ਮੇਰਾ ਗੀਤ .
ਰੋਜ਼ ਚੋਰਾਹੇ ਦੇ ਵਿਚ ਖੜ੍ਹ ਕੇ
ਰੋ ਪੈਂਦਾ ਹੈ ਮੇਰਾ ਗੀਤ
ਨਾ ਕੋਈ ਉਸ ਨੂੰ ਢਾਰਸ ਦਿੰਦਾ
ਨਾ ਕੋਈ ਉਸ ਦੇ ਮਨ ਦਾ ਮੀਤ
ਨਾ ਕੋਈ ਚੁੱਪ ਕਰਾਵੇ ਉਸ ਨੂੰ
ਵੇਖ ਵੇਖ ਰਹਿ ਜਾਂਦਾ
ਆਖਿਰ ਮਲ੍ਹਮ ਚੁੱਪ ਦੀ ਲਾ ਕੇ
ਦਿਨ ਢਲੇ ਘਰ ਆਂਦਾ
ਵੇਖ ਵੇਖ ਕੇ ਲੋਕੀ ਹੱਸਦੇ
ਨਾਲ ਨਾ ਕੋਈ ਰੋਵੇ
ਜ਼ਖਮੀ ਹੋਇਆ ਗੀਤ ਵਿਚਾਰਾ
ਜ਼ਖ਼ਮ ਨਾ ਕੋਈ ਧੋਵੇ
ਮਹਿਬੂਬ ਉਹਦੀ ਨੇ ਵਿਚ ਚੋਰਾਹੇ
ਦਿੱਤੇ ਉਹਨੂੰ ਹਉਕੇ ਹਾਵੇ
ਚਿਰ ਤੋਂ ਸਾਂਭ ਰੱਖੀ ਨਿਸ਼ਾਨੀ
ਉਹੀ ਨਾਲ ਕਲੇਜੇ ਲਾਵੇ
ਰੋ ਰੋ ਕੇ ਉਹ ਇਹੀ ਆਖੇ
ਕੋਈ ਨਾ ਕਰਿਉ ਪ੍ਰੀਤ
ਰੋਜ਼ ਚੋਰਾਹੇ ਦੇ ਵਿਚ ਖੜ੍ਹ ਕੇ
ਰੋ ਪੈਂਦਾ ਹੈ ਮੇਰਾ ਗੀਤ
-ਕੇ. ਮਨਜੀਤ