ਮੈਨੂੰ ਨਾ ਪੁੱਛਣਾ.

ਮੈਨੂੰ ਨਾ ਪੁੱਛਣਾ / ਅਸ਼ਵਨੀ ਜੇਤਲੀ


ਦੋਸਤੋ !

ਮੈਨੂੰ ਮੁਹੱਬਤ ਸ਼ਬਦ ਦੀ 

ਪਰਿਭਾਸ਼ਾ ਕਰਨ ਲਈ ਕਦੀ ਨਾ ਕਹਿਣਾ

ਨਾ ਕਹਿਣਾ ਮੈਨੂੰ 

ਜਜ਼ਬਾਤਾਂ ਜਾਂ ਭਾਵਨਾਵਾਂ ਦੀ 

ਵਿਆਖਿਆ ਕਰਨ ਲਈ


ਮੈਨੂੰ ਦੋਸਤੀ ਦੇ ਅਰਥ ਵੀ ਨਾ ਪੁੱਛਣਾ

ਤੇ ਨਾ ਪੁੱਛਣਾ ਵਫ਼ਾ ਕਿਸ ਬਲਾ ਦਾ ਹੈ ਨਾਂਅ?

ਤੇ ਇਸ਼ਕ ਕੀ ਹੁੰਦਾ ਹੈ? 


ਮੈਨੂੰ ਨਾ ਪੁੱਛਣਾ ਕਿ 

ਚਾਹਤ ਕੀ ਹੁੰਦੀ ਹੈ?

ਇਬਾਦਤ ਕੀ ਹੁੰਦੀ ਹੈ?


ਨਾ ਪੁੱਛਣਾ ਮੈਨੂੰ ਦੋਸਤੋ

ਦੁਆ ਕੀ ਹੁੰਦੀ ਹੈ? 

ਮੰਨਤ ਕੀ ਹੈ?

ਤੇ ਮੁਰਾਦ ਤੋਂ ਭਲਾ ਕੀ ਮੁਰਾਦ ਹੁੰਦੀ ਹੈ?


ਸੁਆਰਥ 'ਚ ਲਬਰੇਜ਼

ਸੰਗੀ-ਸਾਥੀਆਂ ਨੇ ਮੇਰੇ 'ਤੋਂ 

ਇਹਨਾਂ ਸਾਰੇ ਅਹਿਸਾਸਾਂ ਦੇ ਅਰਥ

ਖੋਹ ਲਏ ਨੇ


ਤੇ ਹੁਣ

ਮੈਨੂੰ ਇਨ੍ਹਾਂ ਸਾਰੇ ਸ਼ਬਦਾਂ ਦੇ ਅਰਥ 

ਵਿਅਰਥ ਜਾਪਣ ਲੱਗੇ ਹਨ

ਤੇ ਇਨ੍ਹਾਂ ਸ਼ਬਦਾਂ ਦੇ ਜ਼ਿਕਰ 'ਤੇ ਹੀ

ਮੇਰਾ ਦਿਲ ਕੰਬਣ ਲੱਗਦਾ ਹੈ

ਤੇ ਜਿਸਮ ਦਾ ਅੰਗ-ਅੰਗ

ਖੌਫ਼ਜ਼ਦਾ ਹੋ

ਥੱਰਥਰਾ ਉਠਦਾ ਹੈ


ਇਨ੍ਹਾਂ ਸ਼ਬਦਾਂ ਦਾ ਅਹਿਸਾਸ 

ਹੁਣ ਮੈਨੂੰ

ਮਿੱਠੇ ਜ਼ਹਿਰ ਤੋਂ ਸਿਵਾ

ਕੁਝ ਵੀ ਨਹੀਂ ਲੱਗਦਾ


ਆਸਾਂ, ਉਮੀਦਾਂ ਤੇ ਉਮੰਗਾਂ ਦੇ ਟੁਕੜੇ 

ਸਾਂਭ ਕੇ ਦੋਸਤੋ

ਜਾਣਦੇ ਹੋ ਮੈਂ ਕੀ ਲੋਚ ਰਿਹਾਂ ?

ਮੈਂ ਇਨ੍ਹਾਂ ਤਮਾਮ ਸ਼ਬਦਾਂ ਨੂੰ

ਆਪਣੇ ਮਨ ਦੇ ਸ਼ਬਦਕੋਸ਼ ਵਿੱਚੋਂ 

ਖਾਰਜ ਕਰਨ ਬਾਰੇ ਸੋਚ ਰਿਹਾਂ...


 ਮੈਨੂੰ ਨਾ ਪੁੱਛਣਾ ਕਿ......????????