ਲੁਧਿਆਣਾ ਦੇ ਕੋਰੋਨਾ ਪੀੜਤ ਏਸੀਪੀ ਅਨਿਲ ਕੋਹਲੀ ਦਾ ਦੇਹਾਂਤ .

 


ਲਲਿਤ ਬੇਰੀ 

ਲੁਧਿਆਣਾ, 18 ਅਪ੍ਰੈਲ - ਕੋਰੋਨਾ ਵਾਇਰਸ ਕਾਰਨ ਜ਼ਿੰਦਗੀ-ਮੌਤ ਦੀ ਲੜਾਈ ਲੜ ਰਹੇ ਲੁਧਿਆਣਾ ਦੇ ਏਸੀਪੀ (ਉਤਰੀ) ਅਨਿਲ ਕੋਹਲੀ ਦਾ ਅੱਜ ਬਾਅਦ ਦੁਪਹਿਰ ਦੇਹਾਂਤ ਹੋ ਗਿਆ.   ਉਹ ਸਥਾਨਕ ਹਸਪਤਾਲ ਵਿਖੇ ਜ਼ੇਰੇ ਇਲਾਜ ਸਨ ਅਤੇ ਸਿਹਤ ਵਿਗੜ ਜਾਣ ਬਾਅਦ ਪਿੱਛਲੇ ਕਈ ਦਿਨਾਂ ਤੋਂ ਵੈਂਟੀਲੇਟਰ 'ਤੇ ਸਨ.

ਇਸਦੀ ਪੁਸ਼ਟੀ ਪੁਲਿਸ ਕਮਿਸ਼ਨਰ ਸ੍ਰੀ ਰਾਕੇਸ਼ ਅਗਰਵਾਲ ਨੇ ਕੀਤੀ ਹੈ .

ਸ੍ਰੀ ਕੋਹਲੀ ਕੋਰੋਨਾ ਮਹਾਮਾਰੀ ਫੈਲਣ ਮਗਰੋਂ  ਲੁਧਿਆਣਾ ਵਾਸੀਆਂ ਦੀ ਸੇਵਾ ਕਰਦਿਆਂ  ਸਥਾਨਕ ਸਬਜ਼ੀ ਮੰਡੀ ਵਿਚ ਹਾਲਾਤ ਨੂੰ ਕਾਬੂ ਕਰਨ ਲਈ ਡਿਊਟੀ ਨਿਭਾਉਂਦਿਆਂ ਖ਼ੁਦ ਕੋਰੋਨਾ ਦਾ ਸ਼ਿਕਾਰ ਹੋ ਗਏ ਅਤੇ "ਸ਼ਹੀਦ" ਹੋ ਗਏ ਉਨ੍ਹਾਂ ਦਾ ਇਲਾਜ ਕਰ ਰਹੇ ਡਾ. ਰਾਜੀਵ ਕੁੰਦਰਾ ਨੇ ਦੱਸਿਆ ਕਿ ਸਰਕਾਰ ਨੇ ਉਨ੍ਹਾਂ ਦੀ ਪਲਾਜ਼ਮਾ ਥੈਰੇਪੀ ਦੀ ਇਜਾਜ਼ਤ ਦੇ ਦਿੱਤੀ ਸੀ ਅਤੇ ਇਸਦੇ ਲਈ ਡੋਨਰ ਵੀ ਅੱਗੇ ਆ ਗਿਆ ਸੀ , ਪਰ ਇਸ ਤੋਂ ਪਹਿਲਾਂ ਹੀ ਸ੍ਰੀ ਕੋਹਲੀ ਦਮ ਤੋੜ ਗਏ . ਇਸੇ ਦੌਰਾਨ ਏਸੀਪੀ ਦੇ ਸੰਪਰਕ ਵਿਚ ਆਏ 26 ਵਿਅਕਤੀਆਂ ਦੇ ਸੈਂਪਲ ਟੈਸਟ ਲਈ ਭੇਜੇ ਗਏ ਸਨ,  ਜਿਨ੍ਹਾਂ ਵਿਚੋਂ 22 ਪੁਲਿਸ ਮਹਿਕਮੇ ਨਾਲ ਸਬੰਧਿਤ ਦੱਸੇ ਗਏ ਹਨ, ਇਨ੍ਹਾਂ ਵਿਚੋਂ ਤਿੰਨ ਦਾ ਨਤੀਜਾ ਪਾਜ਼ਿਟਿਵ ਆਇਆ ਹੈ.

ਇਸ ਦੇ ਨਾਲ ਹੀ ਹੁਣ ਤੱਕ ਲੁਧਿਆਣਾ ਵਿਚ ਕੋਰੋਨਾ ਮਹਾਮਾਰੀ ਨਾਲ ਚਾਰ ਮੌਤਾਂ ਹੋ ਚੁੱਕੀਆਂ ਹਨ ਕਲ੍ਹ ਕੋਰੋਨਾ ਪਾਜ਼ਿਟਿਵ ਕਾਨੂੰਨਗੋ ਗੁਰਮੇਲ ਸਿੰਘ ਦੀ ਮੌਤ ਹੋ ਗਈ ਸੀ. ਇਸ ਤੋਂ ਪਹਿਲਾਂ ਅਮਰਪੁਰਾ ਅਤੇ ਸ਼ਿਮਲਾਪੁਰੀ ਦੀਆਂ ਦੋ ਮਹਿਲਾਵਾਂ ਦੀ  ਕੋਰੋਨਾ ਕਾਰਨ ਮੌਤ ਹੋ ਗਈ ਸੀ.