ਮੇਰੀਆਂ ਮੁਸੀਬਤਾਂ ਦਾ ਹੱਲ ਕਰ ਦਾ .

ਕਿਵੇਂ ਮੇਰੀਆਂ ਮੁਸੀਬਤਾਂ ਦਾ ਹੱਲ ਕਰ ਦਾ 

ਕਿਵੇਂ ਚੂਲੀ ਵਿੱਚ ਕੁੱਲ ਸਾਗਰਾਂ ਨੂੰ ਭਰ ਦਾ । 


ਨੀ ਉਹ ਕਰੇ ਸਦਾ ਗੱਲ ਨੂੰ ਸਲੀਕੇ ਨਾਲ ਨੀ 

ਕਿਵੇਂ ਦੱਸਾਂ ਉਹਦੇ ਕੁੰਡਲਾਂ ਵਾਲੇ ਨੇ ਵਾਲ ਨੀ 

ਉਹਦੇ ਸਾਹਵੇਂ ਦੰਦਲ ਬਹਾਰਾਂ ਨੂੰ ਵੀ ਪੈਂਦੀ 

ਫੁੱਲ ਪੱਤੀਆਂ ਦਾ ਹੋਈ ਜਾਂਦਾ ਬੁਰਾ ਹਾਲ ਨੀ 

ਮੇਰਾ ਦਿਲ ਉਹਦੇ ਕਦਮਾਂ 'ਚ ਜਾਨ ਧਰ ਦਾ 

ਕਿੱਵੇਂ ਚੂਲੀ ਵਿੱਚ ਕੁੱਲ ਸਾਗਰਾਂ ਨੂੰ ਭਰ ਦਾ । 


ਉਹਦੇ ਹਾਸਿਆਂ 'ਚ ਰੌਣਕਾਂ ਨੂੰ ਰੂਪ ਚੜੵਦਾ 

ਉਹਦੇ ਸਾਹਵੇਂ ਆਬਸ਼ਾਰਾਂ ਦਾ ਵੀ ਪਾਣੀ ਖੜੵਦਾ 

ਚੁੱਪ ਚਾਪ ਬੈਠਾ ਮੈਨੂੰ ਰੱਬ ਜਿਹਾ ਲੱਗੇ 

ਜਦੋਂ ਬੈਠ ਕੇ ਉਹ ਸ਼ਿਵ ਦੀ ਕਿਤਾਬ ਪੜੵਦਾ 

ਉਂਝ ਮੇਰੀ ਉਹ ਨਾਰਾਜ਼ਗੀ ਤੋਂ ਰਹਿੰਦਾ ਡਰ ਦਾ 

ਕਿਵੇਂ ਚੂਲੀ ਵਿੱਚ ਕੁੱਲ ਸਾਗਰਾਂ ਨੂੰ ਭਰ ਦਾ । 


ਉਹਨੂੰ ਵੇਖ ਕੇ ਤਾਂ ਬੱਦਲਾਂ ਦੇ ਸਾਹ ਸੁੱਕਦੇ 

ਉਹਦੇ ਸਾਹਵੇਂ ਤਾਂ ਮੁਸੱਵਰਾਂ ਦੇ ਰੰਗ ਮੁੱਕਦੇ 

ਕੈਸੀ ਵੱਸਦੀ ਤਬਾਹੀ ਉਹਦੇ ਨੈਣਾਂ ਵਿੱਚ ਲੱਗੇ 

ਉਹਦੀ ਤੋਰ ਨਾਲ ਸਮਿਆਂ ਦੇ ਸੱਚ ਰੁਕਦੇ 

ਉਹਦੀ ਦੀਦ ਬਿਨਾਂ ਮੇਰਾ ਹੁਣ ਨਹੀਉਂ ਸਰ ਦਾ 

ਕਿਵੇਂ ਚੂਲੀ ਵਿੱਚ ਕੁੱਲ ਸਾਗਰਾਂ ਨੂੰ ਭਰ ਦਾ । 


ਉਹਦੇ ਰੰਗ ਵਿੱਚ ਸ਼ਾਮ ਦੇ ਭੁਲੇਖੇ ਪੈਂਦੇ ਨੇ 

ਚੰਦ, ਤਾਰੇ ਉਹਦੇ ਕਦਮਾਂ 'ਚ ਵਿਛੇ ਰਹਿੰਦੇ ਨੇ 

ਰਾਤ ਚੜ੍ਹੇ ਸਦਾ ਉਸਦੇ ਇਸ਼ਾਰੇ ਨਾਲ ਨੀ

ਦਿਨ ਉਹਦੇ ਕੋਲੋਂ ਰੌਸ਼ਨੀ ਉਧਾਰ ਲੈਂਦੇ ਨੇ 

ਨੀ ਉਹ ਮੇਰੀਆਂ ਮੁਸੀਬਤਾਂ ਦਾ ਹੱਲ ਕਰ ਦਾ 

ਕਿਵੇਂ ਚੂਲੀ ਵਿੱਚ ਕੁੱਲ ਸਾਗਰਾਂ ਨੂੰ ਭਰ ਦਾ । 

                                        - ਸਿੰਮੀ ਧੀਮਾਨ