣ ਨੂੰ ਸ਼ਰਧਾਂਜਲੀ 

ਬਾਕੀ ਪੰਜਾਬ ਦੀ ਜ਼ਿੰਦਗੀ ਦਾ ਪਹੀਆ ਕੱਢਦਾ ਆ ਨਵਾਂ ਗੇੜ ਏਸ ਦਿਨ ਤੋਂ 

ਤੇ ਆਖਦੇ ਆਂ ਅਸੀਂ ਇਹਨੂੰ ਵਿਸਾਖੀ। 


                                                                                       -ਗੁੰਗੜੀ