ਸੱਥਾਂ ਚੌਂਕ ਚੁਰਸਤੇ ਚੁੱਪ ਨੇ / ਗੁਰਭਜਨ ਗਿੱਲ .
ਸੱਥਾਂ ਚੌਂਕ ਚੁਰਸਤੇ ਚੁੱਪ ਨੇ।
ਬਿਰਖ਼ ਉਦਾਸ ਹਵਾ ਨਾ ਰੁਮਕੇ
ਟਾਹਣੀਏਂ ਬੈਠੇ ਪੰਛੀ ਝੁਰਦੇ,
ਆਪਸ ਦੇ ਵਿੱਚ ਗੱਲਾਂ ਕਰਦੇ
ਏਸ ਗਿਰਾਂ ਨੂੰ ਕੀ ਹੋਇਆ ਹੈ?
ਪਤਾ ਨਹੀਂ ਕਦ ‘ਨ੍ਹੇਰੀ ਥੰਮੇ।
ਹੋਈ ਜਾਂਦੇ ਰੋਜ਼ ਦਿਹਾੜੀ
ਫ਼ਿਕਰਾਂ ਦੇ ਪਰਛਾਵੇਂ ਲੰਮੇ।
ਏਸ ਗਿਰਾਂ ਵਿੱਚ ਆਪਾਂ ਅੱਜ ਤੱਕ
ਏਨੀ ਸੰਘਣੀ ਚੁੱਪ ਨਾ ਵੇਖੀ।
ਸੂਰਜ ਵੀ ਜੀਅ ਲੱਭਦਾ ਫਿਰਦਾ,
ਸੋਚ ਰਿਹਾ ਏ,
ਕਈ ਦਿਨ ਹੋਏ ਮੇਰੇ ਪੁੱਤਰ ਧੀਆਂ
ਮੇਰੀ ਧੁੱਪ ਨਾ ਵੇਖੀ।
ਹਰ ਜੀਅ ਘਰ ਦੇ ਅੰਦਰ ਬੰਦ ਹੈ।
ਬਾਹਰ ਝਾਕਦਾ ਚੋਰੀ ਚੋਰੀ
ਸ਼ਾਇਦ ਬੜਾ ਘਬਰਾਇਆ ਹੋਇਆ,
ਪੈੜ ਗੁਆਚੀ ਲੱਭ ਰਿਹਾ ਹੈ।
ਵਾਢੀਆਂ ਦੀ ਰੁੱਤ
ਏਨੀ ਕਦੇ ਉਦਾਸ ਨਾ ਵੇਖੀ।
ਫ਼ਸਲਾਂ ਖੇਤੀਂ ਕੱਲ ਮੁ ਕੱਲ੍ਹੀਆਂ।
ਕਣਕਾਂ ਦੇ ਮੂੰਹ ਪੀਲੇ ਹੋਏ।
ਉਮਰੋਂ ਲੰਘੀ ਧੀ ਦੇ ਵਾਂਗੂੰ
ਚਿੰਤਾ ਚਿਹਰੇ ਚੱਟ ਗਈ ਹੈ।
ਫ਼ਸਲਾਂ ਪੱਕੀਆਂ ਫਿਰਨ ਮਸ਼ੀਨਾਂ
ਹੌਲੀ ਹੌਲੀ ਥੱਕੀਆਂ ਥੱਕੀਆਂ।
ਦਾਣਾ ਫੱਕਾ
ਕੁਝ ਮੰਡੀ,ਕੁਝ ਪਿਆ ਭੜੋਲੇ।
ਘਰ ਦੀਆਂ ਗਰਜ਼ਾਂ ਜੋਗੇ ਛੋਲੇ
ਲੁਕ ਛਿਪ ਜਾਪੇ ਨੁੱਕਰੀਂ ਲੱਗੇ,
ਚਾਵਾਂ ਨੂੰ ਕਿਸ ਚੂਸ ਲਿਆ ਹੈ?
