ਇੱਕ ਚੂਲੀ ਭਰਕੇ ਦੇਹ ਮੈਨੂੰ.

ਆਪਣੀ ਰੂਹ ਦੀ ਗਹਿਰਾਈ 'ਚੋਂ, 

ਇੱਕ ਚੂਲੀ ਭਰਕੇ ਦੇਹ ਮੈਨੂੰ। 

ਮੇਰੀ ਇਹ ਅਧੂਰੀ ਕਵਿਤਾ, 

ਪੂਰੀ ਕਰਕੇ ਦੇਹ ਮੈਨੂੰ। 

ਆਪਣੇ ਅੰਤਰਮਨ ਕੋਲੋਂ, 

ਮਕਬੂਲੀ ਕਰਕੇ ਦੇਹ ਮੈਨੂੰ। 

ਆਪਣੀ ਰੂਹ ਦੀ ਗਹਿਰਾਈ 'ਚੋਂ, 

ਇੱਕ ਚੂਲੀ ਭਰਕੇ ਦੇਹ ਮੈਨੂੰ। 


ਮੇਰੇ ਅਹਿਸਾਸਾਂ ਦੀ ਪੂੰਜੀ ਤਾਂ, 

ਸਾਰੀ ਇਸ 'ਤੇ ਖਰਚੀ ਗਈ। 

ਜਿੰਨੀ ਸਮਝ ਸੀ ਸਾਰੀ ਮੇਰੀ, 

ਸਾਰੀ ਹੀ ਇਸਤੇ ਵਰਤੀ ਗਈ। 

ਸਭ ਤੋਂ ਆਲ੍ਹਾ ਕੰਮ ਹੈ ਇਹ, 

ਜ਼ਰੂਰੀ ਕਰਕੇ ਦੇਹ ਮੈਨੂੰ। 

ਆਪਣੀ ਰੂਹ ਦੀ ਗਹਿਰਾਈ 'ਚੋਂ, 

ਇੱਕ ਚੂਲੀ ਭਰਕੇ ਦੇਹ ਮੈਨੂੰ। 


ਪਹਿਲੀ ਦਫਾ ਏ ਮੰਗਿਆ ਕੁੱਝ ਮੈਂ, 

ਨਾ ਤੈਥੋਂ ਮਿਲੇ ਜਵਾਬ ਮੈਨੂੰ। 

ਸਭ ਨਾਲੋਂ ਇੱਕ ਅਨੋਖੀ ਬਸਤੀ, 

ਕਰ ਲੈਣ ਦੇ ਆਬਾਦ ਮੈਨੂੰ। 

ਦਇਆ ਨਾਲ ਹੀ ਦੇਹ, ਭਾਵੇਂ

ਮਗਰੂਰੀ ਕਰਕੇ ਦੇਹ ਮੈਨੂੰ। 

ਆਪਣੀ ਰੂਹ ਦੀ ਗਹਿਰਾਈ 'ਚੋਂ, 

ਇੱਕ ਚੂਲੀ ਭਰਕੇ ਦੇਹ ਮੈਨੂੰ। 


ਸਾਗਰ ਕੰਢੇ ਖੜ੍ਹਾ ਹੋਵੇ ਜਿਉਂ, 

ਕੋਈ ਰਾਹੀ ਪਿਆਸਾ ਏ। 

ਇਉਂ ਖਲੋਤਾਂ ਮੈਂ ਵੀ ਹਾਂ ਅੱਜ, 

ਹੱਥ ਮੇਰੇ ਵਿੱਚ ਕਾਸਾ ਏ। 

ਤੂੰ ਸਾਗਰ ਬਣਜਾ, ਤੇ ਮੇਰੀ

ਮਜਬੂਰੀ ਕਰਕੇ ਦੇਹ ਮੈਂਨੂੰ। 

ਆਪਣੀ ਰੂਹ ਦੀ ਗਹਿਰਾਈ 'ਚੋਂ, 

ਇੱਕ ਚੂਲੀ ਭਰਕੇ ਦੇਹ ਮੈਂਨੂੰ। 


            - ਗੁਰਵੀਰ ਸਿਆਣ