ਬੋਹਲ਼ਾਂ ਰੁੱਤੇ, ਏਸ ਤਰ੍ਹਾਂ ਦੀ ਮੁਰਦੇਹਾਣੀ।
ਸਹਿਮ ਫਿਰੇ ਖੁਸ਼ੀਆਂ ਨੂੰ ਚੱਟਦਾ,
ਕਹਿਰ ਕਰੋਨਾ ਧੂੜਾਂ ਪੱਟਦਾ।
ਕਰਜ਼ ਦੈਂਤ ਦਾ ਮੂੰਹ ਖੁੱਲ੍ਹਾ ਹੈ,
ਅੱਗੇ ਅੱਗ ਤੇ ਪਿੱਛੇ ਪਾਣੀ,
ਕਿੱਧਰ ਭੱਜੇ ਪੁੱਤਰ ਜੱਟ ਦਾ।
ਚੁੱਪ ਗੜੁੱਪ ਨੇ ਕਿਰਤੀ ਕਾਮੇ,
ਸ਼ਹਿਰ ਦਿਹਾੜੀ ਕਰਦੇ ਕਰਦੇ
ਪਿੰਡ ਵਾਲਾ ਕੰਮ ਭੁੱਲ ਗਿਆ ਹੈ।
ਹਿੰਮਤੀ ਪਿੰਡ ਦਾ ਤਾਣਾ ਬਾਣਾ ਤੰਦਾ ਤੀਰੀ,
ਵਕਤ ਕੁਲਹਿਣਾ ਕੈਸਾ ਢੁਕਿਆ,
ਰੇਤਲਿਆਂ ਟਿੱਬਿਆਂ ਵਿੱਚ ਸਾਡਾ
ਘਿਉ ਦਾ ਪੀਪਾ ਡੁੱਲ੍ਹ ਗਿਆ ਹੈ।
ਪਰ ਹੇ! ਕਹਿਰ ਕਰੋਨਾ ਤੇਰਾ
ਇੱਕ ਗੱਲੋਂ ਤਾਂ ਲੱਖ ਸ਼ੁਕਰਾਨਾ।
ਧਰਤੀ ਉੱਤੇ ਹਰ ਪਹੀਏ ਨੂੰ
ਸਬਕ ਪੜ੍ਹਾਇਆ ਤੇ ਸਮਝਾਇਆ
ਤੇਜ਼ ਤੁਰਦਿਆਂ
ਜੋ ਕੁਝ ਖੱਟਿਆ ਅਤੇ ਗੁਆਇਆ।
ਸਭ ਕੁਝ ਸਾਡੇ ਅੱਗੇ ਆਇਆ।
ਇੱਕ ਝਟਕੇ ਦੇ ਨਾਲ
ਗਲੋਬ ਨੂੰ ਪੜ੍ਹਨੇ ਪਾਇਆ।
ਪਰ ਸਾਡਾ ਵੀ ਪੱਕਾ ਨਿਸ਼ਚਾ
ਸੱਥਾਂ, ਚੌਂਕ,ਚੁਰਸਤਿਆਂ ਦੀ ਚੁੱਪ
ਤੋੜ ਦਿਆਂਗੇ।
ਜ਼ਿੰਦਗੀ ਤੇਰਾ ਸਹਿਜ ਸਲੀਕਾ
ਸੁਹਜ ਸਮਰਪਣ ਸਾਹੀਂ ਭਰ ਕੇ,
ਤੁਧ ਸੰਗ ਟੁੱਟਿਆ ਰਿਸ਼ਤਾ
ਮੁੜ ਕੇ ਨਵੇਂ ਰੰਗ ਵਿੱਚ ਜੋੜ ਦਿਆਂਗੇ।
ਵਾਢੀਆਂ ਮਗਰੋਂ ਨਵੇਂ ਸਿਆੜੀਂ
ਨਵੀਂ ਫ਼ਸਲ ਤੇ ਸੁਪਨ ਬੀਜ ਕੇ,
ਆਸ ਉਮੀਦ ਨਾ ਸੁੱਕਣ ਦੇਣੀ।
ਜਦ ਤੀਕਰ ਵੀ ਤਨ ਵਿੱਚ ਦਮ ਹੈ,
ਹਰ ਮਾਣਸ, ਹਰ ਜੰਤ ਪਰਿੰਦੇ,
ਜਲ ਚਰ ਦੀ ਵੀ
ਆਸ ਉਮੀਦ ਨਾ ਮੁੱਕਣ ਦੇਣੀ।